ਚੰਡੀਗੜ੍ਹ-(ਪੁਨੀਤ ਕੌਰ) ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੀ ਬੈਠਕ ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਬੁਲਾਈ ਸੀ। ਸਮੁੱਚੀ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਇਸ ਬੈਠਕ ਵਿੱਚ ਪਹੁੰਚੇ ਸਨ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੇ ਮੀਡੀਆ ਨੂੰ ਦੱਸਦਿਆਂ ਕਿਹਾ ਕਿ ਇਸ ਇਕੱਤਰਤਾ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਸਾਰੇ ਮੁਖੀ ਸਾਹਿਬਾਨਾਂ ਨੇ ਪੰਥ ਦੀ ਚੜ੍ਹਦੀਕਲਾ ਅਤੇ ਪੰਥਕ ਏਕਤਾ ਦਾ ਪ੍ਰਗਟਾਵਾ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਸ਼ੁਰੂ ਤੋਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹਾਂ ਅਤੇ ਹਮੇਸ਼ਾ ਹੀ ਸਮਰਪਿਤ ਰਹਾਂਗੇ। ਉਨ੍ਹਾਂ ਕਿਹਾ ਕਿ ਉਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਤੁਰਨਗੇ।

ਸਮੁੱਚੇ ਮੁਖੀ ਸਾਹਿਬਾਨ ਨੇ ਇਹ ਵੀ ਕਿਹਾ ਕਿ ਪੰਥ ਦੀ ਭਲਾਈ ਲਈ ਸਾਰਿਆਂ ਨੂੰ ਆਪਣੇ ਨਿੱਜੀ ਝਗੜੇ,ਵਖਰੇਵੇਂ ਤਿਆਗ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤ, ਫ਼ਲਸਫੇ ਨੂੰ ਅਪਨਾਉਣਾ ਚਾਹੀਦਾ ਹੈ ਜਿਸ ਨਾਲ ਸਮੁੱਚੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇਗੀ। ਆਖਿਰਕਾਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਦੇ ਜਥੇਦਾਰ ਵੱਲੋਂ ਅਜਿਹੇ ਸਮੇਂ ਚੜ੍ਹਦੀਕਲਾ ਤੇ ਏਕਤਾ ਦਾ ਪ੍ਰਗਟਾਵਾ ਕਰਨ ਦੇ ਕੀ ਮਾਇਨੇ ਨਿਕਲਦੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਲੱਗਦਾ ਹੈ ਕਿ ਵਿਵਾਦ ਪੈਦਾ ਕਰਨ ਵਾਲੇ ਪ੍ਰਚਾਰਕ ਸਿੱਖਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤੋੜ ਰਹੇ ਹਨ,ਸ਼ਾਇਦ ਉਸ ਕਰਕੇ ਇਹ ਇਕੱਤਰਤਾ ਬੁਲਾਈ ਗਈ ਹੈ।

Leave a Reply

Your email address will not be published. Required fields are marked *