India Punjab

ਨਹੀਂ ਰਹੇ ਮਹਾਂਭਾਰਤ ਦੇ ਇੰਦਰਦੇਵ ਅਦਾਕਾਰ ਸਤੀਸ਼ ਕੌਲ

‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬੀ ਫਿਲਮ ਇੰਡਸਟਰੀ ‘ਚ ਅਮਿਤਾਭ ਬੱਚਨ ਅਖਵਾਉਣ ਵਾਲੇ ਸਤੀਸ਼ ਕੌਲ ਅੱਜ ਅਕਾਲ ਚਲਾਣਾ ਕਰ ਗਏ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਸੀ। ਸਤੀਸ਼ ਕੌਲ ਨੇ ਕਈ ਮਸ਼ਹੂਰ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਉਨ੍ਹਾਂ ਨੇ ਅਮਿਤਾਭ ਬੱਚਨ ਅਤੇ ਦਿਲੀਪ ਕੁਮਾਰ ਨਾਲ ਵੀ ਕੰਮ ਕੀਤਾ ਹੈ।


ਮਹਾਂਭਾਰਤ ਵਿੱਚ ਆਪਣੇ ਦਮਦਾਰ ਕਿਰਦਾਰ ਕਾਰਨ ਸਤੀਸ਼ ਕੌਲ ਚਰਚਾ ਵਿੱਚ ਆਏ ਸਨ। ਉਨ੍ਹਾਂ ਦੀ ਉਮਰ 74 ਵਰ੍ਹਿਆਂ ਦੀ ਸੀ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ।

ਇਸ ਨਾਇਕ ਦੇ ਨਾਂ 300 ਹਿੰਦੀ ਫਿਲਮਾਂ
300 ਹਿੰਦੀ ਤੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਸਤੀਸ਼ ਕੌਲ ਨੇ ਆਖਰੀ ਸਮਾਂ ਗੁਰਬਤ ਵਿੱਚ ਗੁਜਾਰਿਆ ਹੈ। ਉਹ ਲੁਧਿਆਣਾ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸਨ। ਡਿੱਗਣ ਕਾਰਨ ਉਨ੍ਹਾਂ ਦੀ ਚੂਲੇ ਦੀ ਹੱਡੀ ਵੀ ਟੁੱਟ ਗਈ ਸੀ।

ਮਹਾਂਭਾਰਤ ਨੇ ਪਛਾਣ ਦਿੱਤੀ


ਮਸ਼ਹੂਰ ਟੀਵੀ ਪ੍ਰੋਗਰਾਮ ਮਹਾਭਾਰਤ ਵਿੱਚ ਉਨ੍ਹਾਂ ਇੰਦਰਦੇਵ ਦਾ ਰੋਲ ਕੀਤਾ ਸੀ।ਕੌਲ ਦੀ ਭੈਣ ਸੱਤਿਆ ਦੇਵੀ ਨੇ ਦੱਸਿਆ ਕਿ ਉਹ ਪਿਛਲੇ ਪੰਜ-ਛੇ ਦਿਨਾਂ ਤੋਂ ਬੁਖਾਰ ਸੀ ਅਤੇ ਉਹ ਠੀਕ ਨਹੀਂ ਸੀ। ਇਸ ਲਈ, ਵੀਰਵਾਰ ਨੂੰ ਅਸੀਂ ਉਨ੍ਹਾਂ ਨੂੰ ਸ਼੍ਰੀ ਰਾਮ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਫਿਰ ਸਾਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਹੈ। ਉਨ੍ਹਾਂ ਕਿਹਾ ਕਿ ਸਤੀਸ਼ ਕੌਲ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਹੋਵੇਗਾ।