‘ਦ ਖ਼ਾਲਸ ਬਿਊਰੋ- ਪੰਜਾਬ ਪੁਲਿਸ ਨੇ ਆਪਣੇ 6355 ਮੁਲਾਜ਼ਮਾਂ ਨੂੰ ਗੈਰ-ਜ਼ਰੂਰੀ ਡਿਊਟੀਆਂ ਤੋਂ ਹਟਾ ਕੇ ਕੋਰੋਨਾ ਨਾਲ ਨਜਿੱਠਣ ਲਈ ਥਾਣਿਆਂ ਵਿੱਚ ਸੇਵਾ ਨਿਭਾਉਣ ਲਈ ਤਾਇਨਾਤ ਕਰ ਦਿੱਤਾ ਹੈ। ਪੰਜਾਬ ਦੇ ਸਾਰੇ ਥਾਣਿਆਂ ਵਿੱਚ ਪੁਲਿਸ ਦੀ ਨਫ਼ਰੀ ਵੱਧ ਕੇ ਹੁਣ 22,455 ਹੋ ਗਈ ਹੈ। ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਾਜ਼ਾ ਸਮੀਖਿਆ ਤੋਂ ਬਾਅਦ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਪੁਲਿਸ ਕਰਮਚਾਰੀਆਂ ਤੇ ਨਾਨ-ਗਜ਼ਟਿਡ ਅਫ਼ਸਰ ਜਿਨ੍ਹਾਂ ਦੀ ਗਿਣਤੀ 1800 ਬਣਦੀ ਹੈ, ਉਨ੍ਹਾਂ ਨੂੰ ਹਾਲ ਹੀ ਵਿੱਚ ਥਾਣਿਆਂ ਵਿੱਚ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਵੱਲੋਂ ਕੋਵਿਡ ਨਾਲ ਨਜਿੱਠਣ ਲਈ 222 ਵਿਸ਼ੇਸ਼ ਦਸਤੇ ਕਾਇਮ ਕੀਤੇ ਗਏ ਹਨ।

ਡੀਜੀਪੀ ਮੁਤਾਬਕ ਕੋਵਿਡ ਸੰਬੰਧੀ ਨਿਯਮਾਂ ਅਤੇ ਪ੍ਰੋਟੋਕਾਲ ਨੂੰ ਲਾਗੂ ਕਰਨ ਲਈ ਕਾਰਜਸ਼ੀਲ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਜ਼ਿਲ੍ਹਿਆਂ ਦੇ ਪੁਲਿਸ ਥਾਣਿਆਂ ਲਈ 202 ਅਤੇ ਆਰਮਡ ਬਟਾਲੀਅਨਾਂ ਵਿੱਚ 20 ਹੋਰ ਕੋਵਿਡ ਦਸਤੇ ਬਣਾਏ ਗਏ ਹਨ। ਡੀਜੀਪੀ ਨੇ ਦੱਸਿਆ ਕਿ ਪੁਲਿਸ ਕਰਮੀਆਂ ਨੂੰ ਹਟਾਉਣ ਦਾ ਕੰਮ 17 ਜੁਲਾਈ ਤੋਂ ਸ਼ੁਰੂ ਹੋ ਗਿਆ ਸੀ ਅਤੇ 23 ਜੁਲਾਈ ਤੱਕ 3669 ਕਰਮੀ ਜ਼ਿਲ੍ਹਿਆਂ ਅਤੇ 475 ਕਰਮੀ ਆਰਮਡ ਬਟਾਲੀਅਨਾਂ ਦੇ ਕੋਵਿਡ ਦਸਤਿਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਡੀਜੀਪੀ ਨੇ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਪੁਲਿਸ ਕਰਮਚਾਰੀਆਂ ਨੂੰ ਵਾਧੂ ਡਿਊਟੀ ਤੋਂ ਹਟਾ ਕੇ ਜ਼ਰੂਰੀ ਥਾਵਾਂ ’ਤੇ ਤਾਇਨਾਤ ਕੀਤਾ ਜਾਵੇ।

ਗੁਪਤਾ ਨੇ ਦੱਸਿਆ ਕਿ ਗੈਰ-ਜ਼ਰੂਰੀ ਡਿਊਟੀਆਂ ਤੋਂ ਹਟਾਏ ਮੁਲਾਜ਼ਮਾਂ ਵਿੱਚ ਜ਼ਿਲ੍ਹਾ ਪੁਲਿਸ ਦਫਤਰਾਂ, ਪੁਲਿਸ ਲਾਈਨਜ਼, ਸਾਂਝ ਕੇਂਦਰਾਂ, ਪੁਲਿਸ/ਸਿਵਲ ਅਧਿਕਾਰੀਆਂ ਤੇ ਧਮਕੀਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨਾਲ ਜੁੜੇ ਅਤੇ ਹੋਰ ਯੂਨਿਟਾਂ ਨਾਲ ਆਰਜ਼ੀ ਤੌਰ ’ਤੇ ਜੁੜੇ ਮੁਲਾਜ਼ਮ ਸ਼ਾਮਲ ਹਨ। ਆਰਮਡ ਬਟਾਲੀਅਨਾਂ ਦੇ ਕੋਵਿਡ ਦਸਤਿਆਂ ਵਿੱਚ 475 ਕਰਮੀਆਂ ਦੀ ਨਫਰੀ ਤੋਂ ਇਲਾਵਾ ਵਾਧੂ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਸ਼ੰਭੂ ਬੈਰੀਅਰ ’ਤੇ 118, ਜ਼ਿਲ੍ਹਿਆਂ ਵਿੱਚ ਸੁਰੱਖਿਆ ਡਿਊਟੀ ’ਤੇ 191 ਅਤੇ ਆਰਮਡ ਬਟਾਲੀਅਨਾਂ ਦੇ ਗੈਰ-ਸਰਕਾਰੀ ਸੰਗਠਨਾਂ ’ਤੇ 102 ਜਵਾਨ ਲਾਏ ਗਏ ਹਨ। ਪੰਜਾਬ ਵਿੱਚ 10 ਹਜ਼ਾਰ ਦੇ ਕਰੀਬ ਪੁਲਿਸ ਕਰਮਚਾਰੀ ਸਿਆਸਤਦਾਨਾਂ, ਪੁਲਿਸ ਤੇ ਸਿਵਲ ਅਫ਼ਸਰਾਂ, ਧਾਰਮਿਕ ਆਗੂਆਂ ਅਤੇ ਡੇਰੇਦਾਰਾਂ ਦੀ ਸੁਰੱਖਿਆ ਲਈ ਤਾਇਨਾਤ ਹਨ। ਚੇਤੇ ਰਹੇ ਕਿ ਡੀਜੀਪੀ ਨੇ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦਿਆਂ ਅਜਿਹੀਆਂ ਮਹਿਲਾ ਕਰਮਚਾਰੀ, ਜਿਨ੍ਹਾਂ ਦੇ ਬੱਚਿਆਂ ਦੀ ਉਮਰ ਛੋਟੀ ਹੈ ਜਾਂ 55 ਸਾਲ ਤੋਂ ਵੱਧ ਤੇ ਕਿਸੇ ਬਿਮਾਰੀ ਤੋਂ ਪੀੜਤ ਹਨ, ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਗਈ ਹੈ।

Leave a Reply

Your email address will not be published. Required fields are marked *