‘ਦ ਖ਼ਾਲਸ ਬਿਊਰੋ :- ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਵਲੋਂ ਹਾਲ ਹੀ ਵਿੱਚ ਗਾਏ ਗਏ ‘ਜ਼ਫਰਨਾਮਾ’ ‘ਚ ਸ਼ਬਦਾਂ ਦੇ ਅਸ਼ੁਧ ਉਚਾਰਨ ਦਾ ਮਾਮਲਾ ਪਹੁੰਚ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਫੈਡਰੇਸ਼ਨ ਦੇ ਸਾਬਕਾ ਆਗੂ ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਇਕ ਮੰਗ ਪੱਤਰ ਦਿੰਦਿਆਂ ਸਤਿੰਦਰ ਸਰਤਾਜ ਨੂੰ ਮੌਜੂਦਾ ‘ਜ਼ਫ਼ਰਨਾਮਾ’ ਵਾਪਸ ਲੈਣ ਤੋਂ ਇਲਾਵਾ ਇਸ ਦਾ ਸ਼ੁੱਧ ਉਚਾਰਨ ਅਤੇ ਹੋਰ ਲੋੜੀਂਦੀਆਂ ਸੋਧਾਂ ਕਰਦਿਆਂ ਗੁਰਮਤਿ ਅਨੁਸਾਰੀ ਮੁੜ ਰਿਕਾਰਡਿੰਗ ਕਰਵਾਉਣ ਦੀ ਹਦਾਇਤ ਕਰਨ ਦੀ ਅਪੀਲ ਕੀਤੀ ਹੈ।

ਆਗੂਆਂ ਨੇ ਕਿਹਾ ਕਿ ਅੱਜ ਦੀ ਲੱਚਰ ਗਾਇਕੀ ਦੇ ਦੌਰ ‘ਚ ਵੀ ਨਵੀਂ ਪੀੜੀ ਦੇ ਕੁੱਝ ਗਾਇਕਾਂ ਦਾ ਗੁਰਬਾਣੀ ਗਾਇਨ, ਗੁਰ ਇਤਿਹਾਸ, ਵਿਸ਼ਵਾਸ ਤੇ ਸਿੱਖ ਸਾਹਿੱਤ ਪ੍ਰਤੀ ਕ੍ਰਿਆਸ਼ੀਲ ਹੋਣਾ ‘ਤੇ ਇਸ ਲਈ ਤਵੱਜੋ ਹਾਸਲ ਕਰਨ ਪ੍ਰਤੀ ਪੇਸ਼ਕਾਰੀ ਸਵਾਗਤ ਅਤੇ ਸਲਾਹੁਣ ਯੋਗ ਹੈ। ਜਿਸ ਦੀ ਹੌਂਸਲਾ ਅਫਜਾਈ ਕਰਨੀ ਬਣਦੀ ਹੈ। ਇਹ ਵੀ ਕਿ ਸਿੱਖੀ ਵਿੱਚ ਗੁਰਬਾਣੀ ਦਾ ਗਲਤ ਉਚਾਰਨ ਇੱਕ ਅਪਰਾਧ ਮੰਨਿਆ ਜਾਂਦਾ ਹੈ।

ਇਸ ਦੌਰਾਨ ਉਨਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਿਤ ‘ਜ਼ਫ਼ਰਨਾਮਾ’ ( ਜੋ ਕਿ ‘ਜ਼ਫ਼ਰਨਾਮਾ’ ਬਾਈ ਸਤਿੰਦਰ ਸਰਤਾਜ ਆਪਣੇ ਆਪ ‘ਚ ਹੀ ਵਡੀ ਗਲਤੀ ਹੈ) ਦਾ ਗਾਇਨ ਅਨੇਕਾਂ ਅਸ਼ੁੱਧ ਉਚਾਰਨ ਅਤੇ ਕਈ ਹੋਰ ਤਰੁੱਟੀਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਤਿੰਦਰ ਸਰਤਾਜ ਇੱਕ ਮਸ਼ਹੂਰ ਸੂਫ਼ੀ ਗਾਇਕ ਹੈ, ਜਿਸ ਦੇ ਗੀਤਾ ਦੇ ਬੋਲਾਂ ਪ੍ਰਤੀ ਵਿਸ਼ਵਾਸ ਯੋਗਤਾ ਬਣੀ ਹੋਈ ਹੈ। ਗੁਰੂ ਸਾਹਿਬ ਵੱਲੋਂ ਰਚਿਤ ‘ਜ਼ਫ਼ਰਨਾਮਾ’ ਫ਼ਾਰਸੀ ਜ਼ੁਬਾਨ ਵਿਚ ਹੈ। ਜੋ ਕਿ ਮੱਧ—ਪੂਰਬੀ ਮੁਲਕਾਂ ਦੀ ਜ਼ੁਬਾਨ ਹੈ ਅਤੇ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਬੋਲੀ ਤੇ ਸਮਝੀ ਜਾਂਦੀ ਹੈ। ਅਜਿਹੇ ‘ਚ ਸਰਤਾਜ ਵਲੋਂ ਗਾਏ ਗਏ ‘ਜ਼ਫ਼ਰਨਾਮਾ’ ‘ਚ ਪਾਈਆਂ ਗਈਆਂ ਊਣਤਾਈਆਂ ( ਫ਼ਾਰਸੀ ਦੇ ਅਕੈਡਮਿਕ ਅਤੇ ਭਾਸ਼ਾ ਮਾਹਿਰ ਅਨੁਸਾਰ) ਗੁਰੂ ਸਾਹਿਬ ਦੇ ਦਾਰਸ਼ਨਿਕ ਪੱਖ ਤੇ ਕੀਰਤੀਮਾਨ ਪ੍ਰਤੀ ਫ਼ਾਰਸੀ ਜ਼ੁਬਾਨ ਨੂੰ ਸਮਝਣ ਵਾਲਿਆਂ ਵਿਚ ਸ਼ੰਕੇ ਪੈਦਾ ਕਰਨ ਦਾ ਕਾਰਨ ਬਣੇਗਾ। ਇਸ ਲਈ ਗਾਇਕਾਂ ਤੇ ਕਵੀਸ਼ਰਾਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਰਚਿਤ ‘ਜ਼ਫ਼ਰਨਾਮਾ’ ਨੂੰ ਆਪੋ ਆਪਣੇ ਨਾਮ ‘ਤੇ ਅੰਕਿਤ ਕਰਨ ਦਾ ਇੱਕ ਗਲਤ ਰੁਝਾਨ ਹੈ।

ਇਸ ਦੇ ਨਾਲ ਹੀ ਉਨਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ, ਕੁੱਝ ਸਮੇਂ ਤੋਂ ਗਾਇਕਾਂ, ਫ਼ਿਲਮਸਾਜ਼ ਤੇ ਸਾਹਿੱਤਕਾਰ ਆਲੋਚਕਾਂ ਦੀ ਸਿਰਜਣ ਸਮਗਰੀ ਵਿੱਚ ਸਿਖ ਸਭਿਆਚਾਰ ਅਤੇ ਵਿਚਾਰਧਾਰਾ ਪ੍ਰਤੀ ਹਮਲੇ ਹੋ ਰਹੇ ਹਨ। ਜੋ ਕਿ ਕਈ ਵਾਰ ਵਿਵਾਦ ਬਣ ਕੇ ਸਾਹਮਣੇ ਆ ਚੁਕੇ ਹਨ। ਅਜਿਹੇ ਘਟਨਾ ਕਰਮ ਤੋਂ ਬਚਣ ਲਈ ਰਾਸ਼ਟਰੀ ਫ਼ਿਲਮ ਸੈਂਸਰ ਬੋਰਡ ਦੀ ਤਰਜ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫ਼ਿਲਮਾਂਕਣ ਤੋਂ ਇਲਾਵਾ ਗੁਰਬਾਣੀ, ਸਿੱਖ ਲਿਟਰੇਚਰ ਅਤੇ ਗਾਇਨ ‘ਤੇ ਵੀ ਨਜ਼ਰ ਰਖਣ ਪ੍ਰਤੀ ਸੈਂਸਰ ਬੋਰਡ ਦਾ ਗਠਨ ਕਰਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *