Punjab

ਹਜ਼ੂਰ ਸਾਹਿਬ ਦੀ ਸੰਗਤ ਦੇ ਮਸਲੇ ‘ਤੇ ਸਿਆਸੀ ਲਾਹਾ ਖੱਟਣ ਲੱਗੇ ਸਿਆਸਤਦਾਨ

‘ਦ ਖ਼ਾਲਸ ਬਿਊਰੋ :- ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਪਾਜ਼ੀਟਿਵ ਕੇਸਾਂ ਨੇ ਦੋ ਸੂਬਾ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ, ਜਿਸ ਮਗਰੋਂ ਮਾਮਲਾ ਸਿਆਸੀ ਰੰਗ ਲੈਣ ਲੱਗਾ ਹੈ। ਮਹਾਰਾਸ਼ਟਰ ਸਰਕਾਰ ਨੇ ਸ਼ਰਧਾਲੂਆਂ ਦਾ ਰੁਟੀਨ ਚੈੱਕਅਪ ਕਰਕੇ ਕਲੀਨ ਚਿੱਟ ਦੇ ਦਿੱਤੀ। ਇੱਧਰ, ਪੰਜਾਬ ਸਰਕਾਰ ਨੇ ਬਿਨਾਂ ਜਾਂਚੇ ਹੀ ਸਭ ਸ਼ਰਧਾਲੂ ਇਕੱਠੇ ਕੀਤੇ ਜਿਨ੍ਹਾਂ ਨੂੰ ਬੱਸਾਂ ਰਾਹੀਂ ਪੰਜਾਬ ਲਿਆਂਦਾ। ਪੰਜਾਬ ਸਰਕਾਰ ਨੇ ਨਾਂਦੇੜ ਪ੍ਰਸ਼ਾਸਨ ’ਤੇ ਭਰੋਸਾ ਕਰ ਲਿਆ ਅਤੇ ਜਾਂਚ ਦੇ ਅਗਾਊਂ ਪ੍ਰਬੰਧਾਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ।

ਜਾਣਕਾਰੀ ਮੁਤਾਬਕ ਨਾਂਦੇੜ ਸਾਹਿਬ ਤੋਂ ਕਰੀਬ ਚਾਰ ਹਜ਼ਾਰ ਸ਼ਰਧਾਲੂ ਲਿਆਂਦੇ ਗਏ ਹਨ, ਜਿਨ੍ਹਾਂ ’ਚੋਂ 392 ਜਣਿਆਂ ਦੀ ਜਾਂਚ ’ਚ 165 ਕੇਸ ਪਾਜ਼ੀਟਿਵ ਪਾਏ ਗਏ ਹਨ। ਦੂਸਰੀ ਤਰਫ਼ ਨਾਂਦੇੜ ਦੇ ਗੁਰਦੁਆਰਾ ਲੰਗਰ ਸਾਹਿਬ ’ਚੋਂ ਲਏ ਕੁੱਲ 97 ਨਮੂਨਿਆਂ ’ਚੋਂ ਅੱਜ 20 ਕੇਸ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹਾ ਨਾਂਦੇੜ ਦੇ ਐੱਸਪੀ ਵਿਜੇ ਕੁਮਾਰ ਨੇ ਦੱਸਿਆ ਕਿ 41 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਹੀ ਪਾਜ਼ੀਟਿਵ ਰਿਪੋਰਟ ਆਈ ਹੈ। ਗੁਰੂ ਘਰ ਦੇ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ ਨੇ ਅੱਜ ਆਪਣਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਗੁਰਦੁਆਰਾ ਲੰਗਰ ਸਾਹਿਬ ਤਰਫ਼ੋਂ ਜੋ ਗਰੀਬ ਬਸਤੀਆਂ ਵਿੱਚ ਲੰਗਰ ਵੰਡਿਆਂ ਜਾਂਦਾ ਸੀ, ਉਸ ’ਤੇ ਰੋਕ ਲਗਾ ਦਿੱਤੀ ਗਈ ਹੈ। ਸੱਚਖੰਡ ਸਾਹਿਬ ਦੇ ਛੇ ਦਰਵਾਜ਼ੇ ਵੀ ਬਲਾਕ ਕੀਤੇ ਗਏ ਹਨ। ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ’ਤੇ ਭਰੋਸਾ ਹੈ, ਜਿਸ ਕਰਕੇ ਅੱਜ ਜਾਂਚ ਨਹੀਂ ਕਰਾਈ। ਇਸੇ ਦੌਰਾਨ ਨਾਂਦੇੜ ਦੇ ਸਿਵਲ ਸਰਜਨ ਡਾ. ਭੋਸੀਕਰ ਨੇ ਕੱਲ੍ਹ ਕਬੂਲ ਕੀਤਾ ਕਿ ਪੰਜਾਬ ਦੇ ਸ਼ਰਧਾਲੂਆਂ ਦੀ ਸਰਾਵਾਂ ਅੰਦਰ ਤਿੰਨ ਦਫ਼ਾ ਰੁਟੀਨ ਚੈੱਕਅੱਪ ਕੀਤਾ ਗਿਆ ਅਤੇ ਸਵੈਬ ਟੈਸਟ ਨਹੀਂ ਕੀਤੇ ਗਏ। ਇਹ ਵੀ ਕਿਹਾ ਕਿ ਸਵੈਬ ਟੈਸਟ ਸਿਰਫ਼ ਟਰੈਵਲ ਹਿਸਟਰੀ ਵਾਲੇ ਕੇਸਾਂ ਵਿੱਚ ਕੀਤਾ ਜਾਂਦਾ ਹੈ। ਸੂਤਰ ਆਖਦੇ ਹਨ ਕਿ ਨਾਂਦੇੜ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਦੂਸਰੀ ਤਰਫ਼ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੇ ਵੀ ਆਪਣੇ 1800 ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਵਾਸਤੇ ਆਖ ਦਿੱਤਾ ਹੈ। ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਜ਼ਿਲ੍ਹਾ ਕੁਲੈੱਕਟਰ ਨੂੰ ਪੱਤਰ ਲਿਖ ਕੇ ਰੈਂਡਮਲੀ ਜਾਂਚ ਦੀ ਮੰਗ ਕੀਤੀ ਗਈ ਹੈ।