Punjab

ਜਲੰਧਰ ‘ਚ ਕਿਉਂ ਕੀਤੀ CRPF ਤੈਨਾਤ, ਲੋਕ ਸਹਿਮੇ

ਚੰਡੀਗੜ੍ਹ-  ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿੱਚ ਦਹਿਸ਼ਤ ਮਚਾਈ ਹੋਈ ਹੈ। ਇਸਦੇ ਚੱਲਦਿਆਂ ਜਲੰਧਰ ਵਿੱਚ ਸੀਆਰਪੀਐੱਫ ਦੇ ਜਵਾਨਾਂ ਦੀ ਤਾਇਨਾਤੀ ਨੇ ਲੋਕਾਂ ’ਚ ਸਹਿਮ ਪੈਦਾ ਕਰ ਦਿੱਤਾ ਹੈ। ਜਲੰਧਰ ਸ਼ਹਿਰ ਵਿੱਚ ਕੁੱਝ ਥਾਵਾਂ ’ਤੇ ਨੀਮ ਸੁਰੱਖਿਆ ਬਲਾਂ ਦੀ ਅੱਜ ਤਾਇਨਾਤੀ ਕੀਤੀ ਗਈ ਹੈ। ਲੁਧਿਆਣਾ ਵਿੱਚ ਸੋਮਵਾਰ ਨੂੰ ਕੋਰੋਨਾਵਾਇਰਸ ਨਾਲ ਇੱਕ ਔਰਤ ਦੀ ਮੌਤ ਹੋਣ ਤੋਂ ਬਾਅਦ ਇਸ ਸ਼ਹਿਰ ਨੂੰ ਪੁਲੀਸ ਨੇ ਸੀਲ ਕੀਤਾ ਹੋਇਆ ਹੈ ਅਤੇ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਹੀ ਭੱਠਿਆਂ ਸਮੇਤ ਕਈ ਉਦਯੋਗ ਚਲਾਉਣ, ਬੈਂਕ ਖੋਲ੍ਹਣ, ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਮਰੀਜ਼ਾਂ ਨੂੰ ਬਿਨਾਂ ਪਾਸ ਤੋਂ ਕਰਫਿਊ ਦੌਰਾਨ ਵਿਚਰਨ ਤੇ ਕੰਮ ਕਰਨ ਦੀ ਖੁੱਲ੍ਹ ਦਿੱਤੀ ਸੀ।

ਉਧਰ ਸੂਬੇ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਕਿਹਾ ਕਿ ਜਲੰਧਰ ਵਿੱਚ ਨੀਮ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਨਾ ਸਰਕਾਰ ਦਾ ਕੋਈ ਨੀਤੀਗਤ ਫੈਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਾਇਨਾਤੀ ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹਤਿਆਤ ਵਜੋਂ ਕੀਤੀ ਹੈ ਅਤੇ ਇਹ ਕੋਈ ਗੰਭੀਰ ਮਾਮਲਾ ਨਹੀਂ ਹੈ। ਸ੍ਰੀ ਚੰਦਰਾ ਨੇ ਕਿਹਾ ਕਿ ਪੰਜਾਬ ਵਿੱਚ ਹੋਰ ਕਿਤੇ ਵੀ ਨੀਮ ਸੁਰੱਖਿਆ ਬਲ ਤਾਇਨਾਤ ਨਹੀਂ ਕੀਤੇ ਗਏ ਹਨ। ਉਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨੀਮ ਸੁਰੱਖਿਆ ਬਲਾਂ ਦੇ 20 ਕੁ ਜਵਾਨਾਂ ਦੀ ਤਾਇਨਾਤੀ ਸਬਜ਼ੀ ਮੰਡੀ ਵਿੱਚ ਕੀਤੀ ਗਈ ਹੈ।

ਸੂਬੇ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਣ ਲਈ ਲਾਈਆਂ ਗਈਆਂ ਪਾਬੰਦੀਆਂ ਦਾ ਅੱਜ 10ਵਾਂ ਦਿਨ ਹੈ। ਪੁਲੀਸ ਵੱਲੋਂ ਕਰਫਿਊ ਦੀ ਉਲੰਘਣਾ ਦੇ ਮਾਮਲੇ ’ਚ 900 ਤੋਂ ਵੱਧ ਪਰਚੇ ਦਰਜ ਕੀਤੇ ਗਏ ਹਨ ਅਤੇ 1400 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਅਕਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।

ਖ਼ੁਫੀਆ ਏਜੰਸੀਆਂ ਤੋਂ ਰਾਜ ਸਰਕਾਰ ਨੂੰ ਹਾਸਲ ਹੋ ਰਹੀਆਂ ਰਿਪੋਰਟਾਂ ਮੁਤਾਬਕ ਪਾਬੰਦੀਆਂ ਕਾਰਨ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਸੂਬੇ ਵਿੱਚ ਕਰਫਿਊ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਰਕਾਰੀ ਪ੍ਰਬੰਧਾਂ ਬਾਰੇ ਮੀਟਿੰਗਾਂ ਦੌਰਾਨ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ। ਉਚ ਪੱਧਰੀ ਸੂਤਰਾਂ ਮੁਤਾਬਕ ਅਜਿਹੀ ਇੱਕ ਮੀਟਿੰਗ ਦੌਰਾਨ ਸੋਮਵਾਰ ਨੂੰ ਡੀਜੀਪੀ ਦਿਨਕਰ ਗੁਪਤਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਕੀਤਾ ਸੀ ਕਿ ਰਿਪੋਰਟਾਂ ਮੁਤਾਬਕ ਲੋਕਾਂ ਨੂੰ ਜ਼ਿਆਦਾ ਸਮਾਂ ਸਖ਼ਤੀ ਨਾਲ ਘਰਾਂ ’ਚ ‘ਬੰਨ੍ਹ’ ਕੇ ਰੱਖਣਾ ਮੁਸ਼ਕਲ ਹੋ ਜਾਵੇਗਾ।

ਸਰਕਾਰ ਨੇ 14 ਅਪਰੈਲ ਤੱਕ ਤਾਂ ਪਾਬੰਦੀਆਂ ਵਧਾਈਆਂ ਹਨ, ਉਸ ਤੋਂ ਬਾਅਦ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਹੀ ਫੈਸਲਾ ਲਿਆ ਜਾਵੇਗਾ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਦਿਹਾੜੀਦਾਰ ਮਜ਼ਦੂਰਾਂ ਅਤੇ ਹੋਰ ਕਾਮਿਆਂ ਦੇ ਹੱਥੋਂ ਰੁਜ਼ਗਾਰ ਖੁੱਸਣ ਤੋਂ ਬਾਅਦ ਰਾਸ਼ਨ ਦਾ ਪ੍ਰਬੰਧ ਕਰਨਾ ਕੋਈ ਸੁਖਾਲਾ ਕੰਮ ਨਹੀਂ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦੇ ਫੈਲਾਅ ਦੀ ਅਸਲ ਸਥਿਤੀ ਭਾਵੇਂ 10 ਅਪਰੈਲ ਦੇ ਨੇੜੇ ਜਾ ਕੇ ਸਪੱਸ਼ਟ ਹੋਵੇਗੀ ਪਰ ਯੂਰੋਪ ਅਤੇ ਅਮਰੀਕਾ ਦੇ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਪਾਬੰਦੀਆਂ ਮਈ ਤੱਕ ਜਾਰੀ ਰਹਿਣ ਦਾ ਖ਼ਦਸ਼ਾ ਪ੍ਰਗਟਾਇਆ ਹੈ।