India International

ਪਾਕਿਸਤਾਨ ਪਹੁੰਚੇ ਜਥੇਦਾਰ ਹਰਪ੍ਰੀਤ ਸਿੰਘ 10 ਦਿਨਾਂ ‘ਚ ਕਿੱਥੇ-ਕਿੱਥੇ ਜਾਣਗੇ, ਇੱਥੇ ਪੜ੍ਹੋ

ਚੰਡੀਗੜ੍ਹ- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ 13–ਮੈਂਬਰੀ ਸਿੱਖ ਜੱਥਾ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ। ਇਹ ਜੱਥਾ ਆਉਂਦੀ 21 ਫ਼ਰਵਰੀ ਨੂੰ ਨਨਕਾਣਾ ਸਾਹਿਬ ਸਾਕਾ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ ਬਰਸੀ ਮੌਕੇ ਪੁੱਜ ਰਿਹਾ ਹੈ।

ਪਾਕਿਸਤਾਨ ਰਵਾਨਗੀ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ 21 ਫ਼ਰਵਰੀ, 1921 ਨੂੰ 260 ਸਿੰਘਾਂ–ਸਿੰਘਣੀਆਂ ਨੇ ਸ਼ਹਾਦਤ ਪਾਈ ਸੀ। ਇਹ ਸ਼ਹੀਦੀ ਦਿਹਾੜਾ ਹਰ ਸਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਕਾ ਨਨਕਾਣਾ ਸਾਹਿਬ ਸ਼ਹੀਦੀ ਦਿਹਾੜੇ ਦੇ ਸਮਾਰੋਹ ’ਚ ਸ਼ਾਮਲ ਹੋਣ ਲਈ ਉਹਨਾਂ ਸਮੇਤ 12 ਹੋਰ ਸਿੱਖ ਪਾਕਿਸਤਾਨ ਜਾ ਰਹੇ ਹਨ। ਕੁੱਝ ਹੋਰ ਸਿੱਖ ਕੱਲ੍ਹ ਦਿੱਲੀ ਤੋਂ ਵੀ ਪਹੁੰਚ ਰਹੇ ਹਨ। ਉਹ ਕੱਲ੍ਹ ਹੀ ਪਾਕਿਸਤਾਨ ਪੁੱਜਣਗੇ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਦੇ ‘ਇਵੈਕੁਈ ਟ੍ਰੱਸਟ ਪ੍ਰਾਪਰਟੀ ਬੋਰਡ’ (ETPB) ਨੇ ਸ਼ਹੀਦੀ ਦਿਵਸ ਨਾਲ ਸੰਬੰਧਿਤ ਸਮਾਰੋਹ ਲਈ ਜਥੇਦਾਰ ਨੂੰ ਸੱਦਾ ਭੇਜਿਆ ਸੀ। ਜਥੇਦਾਰ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਹੋਰ ਗੁਰਦੁਆਰਾ ਸਾਹਿਬਾਨ ਦੇ ਵੀ ਦਰਸ਼ਨ ਕਰਨਗੇ।