ਚੰਡੀਗੜ੍ਹ-(ਪੁਨੀਤ ਕੌਰ) ਵਾਸ਼ਿੰਗਟਨ ਸਟੇਟ ਦੇ ਪ੍ਰਾਇਮਰੀ ਸਕੂਲਾਂ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਸ਼ਾਮਿਲ ਕੀਤਾ ਜਾਵੇਗਾ। ਵਾਸ਼ਿੰਗਟਨ ਦੇ ਸਿੱਖਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿੱਚ ਸਿੱਖਾਂ ਨੇ ਵਾਸ਼ਿੰਗਟਨ ਸਟੇਟ ਦੀ ਸੈਨੇਟਰ ਮਨਕਾ ਢੀਂਗਰਾ ਨੂੰ ਇੱਕ ਮੰਗ ਪੱਤਰ ਦੇ ਕੇ ਉੱਥੋਂ ਦੇ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਸੀ। ਮਨਕਾ ਢੀਂਗਰਾ ਨੇ ਇਹ ਮਾਮਲਾ ਸਟੇਟ ਹਾਊਸ ਵਿੱਚ ਉਠਾਇਆ ਸੀ ਤੇ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਬੀਤੇ ਦਿਨ ਇਸ ਨੂੰ ਪਾਸ ਕਰਵਾ ਲਿਆ ਸੀ। ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿੱਚ ਇੱਕ ਵਫ਼ਦ ਜਿਸ ਵਿੱਚ ਹੀਰਾ ਸਿੰਘ ਭੁੱਲਰ ਤੇ ਕਮਿਊਨਿਟੀ ਡਿਵੈਲਪਮੈਂਟ ਰੂਚਾ ਕੌਰ ਨੇ ਵਾਸ਼ਿੰਗਟਨ ਸਟੇਟ ਦੀ ਰਾਜਧਾਨੀ ਉਲੰਪੀਆ ਵਿਖੇ ਸਟੇਟ ਸੈਨੇਟਰ ਮਨਕਾ ਢੀਂਗਰਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮਨਕਾ ਢੀਂਗਰਾ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਦੇ ਕੁੱਝ ਹਿੱਸੇ ਨੂੰ ਸ਼ਾਮਿਲ ਕਰਨ ਦੀ ਮੰਗ ਪ੍ਰਵਾਨ ਹੋ ਗਈ ਹੈ। ਇਸ ਨਾਲ ਉੱਥੋਂ ਦੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਪਤਾ ਲੱਗ ਸਕੇਗਾ।

 

ਮਨਕਾ ਢੀਂਗਰਾ ਨੇ ਕਿਹਾ ਕਿ ਉਹ ਇਹ ਸਿਲੇਬਸ ਮਿਡਲ ਕਲਾਸ ਵਿੱਚ ਸ਼ਾਮਿਲ ਕਰਵਾਉਣ ਲਈ ਵੀ ਯਤਨ ਕਰਨਗੇ। ਸਤਪਾਲ ਸਿੰਘ ਪੁਰੇਵਾਲ ਨੇ ਅੱਜ ਦੇ ਦਿਨ ਨੂੰ ਸਿੱਖਾਂ ਲਈ ਇਤਿਹਾਸਕ ਕਰਾਰ ਦਿੱਤਾ ਅਤੇ ਉਨ੍ਹਾਂ ਨੇ ਮਨਕਾ ਢੀਂਗਰਾ ਦਾ ਪੂਰੇ ਸਿੱਖ ਭਾਈਚਾਰੇ ਵੱਲੋਂ ਧੰਨਵਾਦ ਕੀਤਾ। ਸਤਪਾਲ ਸਿੰਘ ਪੁਰੇਵਾਲ ਨੇ ਮਨਕਾ ਢੀਂਗਰਾ ਨੂੰ ਆਪਣੀ ਸਟੇਟ ਵਿੱਚ ਰੈੱਡ ਕਰਾਸ ਦੇ ਬਾਨੀ ਭਾਈ ਘਨੱਈਆ ਜੀ ਜਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਸਰਕਾਰੀ ਛੁੱਟੀ ਕਰਵਾਉਣ ਦੀ ਬੇਨਤੀ ਵੀ ਕੀਤੀ ਤਾਂ ਜੋ ਦੁਨੀਆਂ ਨੂੰ ਸਿੱਖ ਕੌਮ ਦੇ ਇਨ੍ਹਾਂ ਮਹਾਨ ਯੋਧਿਆਂ ਬਾਰੇ ਪਤਾ ਲੱਗ ਸਕੇ। ਮਨਕਾ ਢੀਂਗਰਾ ਨੇ ਸਤਪਾਲ ਸਿੰਘ ਪੁਰੇਵਾਲ ਨੂੰ ਯਕੀਨ ਦਿਵਾਇਆ ਕਿ ਉਹ ਇਸ ਮੰਗ ਨੂੰ ਪ੍ਰਵਾਨ ਕਰਵਾਉਣ ਲਈ ਯਤਨ ਕਰਨਗੇ। ਉਨ੍ਹਾਂ ਇੱਕ ਹੋਰ ਸੁਝਾਅ ਵੀ ਦਿੱਤਾ ਕਿ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਦਿਵਸ ਵੀ ਰੱਖੀ ਜਾ ਸਕਦੀ ਹੈ ਜਿਸਦੇ ਪੂਰੇ ਹੋਣ ਦੇ ਆਸਾਰ ਉਨ੍ਹਾਂ ਨੂੰ ਨਜ਼ਰ ਆ ਰਹੇ ਹਨ।