India Punjab

ਦਿੱਲੀ ਦੇ ਮਜ਼ਲੂਮਾਂ ਲਈ ਸਿੱਖ ਨਿੱਤਰੇ,ਜਥੇਦਾਰ ਦਾ ਵੱਡਾ ਐਲਾਨ

ਚੰਡੀਗੜ੍ਹ- ਦਿੱਲੀ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਦੇ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਿੱਲੀ ਦੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਨ੍ਹਾਂ ਨਾਜ਼ੁਕ ਹਾਲਾਤਾਂ ਵਿੱਚ ਦਿੱਲੀ ਦੇ ਸਾਰੇ ਗੁਰੂ-ਘਰਾਂ ਦੇ ਪ੍ਰਬੰਧਕਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਪੀੜ੍ਹਤਾਂ ਦੇ ਨਾਲ ਖੜ੍ਹਨ ਦਾ ਆਦੇਸ਼ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਇਸ ਵਕਤ ਦਿੱਲੀ ਵਿੱਚ ਹਾਲਾਤ ਬਹੁਤ ਹੀ ਨਾਜ਼ੁਕ ਹਨ ਅਤੇ ਦਿੱਲੀ ਦੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਪੀੜ੍ਹਤਾਂ ਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਉਹ ਪੀੜ੍ਹਤ ਹਿੰਦੂ ਜਾਂ ਮੁਸਲਮਾਨ ਜਾਂ ਕੋਈ ਵੀ ਹੋਵੇ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬਾਨ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇ। ਉਨ੍ਹਾਂ ਨੇ ਪੀੜ੍ਹਤਾਂ ਨੂੰ ਸ਼ਰਨ ਦੇਣ ਦੇ ਨਾਲ ਲੰਗਰ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਣ ਲਈ ਕਿਹਾ ਹੈ।

ਦਿੱਲੀ ਵਿੱਚ 21-22 ਫ਼ਰਵਰੀ ਤੋਂ ਲੈ ਕੇ ਲਗਾਤਾਰ ਹਿੰਸਕ ਝੜਪਾਂ ਹੋ ਰਹੀਆਂ ਹਨ। ਇਨ੍ਹਾਂ ਹਿੰਸਕ ਘਟਨਾਵਾਂ ਵਿੱਚ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਦੇ ਵਿੱਚ ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿੱਥੇ ਬਹੁ-ਗਿਣਤੀ ਵਿੱਚ ਮੁਸਲਿਮ ਭਾਈਚਾਰਾ ਰਹਿੰਦਾ ਹੈ। ਇਸ ਦਰਮਿਆਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇਹ ਐਲਾਨ ਮੁਸਲਿਮ ਭਾਈਚਾਰੇ ਲਈ ਵੱਡੀ ਰਾਹਤ ਲੈ ਕੇ ਆਵੇਗਾ।