ਚੰਡੀਗੜ੍ਹ (ਹਰਸ਼ਰਨ ਕੌਰ):- ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆ ਰਹੀ ਜਿਹੜੀ ਸੰਗਤ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰੋਕ ਲਈ ਗਈ ਸੀ, ਉਸਨੇ ਕਾਫੀ ਮੁਸ਼ਕਿਲਾਂ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਦੀ ਮਦਦ ਨਾਲ ਮੁੜ ਪੰਜਾਬ ਨੂੰ ਚਾਲੇ ਪਾ ਦਿੱਤੇ ਹਨ। ਇਸਦੀ ਜਾਣਕਾਰੀ ਵਾਪਸ ਮੁੜਨ ਵਾਲੇ ਜਥੇ ‘ਚ ਸ਼ਾਮਿਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਵਸਨੀਕ ਮਨਜੀਤ ਕੌਰ ਨੇ ਦਿੱਤੀ ਹੈ। ਮਨਜੀਤ ਕੌਰ ਮੁਤਾਬਕ ਉਨਾਂ ਨੂੰ ਇਦੌਰ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਵੱਲੋਂ ਮੱਧ ਪ੍ਰਦੇਸ਼ ਤੋਂ ਰਾਜਸਥਾਨ ਹੁੰਦੇ ਹੋਏ ਪੰਜਾਬ ਯਾਤਰਾ ਦੇ ਪਾਸ ਜਾਰੀ ਗਏ ਹਨ ਅਤੇ ਪੰਜਾਬ ਤੋਂ ਹਜ਼ੂਰ ਸਾਹਿਬ ਵਾਪਸ ਜਾਣ ਵਾਲੇ ਟੈਕਸੀ ਡ੍ਰਾਈਵਰਾਂ ਨੂੰ ਵੀ ਵਾਪਸੀ ਦੇ ਪਾਸ ਦਿੱਤੇ ਗਏ ਹਨ।

ਸ਼ਨੀਵਾਰ ਨੂੰ ਇਸ ਜਥੇ ਦੇ ਮੱਧ ਪ੍ਰਦੇਸ਼ ਰੋਕੇ ਜਾਣ ਦੀ ਖ਼ਬਰ ਜਿਵੇਂ ਹੀ ਬਾਬੂਸ਼ਾਹੀ ਅਦਾਰੇ ਨੇ ਜਾਰੀ ਕੀਤੀ, ਤਾਂ ਇਹ ਚਾਰੇ ਪਾਸੇ ਫੈਲ ਗਈ, ਇਦੌਰ ਸ਼ਹਿਰ ਦੇ ਸਿੱਖਾਂ ਸਮੇਤ ਮੁੰਬਈ ਤੋਂ ਵੀ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ। ਸਭ ਤੋਂ ਪਹਿਲਾਂ ਇਸ ਜਥੇ ਲਈ ਲੰਗਰ ਸਮੇਤ ਨਿਵਾਸ ਦਾ ਪ੍ਰਬੰਧ ਕੀਤਾ ਗਿਆ। ‘ਦ ਖਾਲਸ ਟੀਵੀ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨਾਲ ਇਹ ਖ਼ਬਰ ਚਲਾਈ। ਜਥੇਦਾਰ ਸਾਹਿਬ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਝਾੜ ਪਾਉਂਦਿਆਂ ਪੁੱਛਿਆ ਸੀ ਕਿ ਜੇ ਅਮਰੀਕਾ, ਇੰਗਲੈਂਡ ਤੇ ਮਲੇਸ਼ੀਆ ਵਰਗੇ ਮੁਲਕ ਆਪਣੇ ਭਾਰਤ ਵਿੱਚ ਫਸੇ ਨਾਗਰਕਿਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲਿਜਾ ਸਕਦੇ ਹਨ ਤਾਂ ਆਪਣੇ ਸੂਬੇ ਦੇ ਲੋਕਾਂ ਨੂੰ ਤੋਂ ਦੂਜੇ ਸੂਬੇ ਤੋਂ ਵਾਪਸ ਕਿਉਂ ਨਹੀਂ ਲਿਆਂਦਾ ਜਾ ਸਕਦਾ? ਖ਼ਬਰ ਚਲਾਉਣ ਤੋਂ ਬਾਅਦ ‘ਦ ਖ਼ਾਲਸ ਟੀਵੀ ਨੂੰ ਵੀ ਇਨਾਂ ਸਿੱਖਾਂ ਦੀ ਮਦਦ ਲਈ ਬਹੁਤ ਥਾਵਾਂ ਤੋਂ ਸਿੱਖ ਜਥੇਬੰਦੀਆਂ ਨੇ ਸੰਪਰਕ ਕੀਤਾ। ਜਥੇ ‘ਚ ਸ਼ਾਮਿਲ ਲੋਕਾਂ ਨੇ ਹੁਣ ਉਨਾਂ ਦੀ ਮਦਦ ਕਰਨ ਵਾਲੇ ਹਕ ਵਿਅਕਤੀ ਦਾ ਧੰਨਵਾਦ ਕੀਤਾ ਹੈ।

ਐਤਵਾਰ ਸਵੇਰੇ ਜਥੇ ‘ਚ ਸ਼ਾਮਿਲ ਮਨਜੀਤ ਕੌਰ ਨੇ ‘ਦ ਖਾਲਸ ਟੀਵੀ ਨੂੰ ਦੱਸਿਆ ਕਿ ਸਾਨੂੰ ਸਾਰੇ 43 ਜਣਿਆਂ ਨੂੰ ਇੱਕ ਸਥਾਨਕ ‘ਆਦਿਵਾਸੀ ਨਿਵਾਸ’ ਵਿੱਚ ਰਾਤ ਰੱਖਿਆ ਗਿਆ। ਜਿੱਥੇ 10 ਬੈੱਡਾਂ ਵਾਲੇ ਇੱਕ ਕਮਰੇ ਵਿੱਚ 4 ਪੱਖੇ ਲੱਗੇ ਹੋਏ ਸਨ, ਸਿੱਖ ਸੰਗਤ ਵੱਲੋਂ ਇਨਾਂ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇੱਥੇ ਇਨਾਂ ਸਾਰਿਆਂ ਦੇ ਕੋਰੋਨਾਵਾਇਰਸ ਟੈਸਟ ਕੀਤੇ ਗਏ ਜਿਸ ਦੌਰਾਨ ਸਾਰੀ ਸੰਗਤ ਨੈਗੇਟਿਵ ਪਾਈ ਗਈ। ਮਨਜੀਤ ਕੌਰ ਨੇ ਖਦਸ਼ਾ ਜਤਾਇਆ ਸੀ ਕਿ ਅਸੀਂ ਕੋਰੋਨਵਾਇਰਸ ਨਾਲ ਤਾਂ ਨਹੀਂ ਪਰ ਇਨਾਂ ਹਾਲਾਤਾਂ ਨਾਲ ਜ਼ਰੂਰ ਮਰ ਸਕਦੇ ਹਾਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਦੀ ਵਸਨੀਕ ਮਨਜੀਤ ਕੌਰ ਦੇ ਪਤੀ ਦਿਲ ਦੀ ਬਿਮਾਰੀ ਦੇ ਮਰੀਜ਼ ਹਨ, ਸੱਸ ਵੀ ਇੱਕ ਬਿਮਾਰੀ ਤੋਂ ਪੀੜਤ ਹੈ, ਜਿਨਾਂ ਦੀ ਪੀਜੀਆਈ ਤੋਂ ਦਵਾਈ ਚਲਦੀ ਹੈ, ਦਵਾਈ ਖ਼ਤਮ ਹੋਣ ਕਾਰਨ ਉਹ ਕਿਸ ਵੀ ਵਕਤ ਮੁਸ਼ਕਿਲ ਵਿੱਚ ਫਸ ਸਕਦੇ ਹਾਂ।

ਹਜ਼ੂਰ ਸਾਹਿਬ ਤੋਂ ਤੁਰੇ ਇਨਾਂ ਸਾਰੇ ਲੋਕਾਂ ਵੱਲੋਂ ਸਰਕਾਰਾਂ ਦੀ ਆਸ ਖ਼ਤਮ ਹੋਣ ਤੋਂ ਆਪਣੇ ਪੱਧਰ ‘ਤੇ ਕਾਫੀ ਮਹਿੰਗੇ ਕਿਰਾਏ ‘ਤੇ ਪੰਜਾਬ ਲਈ ਟੈਕਸੀਆਂ ਕੀਤੀਆਂ ਸਨ ਪਰ ਸ਼ਨੀਵਾਰ ਨੂੰ ਇਨਾਂ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਕਰੀਬ 50 ਕਿਮੀ ਦੂਰ ਸ਼ਨਾਵਦ ਇਲਾਕੇ ਵਿੱਚ ਰੋਕ ਲਿਆ ਗਿਆ ਸੀ। ਬਾਬੂਸ਼ਾਹੀ ਦੀ ਖਬਰ ਮੁਤਾਬਕ, ਇਨਾਂ ਨੂੰ ਖਾਣ-ਪੀਣ ਲਈ ਕੁੱਝ ਨਹੀਂ ਦਿੱਤਾ ਗਿਆ ਤੇ ਕਈ ਘੰਟੇ ਰਾਹ ਵਿੱਚ ਹੀ ਰੋਕੀ ਰੱਖਿਆ।

ਹਜ਼ੂਰ ਸਾਹਿਬ ਵਿਖੇ 4000 ਦੇ ਕਰੀਬ ਸੰਗਤ ਹੈ, ਜਿਨਾਂ ਦੇ ਰਹਿਣ, ਲੰਗਰ, ਦਵਾਈਆਂ ਆਦਿ ਸਮੇਤ ਹਰ ਸਹੂਲਤ ਦੇ ਤਖ਼ਤ ਸਾਹਿਬ ਵਿਖੇ ਬਹੁਤ ਵਧੀਆ ਪ੍ਰਬੰਧ ਹਨ। ਪ੍ਰਸ਼ਾਸਨ ਵੱਲੋਂ ਸਾਰੀ ਸੰਗਤ ਦੇ ਕੋਰੋਨਾਵਾਇਰਸ ਟੈਸਟ ਵੀ ਕੀਤੇ ਗਏ ਜਿਸ ਵਿੱਚ ਸਾਰੀ ਸੰਗਤ ਨੈਗੇਟਿਵ ਪਾਈ ਗਈ ਹੈ। ਉੱਥੇ ਬਾਕੀ ਰਹਿ ਗਈ ਸਾਰੀ ਸੰਗਤ ਨੂੰ ਵਾਪਸ ਪੰਜਾਬ ਭੇਜਣ ਲਈ ਹਜ਼ੂਰ ਸਾਹਿਬ ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।