International

ਅਮਰੀਕਾ ‘ਚ ਇੱਕ ਦਿਨ ‘ ਚ 1800 ਸੱਥਰ ਵਿਛੇ

ਚੰਡੀਗੜ੍ਹ ( ਹਿਨਾ ) ਕੋਰੋਨਾ ਵਾਇਰਸ ਦਾ ਖ਼ਤਰਾ ਹਰ ਨਵੇਂ ਦਿਨ ਨਾਲ ਵਧਦਾ ਜਾ ਰਿਹਾ ਹੈ। ਸਾਰੀ ਦੁਨਿਆ ‘ਚ ਹੁਣ ਇਸਦਾ ਅਸਰ ਘੱਟਣ ‘ਤੇ ਨਹੀਂ ਆ ਰਿਹਾ, ਅਮਰੀਕਾ ’ਚ ਕੋਰੋਨਾ ਵਾਇਰਸ ਦਾ ਕਹਿਰ ਨਿੱਤ ਨਵੀਂ ਤਬਾਹੀ ਦਾ ਦ੍ਰਿਸ਼ ਵਿਖਾ ਰਿਹਾ ਹੈ। ਅਮਰੀਕਾ ’ਚ ਪਿਛਲੇ 24 ਘੰਟਿਆਂ ’ਚ ਇਸ ਮਹਾਂਮਾਰੀ ਕਾਰਨ ਲਗਭਗ 1800 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਜਾਣਕਾਰੀ ਜੌਨ ਹੌਪਕਿਨਜ਼ ਯੂਨੀਵਰਸਿਟੀ ਨੇ ਦਿੱਤੀ ਹੈ। ਅਮਰੀਕਾ ‘ਚ ਹੁਣ ਤੱਕ ਇਸ ਘਾਤਕ ਵਾਇਰਸ ਨਾਲ 12,786 ਜਾਨਾਂ ਜਾ ਚੁੱਕੀਆਂ ਹਨ ਤੇ ਇਸ ਵੇਲੇ 3.95 ਲੱਖ ਤੋਂ ਵੱਧ ਵਿਅਕਤੀ ਕੋਰੋਨਾ– ਪਾਜ਼ੀਟਿਵ ਹਨ।

ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਮਹਾਂਮਾਰੀ ਅਮਰੀਕਾ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਮੌਤਾਂ ਦੇ ਮਾਮਲੇ ’ਚ ਅਮਰੀਕਾ ਦੁਨੀਆ ’ਚ ਤੀਜੇ ਸਥਾਨ ’ਤੇ ਹੈ। ਅਮਰੀਕਾ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 12,000 ਤੋਂ ਜ਼ਿਆਦਾ ਹੋਣ ਦੇ ਨਾਲ ਹੀ ਦੇਸ਼ ਇਸ ਖ਼ਤਰੇ ਨਾਲ ਨਿਪਟਣ ਲਈ ਸਭ ਤੋਂ ਔਖੇ ਹਫ਼ਤੇ ‘ਚ ਦਾਖ਼ਲ ਹੋ ਗਿਆ ਹੈ। ਅਮਰੀਕਾ ਦੇ ਨਿਊ ਯਾਰਕ ਇਸ ਵਾਇਰਸ ਦਾ ਕੇਂਦਰ ਬਣਿਆ ਹੋਇਆ ਹੈ ਤੇ ਇਹ ਸ਼ਹਿਰ ‘ਚ ਮਰਨ ਵਾਲਿਆਂ ਦੀ ਗਿਣਤੀ 5,000 ਦੇ ਨੇੜੇ ਪੁੱਜ ਗਈ ਹੈ ਤੇ 1.30 ਲੱਖ ਵਿਅਕਤੀ ਇਸ ਵਾਇਰਸ ਦੀ ਲਾਗ ਤੋਂ ਪੀੜਤ ਹਨ। ਉਂਝ ਇਸ ਮਹਾਂਨਗਰ ‘ਚ ਮੌਤਾਂ ਦੀ ਦਰ ਕੁੱਝ ਘਟੀ ਹੈ।

ਵ੍ਹਾਈਟ ਹਾਊਸ ਟਾਸਕ ਫ਼ੋਰਸ ਦੇ ਮੈਂਬਰਾਂ ਨੇ ਕਿਹਾ ਕਿ ਨਵੇਂ ਅੰਕੜਿਆਂ ਦੇ ਆਧਾਰ ‘ਤੇ ਗਿਣਤੀ ਵਿੱਚ ਦੱਸਿਆ ਗਿਆ ਹੈ ਕਿ ਇਸ ਵਾਇਰਸ ਤੋਂ ਹੁਣ 1 ਲੱਖ ਤੋਂ ਘੱਟ ਮੌਤਾਂ ਦਾ ਖ਼ਦਸ਼ਾ ਹੈ। ਇਸ ਤੋਂ ਪਹਿਲਾਂ ਦੇ ਅਨੁਮਾਨਾਂ ਮੁਤਾਬਕ 2 ਤੋਂ ਢਾਈ ਲੱਖ ਮੌਤਾਂ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ।

ਸ਼੍ਰੀ ਟਰੰਪ ਨੇ ਵ੍ਹਾਈਟ ਹਾਊਸ ‘ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਹਸਪਤਾਲ ‘ਚ ਹੁਣ ਰੋਕਥਾਮ ਦੀ ਨਵੀਂ ਰਣਨੀਤੀ ਤੋਂ ਵੱਡੀ ਗਿਣਤੀ ਮਾਮਲਿਆਂ ਦੀ ਦੇਖਭਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਬੇਸ਼ੱਕ ਅਸੀਂ ਫਿਰ ਇੱਕ ਔਖੇ ਹਫ਼ਤੇ ’ਚੋਂ ਲੰਘ ਰਹੇ ਹਾਂ ਪਰ ਅਸੀਂ ਕਾਫ਼ੀ ਕੁੱਝ ਹਾਸਲ ਕੀਤਾ ਹੈ ਤੇ ਸਾਨੂੰ ਹਾਲੇ ਕਾਫ਼ੀ ਚੀਜ਼ਾਂ ਵਿੱਚੋਂ ਲੰਘਣਾ ਪੈਣਾ ਹੈ।