ਚੰਡੀਗੜ੍ਹ ( ਕਮਲਪ੍ਰੀਤ ਕੌਰ )- ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਕੁੱਝ ਦਿਨ ਪਹਿਲਾਂ ਬਲਦੇਵ ਸਿੰਘ ‘ਤੇ ਬਣਾਇਆ ਇਕ ‘ਗਵਾਚਿਆ ਗੁਰਬਕਸ਼’ ਗੀਤ ਰਿਲੀਜ਼ ਕੀਤਾ ਸੀ। ਜਿਸ ਦੇ ਖਿਲਾਫ਼ ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀਆਂ ਨੇ ਸਿੱਧੂ ਮੂਸੇਵਾਲੇ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿੱਖਿਆ ਹੈ ਜਿਸ ਵਿੱਚ ਲਿਖਿਆ ਕਿ ਅਸੀਂ ਸਾਰੇ ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਹਾਂ। ਪਿਛਲੇ ਦਿਨੀਂ ਸਾਡੇ ਪਿੰਡ ਦੇ ਬਲਦੇਵ ਸਿੰਘ ਜੀ ਦੀ ਦਿਲ ਦੇ ਦੌਰੇ ਨਾਲ ਮੌਤ ਹੋਈ ਸੀ। ਮੌਤ ਪਿਛੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਵੀ ਸੀ।

ਬਲਦੇਵ ਸਿੰਘ ਸਬੰਧੀ ਕੁੱਝ ਗਲਤ ਖਬਰਾਂ ਅਤੇ ਝੂਠੀਆਂ ਅਫਵਾਹਾਂ ਵੀ ਫ਼ੈਲਾਈਆਂ ਜਾ ਰਹੀਆਂ, ਇਨ੍ਹਾਂ ਝੂਠੀਆਂ ਖਬਰਾਂ ਵਿੱਚ ਕਿਹਾ ਗਿਆ ਕਿ ਬਲਦੇਵ ਸਿੰਘ ਨੂੰ ਆਪਣੀ ਬਿਮਾਰੀ ਬਾਰੇ ਪਤਾ ਸੀ ਅਤੇ ਉਸ ਨੇ ਜਾਣ ਬੁੱਝ ਕੇ ਇਸ ਗੱਲ ਨੂੰ ਲਕੋਇਆ। ਤੁਸੀਂ ਇਸ ਗੱਲ ਦੀ ਪੁਸ਼ਟੀ ਸਿਹਤ ਵਿਭਾਗ ਤੋਂ ਕਰ ਸਕਦੇ ਹੋ ਕਿ ਬਲਦੇਵ ਸਿੰਘ ਅੰਦਰ ਕੋਰੋਨਾਵਾਇਰਸ ਹੋਣ ਦਾ ਪਤਾ ਉਸ ਦੀ ਮੌਤ ਤੋਂ ਬਾਅਦ ਹੀ ਲੱਗਾ। ਪਰ ਬਲਦੇਵ ਸਿੰਘ ਬਾਰੇ ਝੂਠੀਆਂ ਖਬਰਾਂ ਹੁਣ ਅੰਤਰਰਾਸ਼ਟਰੀ ਮੀਡੀਏ ਵਿੱਚ ਵੀ ਪਹੁੰਚ ਚੁੱਕੀਆਂ ਨੇ। ਇਸ ਨਾਲ ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਹੈ। ਬਲਦੇਵ ਸਿੰਘ ਦੇ ਨਾਲ ਉਹ ਸਤਿਕਾਰਯੋਗ ਬਾਬਾ ਗੁਰਬਚਨ ਸਿੰਘ ਜੀ ਨੂੰ ਵੀ ਬਦਨਾਮ ਕਰ ਰਹੇ ਹਨ।

ਸਿੱਧੂ ਮੂਸੇਵਾਲੇ ਨੇ ਬਲਦੇਵ ਸਿੰਘ ਨੂੰ ਕੋਰੋਨਾਵਾਇਰਸ ਫੈਲਾਉਣ ਵਾਸਤੇ ਦੋਸ਼ੀ ਗਰਦਾਨਿਆਂ ਇਕ ਗਾਣਾ ਗਾਇਆ ਹੈ। ਇਸ ਗਾਣੇ ਵਿੱਚ ਬਲਦੇਵ ਸਿੰਘ ਦੀਆਂ ਤਸਵੀਰਾਂ ਵਰਤੀਆਂ ਗਈਆਂ ਨੇ ਅਤੇ ਉਸ ਨੂੰ ਪਾਪੀ ਤੱਕ ਕਹਿ ਦਿੱਤਾ ਗਿਆ ਹੈ। ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ‘ਤੇ ਪਿਛਲੇ ਮਹੀਨੇ 2 ਫਰਵਰੀ ਨੂੰ ਮਾਨਸਾ ਦੇ ਸਦਰ ਠਾਣੇ ‘ਚ ਹਿੰਸਾ ਭੜਕਾਉਣ ਵਾਸਤੇ ਪਰਚਾ ਦਰਜ ਹੋਇਆ ਸੀ। ਪੁਲਿਸ ਰਿਕਾਰਡ ਵਿੱਚ ਉਹ ਮੁਲਜ਼ਮ ਹੈ।

ਇਕ ਮੁਲਜ਼ਮ ਵਲੋਂ ਬਲਦੇਵ ਸਿੰਘ ਨੂੰ ਬਦਨਾਮ ਕਰਨ ਵਾਸਤੇ ਗਾਏ ਗਾਣੇ ਨੂੰ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਵਲੋਂ ਆਪਣੇ ਟਵਿੱਟਰ ਖਾਤੇ ਤੋਂ ਸਾਂਝਾ ਕੀਤਾ ਗਿਆ ਹੈ। ਪਿਛਲੇ ਦਿਨੀਂ ਦਿਨਕਰ ਗੁਪਤਾ ਜੀ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਬਦਨਾਮ ਕਰਨ ਵਾਲਾ ਬਿਆਨ ਵੀ ਦਿੱਤਾ ਸੀ। ਹੁਣ ਉਨ੍ਹਾਂ ਵੱਲੋਂ ਇਕ ਮਰ ਚੁੱਕੇ ਮਰੀਜ਼ ਨੂੰ ਬਦਨਾਮ ਕਰਨਾ ਸ਼ਰਮਨਾਕ ਹਰਕਤ ਹੈ। ਇਕ ਪਾਸੇ ਇਸ ਮੁਸ਼ਕਲ ਦੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀ ਸਾਡੇ ਪਿੰਡ ਲਈ ਦੇਵਤੇ ਬਣ ਕੇ ਕੰਮ ਕਰ ਰਹੇ ਨੇ। ਪਰ ਉੱਚ ਅਧਿਕਾਰੀ ਸਾਡੇ ਪਿੰਡ ਦੀ ਵਿਛੜੀ ਰੂਹ ਅਤੇ ਸਾਨੂੰ ਬਦਨਾਮ ਕਰ ਰਹੇ ਨੇ।

ਝੂਠੀਆਂ ਖਬਰਾਂ ਅਤੇ ਪੰਜਾਬ ਪੁਲਿਸ ਮੁੱਖੀ ਵਲੋਂ ਸਾਂਝੇ ਕੀਤੇ ਸਿੱਧੂ ਮੂਸੇਵਾਲੇ ਦੇ ਗਾਣੇ ਕਾਰਨ ਨਾਲ ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਨੂੰ ਆਉਣ ਵਾਲੇ ਸਮੇਂ ‘ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਹ ਸਾਡੇ ਸਾਰਿਆਂ ਲਈ ਮਾਨਸਿਕ ਤਸੀਹੇ ਵਾਂਗ ਹੈ।
ਸਾਡੀ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਬਲਦੇਵ ਸਿੰਘ ਬਾਰੇ ਛਪੀਆਂ ਝੂਠੀਆਂ ਖਬਰਾਂ ਦੀ ਨਿੰਦਾ ਕੀਤੀ ਜਾਵੇ ਅਤੇ ਸਪਸ਼ਟੀਕਰਨ ਦਿੱਤਾ ਜਾਵੇ। ਬਲਦੇਵ ਸਿੰਘ ਨੂੰ ਬਦਨਾਮ ਕਰਨ ਲਈ ਗਾਣਾ ਗਾਉਣ ਵਾਲੇ ਸਿੱਧੂ ਮੂਸੇਵਾਲੇ ਖਿਲਾਫ ਪਰਚਾ ਦਰਜ ਕੀਤਾ ਜਾਵੇ । ਉਸ ਦਾ ਗਾਣਾ ਯੂ-ਟਿਊਬ ਤੋਂ ਹਟਾਇਆ ਜਾਵੇ। ਨਾਲ ਹੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਤਾੜਣਾ ਕੀਤੀ ਜਾਵੇ ਅਤੇ ਟਵਿੱਟਰ ਤੋਂ ਗੀਤ ਦੇ ਸਾਂਝੇ ਕੀਤੇ ਲਿੰਕ ਨੂੰ ਡਲੀਟ ਕਰਵਾਇਆ ਜਾਵੇ।

ਜੇ ਇਹ ਕਦਮ ਨਾ ਚੁੱਕੇ ਗਏ ਤਾਂ ਬਲਦੇਵ ਸਿੰਘ ਅਤੇ ਸਾਡੇ ਪਿੰਡ ਦੀ ਬਦਨਾਮੀ ਦੇਖ ਕੇ ਆਪਣੀ ਬਦਨਾਮੀ ਦੇ ਡਰੋਂ ਕਿਸੇ ਕੋਰੋਨਾ ਸ਼ੱਕੀ ਮਰੀਜ਼ ਨੇ ਆਵਦੇ ਲੱਛਣ ਡਾਕਟਰਾਂ ਨਾਲ ਸਾਂਝੇ ਨਹੀਂ ਕਰਨੇ। ਕੇਰੋਨਾ ਮਰੀਜ਼ਾਂ ਦੀ ਬਦਨਾਮੀ ਦਾ ਡਰ ਇਸ ਬਿਮਾਰੀ ਨੂੰ ਖਤਰਨਾਕ ਤਰੀਕੇ ਨਾਲ ਫੈਲਾ ਸਕਦਾ ਹੈ।
ਕੀ ਦੇਸ਼ ਦੇ ਕਿਸੇ ਸੂਬੇ ‘ਚ ਕਰੋਨਾ ਵਾਇਰਸ ਦੇ ਪਹਿਲੇ ਮਰੀਜ਼ਾਂ ਨੂੰ ਇਸ ਤਰ੍ਹਾਂ ਸਰਕਾਰੀ ਤੌਰ ‘ਤੇ ਬਦਨਾਮ ਕਰਨ ਦੀ ਮੁਹਿੰਮ ਚੱਲੀ ਹੈ ? ਮਰੀਜ਼ਾਂ ਨੂੰ ਹਮਦਰਦੀ ਦੀ ਲੋੜ ਹੈ ਨਾ ਕਿ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਦੀ।

ਇਹ ਕਦਮ ਬਲਦੇਵ ਸਿੰਘ, ਉਸ ਦੇ ਪਰਿਵਾਰ, ਉਸ ਦੀਆਂ ਪੀੜੀਆਂ ਅਤੇ ਸਾਡੇ ਪਿੰਡ ਦਾ ਮਾਣ ਸਤਿਕਾਰ ਬਹਾਲ ਕਰਨ ਲਈ ਬਹੁਤ ਜ਼ਰੂਰੀ ਨੇ।
ਆਪ ਜੀ ਦੇ ਧੰਨਵਾਦੀ ਸਮੂਹ ਪਠਲਾਵਾ ਨਿਵਾਸੀ।

Leave a Reply

Your email address will not be published. Required fields are marked *