India

ਭਾਰਤ ਸਰਕਾਰ ਨੇ ਟੈਸਟਿੰਗ ਦੇ ਨਿਯਮ ਬਦਲੇ, ਸਿਰਫ ਗੰਭੀਰ ਮਰੀਜ਼ਾਂ ਦੀ ਹੋਵੇਗੀ ਜਾਂਚ

‘ਦ ਖ਼ਾਲਸ ਬਿਊਰੋ :- ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਮਾਮਲਿਆਂ ਵਿੱਚ ਹਸਪਤਾਲ ਤੋਂ ਮਰੀਜ਼ਾਂ ਦੀ ਛੁੱਟੀ ਸਬੰਧੀ ਨੀਤੀ ਬਦਲ ਦਿੱਤੀ ਹੈ। ਹੁਣ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਸਿਰਫ਼ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦੀ ਜਾਂਚ ਕੀਤੀ ਜਾਏਗੀ। ਨਵੀਆਂ ਤਬਦੀਲੀਆਂ ਅਨੁਸਾਰ ਕੋਰੋਨਾਵਾਇਰਸ ਮਰੀਜ਼ਾਂ ਦੀ ਹਾਲਤ ਜੇ ਗੰਭੀਰ ਹੁੰਦੀ ਹੈ ਜਾਂ ਬਿਮਾਰੀ ਨਾਲ ਲੜਨ ਤੀ ਤਾਕਤ ਨਹੀਂ ਹੈ ਤਾਂ ਅਜਿਹੇ ਮਰੀਜ਼ਾਂ ਦੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਆਰਟੀ-ਪੀਸੀਆਰ ਜਾਂਚ ਕਰਨੀ ਪਏਗੀ। ਕੋਵਿਡ -19 ਦੇ ਹਲਕੇ ਅਤੇ ਬਹੁਤ ਹੀ ਮਾਮੂਲੀ ਮਾਮਲਿਆਂ ਵਿੱਚ ਲੱਛਣਾਂ ਦੇ ਖ਼ਤਮ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਕਿਸੇ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ। ਸੋਧੀ ਨੀਤੀ ਵਿੱਚ ਕਿਹਾ ਗਿਆ ਹੈ ਕਿ ਜੇ ਮਰੀਜ਼ ਦਾ ਬੁਖ਼ਾਰ ਤਿੰਨ ਦਿਨਾਂ ਦੇ ਅੰਦਰ-ਅੰਦਰ ਠੀਕ ਹੋ ਜਾਂਦਾ ਹੈ ਅਤੇ ਮਰੀਜ਼ ਆਕਸੀਜਨ ਦੀ ਮਦਦ ਤੋਂ ਬਿਨਾਂ ਰਹਿੰਦਾ ਹੈ ਤਾਂ ਅਜਿਹੇ ਮਰੀਜ਼ ਨੂੰ 10 ਦਿਨਾਂ ਵਿਚ ਹਸਪਤਾਲ ਵਿਚੋਂ ਛੁੱਟੀ ਦਿੱਤੀ ਜਾ ਸਕਦੀ ਹੈ।

ਮੰਤਰਾਲੇ ਨੇ ਕਿਹਾ, “ਹਸਪਤਾਲ ਤੋਂ ਛੁੱਟੀ ਲੈਣ ਤੋਂ ਪਹਿਲਾਂ ਜਾਂਚ ਦੀ ਲੋੜ ਨਹੀਂ ਪਵੇਗੀ।” ਡਿਸਚਾਰਜ ਦੇ ਸਮੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਜ਼ ਨੂੰ ਸੱਤ ਦਿਨਾਂ ਲਈ ਘਰ ਵਿੱਚ ਵੱਖਰਾ ਰਹਿਣ ਲਈ ਕਿਹਾ ਜਾਵੇਗਾ। ਕੋਵਿਡ -19 ਦੇ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਵਿਖੇ ਦਾਖ਼ਲ ਕਰਵਾਇਆ ਜਾਵੇਗਾ ਜਿਥੇ ਉਨ੍ਹਾਂ ਦੇ ਤਾਪਮਾਨ ਦੀ ਨਿਯਮਤ ਤੌਰ ‘ਤੇ ਜਾਂਚ ਕੀਤੀ ਜਾਏਗੀ। ਜੇ ਮਰੀਜ਼ ਨੂੰ ਛੁੱਟੀ ਹੋਣ ਤੋਂ ਬਾਅਦ ਦੁਬਾਰਾ ਬੁਖਾਰ, ਖੰਘ ਜਾਂ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਉਹ ਕੋਵਿਡ ਕੇਅਰ ਸੈਂਟਰ ਜਾਂ ਸਟੇਟ ਹੈਲਪਲਾਈਨ ਜਾਂ 1075 ਨਾਲ ਸੰਪਰਕ ਕਰ ਸਕਦਾ ਹੈ।