‘ਦ ਖ਼ਾਲਸ ਬਿਊਰੋ:- ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੂਰਾ ਪੰਜਾਬ ਸੜਕਾਂ ‘ਤੇ ਆ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਨਾਲ ਹੀ ਬੀਜੇਪੀ ਨੂੰ ਛੱਡ ਸਾਰੀਆਂ ਸਿਆਸੀ ਧਿਰਾਂ ਵੀ ਸੰਘਰਸ਼ ਵਿੱਚ ਕੁੱਦ ਪਈਆਂ ਹਨ।   ਖੇਤੀ ਬਿੱਲਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਕਿਸਾਨ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ, ਉਥੇ ਹੀ  ਸਿਆਸੀ ਆਗੂ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।

ਹਰਿਆਣਾ ਵਿੱਚ ਵੀ ਕਿਸਾਨ ਇਨ੍ਹਾਂ ਆਰਡੀਨੈਂਸਾਂ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਸਾਰੇ ਮੁੱਖ ਮਾਰਗ ਜਾਮ ਕਰ ਦਿੱਤੇ ਹਨ। ਹਰਿਆਣਾ ਨੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਹੈ। ਖੇਤੀਬਾੜੀ ਬਿੱਲਾਂ ਖ਼ਿਲਾਫ਼ ਪੰਜਾਬ ਯੂਥ ਕਾਂਗਰਸ ਵੱਲੋਂ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਜ਼ੀਰਕਪੁਰ, ਡੇਰਾਬੱਸੀ ਰਾਹੀਂ ਦਿੱਲੀ ਜਾਵੇਗੀ।  ਹਾਲਾਂਕਿ ਹਰਿਆਣਾ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਇਸ ਮਾਰਚ ਨੂੰ ਹਰਿਆਣਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।  ਕਿਸਾਨਾਂ ਨੇ ਮਾਰਚ ਦੌਰਾਨ ਕਾਲੇ ਰੰਗ ਦੇ ਗੁਬਾਰੇ ਉਡਾ ਕੇ ਸਰਕਾਰ ਖਿਲਾਫ ਨਰਾਜ਼ਗੀ ਜਤਾਈ।

ਯੂਥ ਕਾਂਗਰਸ ਦੇ ਵਰਕਰ ਟਰੈਕਟਰਾਂ ‘ਤੇ ਸਵਾਰ ਹੋ ਕੇ ਦਿੱਲੀ ਨੂੰ ਕੂਚ ਕਰਨਗੇ।  ਦਿੱਲੀ ’ਚ ਸੰਸਦ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਨਗੇ। ਯੂਥ ਕਾਂਗਰਸ ਦੀ ਮੰਗ ਹੈ ਕਿ ਬਿੱਲਾਂ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ ਵਰਕਰਾਂ ਤੋਂ ਇਲਾਵਾ ਕਿਸਾਨਾਂ ਦਾ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਉਹ ਦਿੱਲੀ ਕੂਚ ਕਰਨਗੇ, ਭਾਵੇਂ ਜੋ ਵੀ ਮੁਸ਼ਕਿਲਾਂ ਆਉਣ।

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਰਾਜ ਸਭਾ ‘ਚ ਖੇਤੀ ਬਿੱਲ ਪੇਸ਼ ਕਰ ਦਿੱਤਾ ਹੈ। ਇਸ ਦੌਰਾਨ ਤੋਮਰ ਨੇ ਕਿਹਾ ਹੈ ਕਿ ਖੇਤੀ ਨਾਲ ਸਬੰਧਿਤ 2 ਬਿੱਲ ਇਤਿਹਾਸਿਕ ਹਨ, ਜਿਨ੍ਹਾਂ ਨਾਲ ਕਿਸਾਨਾਂ ਦੀ ਜ਼ਿੰਦਗੀ ਬਦਲ ਜਾਵੇਗੀ।  ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 24 ਤੋਂ 26 ਸਤੰਬਰ ਦਰਮਿਆਨ 48 ਘੰਟਿਆਂ ਲਈ ਰੇਲ ਆਵਾਜਾਈ ਬੰਦ ਕਰ ਦੇਣਗੀਆਂ।  ਦੋ ਦਿਨਾਂ ਤੱਕ ਪੰਜਾਬ ਵਿੱਚ ਕਿਸੇ ਵੀ ਰੇਲ ਗੱਡੀ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ।  25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ।

Leave a Reply

Your email address will not be published. Required fields are marked *