‘ਦ ਖਾਲਸ ਬਿਊਰੋ :- ਕੇਂਦਰ ਸਰਕਾਰ ਨੇ ਸੂਬਿਆਂ ਵਲੋਂ GST ਦੇ ਬਕਾਏ ਦੇਣ ਦੀ ਮੰਗ ਨੂੰ ਅੰਸ਼ਕ ਰੂਪ ’ਚ ਪ੍ਰਵਾਨ ਕਰਦਿਆਂ ਕੁੱਝ ਪੈਸਾ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੂੰ ਅੱਜ GST ਬਕਾਏ ਦੇ 1136 ਕਰੋੜ ਰੁਪਏ ਮਿਲ ਗਏ ਹਨ, ਪਰ 5664 ਕਰੋੜ ਰੁਪਏ ਅਜੇ ਵੀ ਕੇਂਦਰ ਵੱਲ ਬਕਾਇਆ ਖੜ੍ਹੇ ਹਨ। ਇਸ ਪੈਸੇ ਨਾਲ ਤਨਖਾਹਾਂ ਦੇਣ ਦਾ ਕੰਮ ਵੀ ਨਹੀਂ ਚਲਣਾ ਕਿਉਂਕਿ ਤਨਖਾਹਾਂ ਲਈ 2100 ਕਰੋੜ ਰੁਪਏ ਚਾਹੀਦੇ ਹਨ। ਕਰੋਨਾ ਨਾਲ ਜੰਗ ਲੜਨ ਲਈ ਵੱਖਰੇ ਤੌਰ ’ਤੇ ਪੈਸਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ GST ਦਾ ਬਕਾਇਆ ਅਦਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖੇ ਸਨ।

ਉਨ੍ਹਾਂ ਮੰਗ ਕੀਤੀ ਸੀ ਕਿ ਲਾਕਡਾਊਨ ਅਤੇ ਕਰਫਿਊ ਕਰਕੇ ਸੂਬੇ ਦੇ ਆਪਣੇ ਸਾਧਨਾਂ ਤੋਂ ਆਮਦਨ ਬੰਦ ਹੋ ਚੁੱਕੀ ਹੈ ਅਤੇ ਸੂਬੇ ਨੂੰ ਕੋਵਿਡ-19 ਖਿਲਾਫ਼ ਲੜਾਈ ਲੜਨ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ GST ਦਾ ਬਕਾਇਆ ਅਤੇ ਮੁਆਵਜ਼ਾ ਫੌਰੀ ਤੌਰ ’ਤੇ ਜਾਰੀ ਕਰਨ ਲਈ ਕਿਹਾ ਸੀ। ਕੇਂਦਰ ਵੱਲੋਂ GST ਦੇ ਮਿਲੇ ਬਕਾਏ ਬਾਰੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਪੈਸਾ ਸਰਕਾਰ ਦੀ ਆਮਦਨ ਹੈ ਅਤੇ ਇਸ ਵਿਚੋਂ ਤਨਖਾਹਾਂ ਦੇਣ ਸਮੇਤ ਹੋਰ ਕੰਮਾਂ ’ਚ ਇਸ ਨੂੰ ਵਰਤਿਆ ਜਾਵੇਗਾ। ਉਂਜ ਕਰੋਨਾਵਾਇਰਸ ਨਾਲ ਨਜਿੱਠਣਾ ਪ੍ਰਾਥਮਿਕਤਾ ਰਹੇਗੀ।

ਪੰਜਾਬ ਸਰਕਾਰ ਨੂੰ ਡੀਜ਼ਲ, ਪੈਟਰੋਲ, ਸ਼ਰਾਬ, ਜ਼ਮੀਨਾਂ ਦੀ ਵੇਚ ਵੱਟਤ, ਅਤੇ ਹੋਰ ਟੈਕਸਾਂ ਰਾਹੀਂ ਆਮਦਨ ਬੰਦ ਹੋ ਚੁੱਕੀ ਹੈ। ਹੁਣ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਟਰੱਕ ਚਲ ਰਹੇ ਹਨ ਅਤੇ ਕੰਬਾਈਨਾਂ ਤੇ ਟਰੈਕਟਰ ਚੱਲਣੇ ਸ਼ੁਰੂ ਹੋ ਜਾਣਗੇ ਜਿਸ ਨਾਲ ਕੁੱਝ ਆਮਦਨ ਆਉਣ ਲੱਗੇਗੀ। ਜੇਕਰ 15 ਅਪਰੈਲ ਨੂੰ ਲੌਕਡਾਉੂਨ ਖੁੱਲ੍ਹ ਜਾਂਦਾ ਹੈ ਤਾਂ ਉਸ ਵੇਲੇ ਤੱਕ ਪੰਜਾਬ ਨੂੰ 4600 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੋਵੇਗਾ। ਇਸ ਵੇਲੇ ਇਕੱਲੀ ਸ਼ਰਾਬ ਤੋਂ ਰੋਜ਼ਾਨਾ 15 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ। ਠੇਕੇ ਖੋਲ੍ਹਣ ਬਾਰੇ ਵੀ ਜਲਦੀ ਕੋਈ ਨਾ ਕੋਈ ਫੈਸਲਾ ਲਏ ਜਾਣ ਦੀ ਉਮੀਦ ਹੈ।

Leave a Reply

Your email address will not be published. Required fields are marked *