India Punjab

ਜਿੱਥੇ ਭਾਈ ਨਿਰਮਲ ਸਿੰਘ ਦੀ ਮੌਤ ਹੋਈ ਸੀ ਉਸ ਹਸਪਤਾਲ ਦੇ ਮੰਦੜੇ ਹਾਲ ਸੁਣ ਲਉ

‘ਦ ਖਾਲਸ ਬਿਊਰੋ :- ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧ ਹੇਠ ਸਥਾਪਿਤ ਆਈਸੋਲੇਸ਼ਨ ਵਾਰਡ ਵਿੱਚ ਅੱਗੇ ਹੋ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਜੂਨੀਅਰ ਰੈਜ਼ੀਡੈਂਟ ਡਾਕਟਰ, ਨਰਸਾਂ ਤੇ ਹੋਰ ਪੈਰਾ ਮੈਡੀਕਲ ਅਮਲੇ ਦਾ ਹਾਲ ਅਜਿਹਾ ਹੈ, ਜਿਵੇਂ ਕਿ ਬਿਨਾਂ ਹਥਿਆਰਾਂ ਦੇ ਇਕ ਸਿਪਾਹੀ ਨੂੰ ਸਰਹੱਦ ’ਤੇ ਜੰਗ ਲੜਨ ਲਈ ਭੇਜ ਦਿੱਤਾ ਹੋਵੇ। ਆਈਸੋਲੇਸ਼ਨ ਵਾਰਡ ਵਿਚ ਹੁਣ ਤੱਕ ਅੰਮ੍ਰਿਤਸਰ ਦੇ 10 ਕਰੋਨਾ ਪੀੜਤ ਮਰੀਜ਼ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 2 ਦੀ ਮੌਤ ਵੀ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੇ ਆਈਸੋਲੇਸ਼ਨ ਵਾਰਡ ਵਿੱਚ ਵਧੇਰੇ ਡਿਊਟੀ ਜੂਨੀਅਰ ਰੈਜ਼ੀਡੈਂਟ ਡਾਕਟਰਾਂ, ਸਟਾਫ਼ ਨਰਸਾਂ ਤੇ ਹੋਰ ਪੈਰਾ ਮੈਡੀਕਲ ਸਟਾਫ਼ ਦੀ ਲਾਈ ਗਈ ਹੈ। ਤਿੰਨ ਸ਼ਿਫ਼ਟਾਂ ਵਿੱਚ 24 ਘੰਟੇ ਡਿਊਟੀ ਦਿੱਤੀ ਜਾ ਰਹੀ ਹੈ। ਰਾਤ ਦੀ ਡਿਊਟੀ ਵਾਲੇ ਅਮਲੇ ਨੂੰ 12 ਘੰਟੇ ਇੱਥੇ ਇਸੇ ਵਾਰਡ ਵਿੱਚ ਬਿਤਾਉਣੇ ਪੈਂਦੇ ਹਨ, ਜਦਕਿ ਬਾਕੀ ਦੋ ਸ਼ਿਫਟਾਂ ਵਿਚ 6-6 ਘੰਟੇ ਦੀ ਡਿਊਟੀ ਹੈ।

ਸੀਨੀਅਰ ਡਾਕਟਰ ਸਿਰਫ਼ ਇੱਥੇ ਰਾਊਂਡ ਵਾਸਤੇ ਜਾਂ ਫਿਰ ਐਮਰਜੈਂਸੀ ਵੇਲੇ ਹੀ ਆਉਂਦੇ ਹਨ। ਵਧੇਰੇ ਜੋਖ਼ਮ ਭਰੀ ਇਹ ਡਿਊਟੀ ਕਰਨ ਵਾਲੇ ਅਮਲੇ ਨੂੰ ਤਾਂ ਇਸ ਵਾਇਰਸ ਤੋ ਬਚਾਅ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ ਪਰ ਅਮਲੇ ਨੂੰ ਬਚਾਅ ਵਾਲੇ ਸਾਜ਼ੋ-ਸਾਮਾਨ ਵਾਸਤੇ ਵੀ ਜੂਝਣਾ ਪੈ ਰਿਹਾ ਹੈ। ਅਮਲੇ ਨੇ ਇੱਥੇ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਕੋਲ ਇਹ ਮੰਗਾਂ ਰੱਖੀਆਂ ਹਨ ਅਤੇ ਇਸ ਬਾਰੇ ਬਹਿਸ ਵੀ ਕਰਨੀ ਪਈ ਸੀ। ਇਸ ਤੋਂ ਪਹਿਲਾਂ ਵੀ ਇਹ ਅਮਲਾ ਰੋਸ ਦਾ ਪ੍ਰਗਟਾਵਾ ਕਰ ਚੁੱਕਾ ਹੈ। ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰ ਰਹੀ ਇਕ ਸਟਾਫ਼ ਨਰਸ ਦਿਲਰਾਜ ਕੌਰ ਨੇ ਦੱਸਿਆ ਕਿ ਉਹ ਆਪਣੀ ਇਸ ਡਿਊਟੀ ਕਾਰਨ ਇੱਕ ਅਪ੍ਰੈਲ ਤੋਂ ਘਰ ਇਸ ਲਈ ਨਹੀਂ ਗਈ ਕਿਉਂਕਿ ਘਰ ਵਿੱਚ ਉਸ ਦੇ ਦੋ ਛੋਟੇ ਬੱਚੇ ਅਤੇ ਹੋਰ ਮੈਂਬਰ ਹਨ। ਵਾਇਰਸ ਦੀ ਲਾਗ ਲੱਗਣ ਦੇ ਡਰ ਕਾਰਨ ਉਹ ਬਾਹਰ ਰਹਿ ਰਹੀ ਹੈ। ਬਾਕੀ ਸਟਾਫ਼ ਨੇ ਕਿਹਾ ਕਿ ਅਜਿਹੀ ਜੋਖ਼ਮ ਵਾਲੀ ਸਥਿਤੀ ਵਿੱਚ ਕੰਮ ਕਰਨ ਲਈ ਅਮਲੇ ਨੂੰ ਪੀਪੀਈ ਕਿੱਟਾਂ, ਐੱਨ 95 ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਦੀ ਲੋੜ ਹੈ। ਬਿਨਾਂ ਸਾਮਾਨ ਦੇ ਕਿਵੇਂ ਉਹ ਕੰਮ ਕਰ ਸਕਦੇ ਹਨ।

ਜੂਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਤੋਂ ਇਲਾਵਾ ਐਮਰਜੈਂਸੀ ਵਾਰਡ ਵਿੱਚ ਕੰਮ ਕਰਨ ਵਾਲੇ ਅਮਲੇ ਨੂੰ ਵੀ ਪੀਪੀਈ ਕਿੱਟ, ਐੱਨ 95 ਮਾਸਕ ਦੀ ਲੋੜ ਹੈ ਕਿਉਂਕਿ ਅਜਿਹੇ ਮਰੀਜ਼ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਹੀ ਲਿਆਂਦਾ ਜਾਂਦਾ ਹੈ। ਤਾਲਮੇਲ ਕਮੇਟੀ ਪੈਰਾ ਮੈਡੀਕਲ ਜਥੇਬੰਦੀ ਦੇ ਆਗੂ ਪ੍ਰੇਮ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਮੰਤਰੀ ਨਾਲ ਹੋਈ ਗੱਲਬਾਤ ਤੋ ਬਾਅਦ ਅੱਜ ਕੁਝ ਐੱਨ 95 ਮਾਸਕ ਮਿਲੇ ਹਨ, ਪਰ ਲੋੜ ਬਰਕਰਾਰ ਹੈ। ਇਸ ਸਬੰਧੀ ਮੈਡੀਕਲ ਸੁਪਰਡੈਂਟ ਡਾ. ਰਮਨ ਨਾਲ ਗੱਲਬਾਤ ਨਹੀਂ ਹੋ ਸਕੀ। ਦੋ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਕੋਈ ਹੁੰਗਾਰਾ ਨਹੀਂ ਦਿੱਤਾ। ਇਸੇ ਦੌਰਾਨ ਸਥਾਨਕ ਸਿਵਲ ਅਤੇ ਸੈਸ਼ਨ ਜੱਜ ਬੀਐੱਸ ਸੰਧੂ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਮਦਦ ਨਾਲ 200 ਪੀਪੀਈ ਕਿੱਟਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਵੀ ਡਾਕਟਰੀ ਤੇ ਪੈਰਾ ਮੈਡੀਕਲ ਅਮਲੇ ਵਾਸਤੇ ਕਿੱਟਾਂ, ਮਾਸਕ ਤੇ ਹੋਰ ਸਾਮਾਨ ਭੇਂਟ ਕਰ ਚੁੱਕੇ ਹਨ।