ਚੰਡੀਗੜ੍ਹ ਬਿਊਰੋ:- 14 ਮਾਰਚ ਨੂੰ ਆਪਣਾ ਨਿੱਜੀ ਯੂਟਿਊਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ 18 ਮਾਰਚ ਨੂੰ ਇੱਕ ਨਵਾਂ ਵੀਡੀਉ ਜਾਰੀ ਕਰਕੇ ‘ਜਿੱਤੇਗਾ ਪੰਜਾਬ’ ਰਾਹੀਂ ਆਪਣਾ ਮਕਸਦ ਦੱਸਿਆ।

ਪੰਜਾਬ ਨੂੰ ਬਚਾਉਣ ਦੀ ਖਾਤਰ ਧਰਮਯੁੱਧ ਦਾ ਐਲਾਨ ਕਰਦਿਆਂ ਸਿੱਧੂ ਨੇ ਪੰਜਾਬੀਆਂ ਨੂੰ ਦੋ ਰਾਹ ਦੱਸੇ। ਪਹਿਲਾ ਰਾਹ ਪੰਜਾਬ ਨੂੰ ਕਰਜ਼ਦਾਰ ਬਣਾਉਣ ਵਾਲੇ ਪੂੰਜੀਵਾਦੀ ਸਿਸਟਮ ਦਾ ਅਤੇ ਦੂਜਾ ਰਾਹ ਹਰ ਪੰਜਾਬੀ ਦੇ ਸੁਪਨਿਆਂ ਵਾਲਾ ਸੰਪੰਨ ਪੰਜਾਬ ਬਣਾਉਣ ਖਾਤਰ ਆਤਮ ਨਿਰਭਰ ਬਣਨ ਵਾਲਾ ਦੱਸਿਆ। ਦੋਵੇਂ ਰਾਹ ਦੱਸਦਿਆਂ ਸਿੱਧੂ ਨੇ ਪੰਜਾਬੀਆਂ ਨੂੰ ਆਤਮ ਨਿਰਭਰ ਹੋਣ ਦਾ ਸੁਨੇਹਾ ਦਿੰਦੇ ਹੋਏ ਇਕਮੁਠ ਹੋਣ ਦਾ ਸੱਦਾ ਦਿੱਤਾ।

ਸਿੱਧੂ ਨੇ ਦਾਅਵਾ ਕੀਤਾ ਕਿ ਮੈਂ ਜਿਹੜੀ ਵੀ ਸਰਕਾਰ ਦਾ ਹਿੱਸਾ ਰਿਹਾ, ਉਸਦੇ ਦੈਂਤ ਰੂਪੀ ਸਿਸਟਮ ਨੇ ਵਹਾਅ ਨਾਲ ਚੱਲਣ ਦਾ ਸੱਦਾ ਦਿੱਤਾ, ਪਰ ਮੈਂ ਨਾਲ ਨਹੀਂ ਰਲਿਆ, ਸਗੋਂ ਸਿਸਟਮ ਚ ਰਹਿ ਕੇ ਲੜਿਆ। ਸਿੱਧੂ ਮੁਤਾਬਕ ਉਹ ਆਪਣੇ ਸਟੈਂਡ ਤੋਂ ਕਦੇ ਪਿੱਛੇ ਨਹੀਂ ਹਟੇ ਅਤੇ ਨਾ ਹੀ ਹਟਣਗੇ।

ਲੋਕਾਂ ਦੇ ਸਨਮੁਖ ਇੱਕ ਖਾਸ ਮਨਸੂਬਾ ਲੈ ਕੇ ਆਏ ਸਿੱਧੂ ਨੇ ਆਪਣੀ ਪ੍ਰੇਰਨਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਦੱਸਿਆ। ਆਪਣੇ ਆਪ ਨੂੰ ਸੱਚ ਦੀ ਲੜਾਈ ਲੜਨ ਵਾਲਾ ਯੋਧਾ ਦੱਸਦਿਆਂ ਸਿੱਧੂ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਪਰਿਵਾਰਵਾਦ ਦੀ ਸਿਆਸਤ ਨੂੰ ਬੜ੍ਹਾਵਾ ਦੇਣ ਵਾਲੇ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਕੈਪਟਨ ਦੋਵਾਂ ਤੇ ਹੀ ਨਿਸ਼ਾਨਾ ਲਾ ਦਿੱਤਾ। ਸਿੱਧੂ ਮੁਤਾਬਕ ਅੱਤ ਨੂੰ ਖੁਦਾ ਦਾ ਵੈਰ ਹੈ ਅਤੇ ਸਾਰੀ ਲੜਾਈ ਵਿਚਾਰਧਾਰਾ ਦੀ ਹੈ।

ਮਲਟੀ ਕੈਮਰਿਆਂ ਨਾਲ ਸ਼ੂਟ ਕੀਤਾ ਸਿੱਧੂ ਦਾ ਦੂਜਾ ਵੀਡੀਉ ਵੀ ਉਨਾਂ ਦੇ ਅੰਮ੍ਰਿਤਸਰ ਸਥਿਤ ਆਲੀਸ਼ਾਨ ਬਸੇਰੇ ਵਿੱਚ ਹੀ ਸ਼ੂਟ ਕੀਤਾ ਗਿਆ ਹੈ। ਪੰਜਾਬ ਨੂੰ ਕਰਜ਼ਦਾਰ ਬਣਾਉਣ ਵਾਲੇ ਪੂੰਜੀਵਾਦੀ ਸਿਸਟ ਮੂਹਰੇ ਗੋਡੇ ਟੇਕੋ ਜਾਂ ਆਤਮ ਨਿਰਭਰ ਰਹਿੰਦਿਆਂ ਆਪਣੇ ਸੁਪਨਿਆਂ ਦਾ ਪੰਜਾਬ ਸਿਰਜ ਲਉ, ਇਹ ਦੋ ਰਾਹ ਦੱਸਦਿਆਂ ਸਿੱਧੂ ਨੇ ਗੇਂਦ ਪੰਜਾਬੀਆਂ ਦੇ ਪਾਲੇ ਸੁੱਟ ਦਿੱਤੀ ਹੈ, ਜਿਸਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਕਿਸੇ ਨਵੇਂ ਬਦਲਾਅ ਦੀ ਅੰਗੜਾਈ ਭਰਦੀ ਵੀ ਦਿਖਾਈ ਦੇ ਸਕਦੀ ਹੈ।

Leave a Reply

Your email address will not be published. Required fields are marked *