ਚੰਡੀਗੜ੍ਹ- ਸੁਖਬੀਰ ਬਾਦਲ ਆਪਣੇ ਐਲਾਨ ਮੁਤਾਬਿਕ ਨਾਰਾਜ਼ ਤੇ ਬਾਗ਼ੀ ਆਗੂਆਂ ਨੂੰ ਦੋਬਾਰਾ ਸ਼੍ਰੋਮਣੀ ਅਕਾਲੀ ਦਲ ’ਚ ਵਾਪਸ ਲਿਆਉਣ ਦੀ ਤਿਆਰੀ ਵਿੱਚ ਜੁਟ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ’ਚੋਂ ਕੱਢੇ ਬਾਗ਼ੀ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਦੀ ਤਾਜ਼ਾ ਜੱਫੀ ਦੀ ਇਸ ਵੇਲੇ ਸਿਆਸੀ ਹਲਕਿਆਂ ’ਚ ਡਾਢੀ ਚਰਚਾ ਹੋ ਰਹੀ ਹੈ। ਦਰਅਸਲ, ਇਨ੍ਹਾਂ ਦੋਵਾਂ ਆਗੂਆਂ ਦਾ ਟਾਕਰਾ ਪਿਛਲੇ ਹਫ਼ਤੇ ਦਿੱਲੀ ‘ਚ ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਪੁੱਤਰ ਰੋਹਨ ਦੇ ਵਿਆਹ ਮੌਕੇ ਹੋਇਆ ਸੀ। ਦੋਵੇਂ ਅਚਾਨਕ ਹੀ ਇੱਕ–ਦੂਜੇ ਦੇ ਸਾਹਮਣੇ ਆ ਗਏ ਸਨ।

ਸੁਖਬੀਰ ਸਿੰਘ ਬਾਦਲ ਵਿਆਹ ਸਮਾਰੋਹ ’ਚ ਸ਼ਿਰਕਤ ਕਰ ਕੇ ਬਾਹਰ ਜਾ ਰਹੇ ਸਨ ਤੇ ਮਨਜੀਤ ਸਿੰਘ ਜੀ.ਕੇ. ਅੰਦਰ ਦਾਖ਼ਲ ਹੋ ਰਹੇ ਸਨ। ਦੋਵਾਂ ਨੇ ਇੱਕ–ਦੂਜੇ ਨੁੰ ਵੇਖ ਕੇ ਆਪੋ–ਆਪਣੀਆਂ ਬਾਹਾਂ ਫੈਲਾ ਦਿੱਤੀਆਂ ਤੇ ਇੱਕ–ਦੂਜੇ ਨੂੰ ਜੱਫੀ ਪਾ ਕੇ ਮਿਲੇ; ਜਿਵੇਂ ਪਤਾ ਨਹੀਂ ਕਿੰਨੇ ਕੁ ਚਿਰ ਦੇ ਓਦਰੇ ਪਏ ਸਨ। ਆਲੇ–ਦੁਆਲੇ ਮੌਜੂਦ ਦੋਵਾਂ ਦੇ ਸਮਰਥਕ ਵੀ ਕੁੱਝ ਹੈਰਾਨ ਪਰੇਸ਼ਾਨ ਹੀ ਵਿਖਾਈ ਦਿੱਤੇ।

ਸੁਖਬੀਰ ਸਿੰਘ ਬਾਦਲ ਨੇ ਮਨਜੀਤ ਸਿੰਘ ਜੀ.ਕੇ. ਨੂੰ ਆਪਣੀ ਦਿੱਲੀ ਸਥਿਤ ਰਿਹਾਇਸ਼ਗਾਹ ਉੱਤੇ ਆਉਣ ਲਈ ਸੱਦਿਆ। ਜੀ.ਕੇ. ਪਹਿਲਾਂ ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਘਰ ਆਉਣ ਦਾ ਤਾਜ਼ਾ ਸੱਦਾ ਮਨਜੀਤ ਸਿੰਘ ਜੀ.ਕੇ. ਨੇ ਤੁਰੰਤ ਪ੍ਰਵਾਨ ਕਰ ਲਿਆ। ਹੁਣ ਸੁਖਬੀਰ ਸਿੰਘ ਬਾਦਲ ਦੇ ਇਸ ਸੱਦੇ ਉੱਤੇ ਸਿਆਸੀ ਗਲਿਆਰਿਆਂ ’ਚ ਖ਼ਾਸ ਵਿਚਾਰ–ਵਟਾਂਦਰਾ ਹੋ ਰਿਹਾ ਹੈ।

ਅਸਲ ’ਚ ਸੁਖਬੀਰ ਬਾਦਲ ਪਹਿਲਾਂ ਇਹ ਐਲਾਨ ਵੀ ਕਰ ਚੁੱਕੇ ਹਨ ਕਿ ਉਹ ਸਾਰੇ ਨਾਰਾਜ਼ ਤੇ ਬਾਗ਼ੀ ਆਗੂਆਂ ਨੂੰ ਦੋਬਾਰਾ ਸ਼੍ਰੋਮਣੀ ਅਕਾਲੀ ਦਲ ’ਚ ਵਾਪਸ ਲੈ ਕੇ ਆਉਣਗੇ। ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਜਦੋਂ ਜੀ.ਕੇ. ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਨ ਦੀ ਕਥਿਤ ਦੁਰਵਰਤੋਂ ਦੇ ਦੋਸ਼ ਲੱਗੇ ਸਨ, ਤਦ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇਣਾ ਪਿਆ ਸੀ।

Leave a Reply

Your email address will not be published. Required fields are marked *