ਬਿਉਰੋ ਰਿਪੋਰਟ: ਬਰਨਾਲਾ ਵਿੱਚ ਅੱਜ ਖੇਤਾਂ ’ਚ ਕੰਮ ਕਰਦੇ ਸਮੇਂ ਇਕ ਨੌਜਵਾਨ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੇ ਟੁਕੜੇ-ਟੁਕੜੇ ਹੋ ਗਏ। ਘਟਨਾ ਸ਼ਾਮ 4 ਵਜੇ ਵਾਪਰੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਕਿਸਾਨ ਅਤੇ ਪਿੰਡ ਦੇ ਲੋਕ ਉਸ ਦੀ ਮਦਦ ਲਈ ਆਏ। ਪਰ ਜਦੋਂ ਤੱਕ ਲੋਕ ਉੱਥੇ ਪਹੁੰਚੇ, ਨੌਜਵਾਨ ਦੇ ਟੁਕੜੇ-ਟੁਕੜੇ ਹੋ ਚੁੱਕੇ ਸਨ।
ਹਾਸਲ ਜਾਣਕਾਰੀ ਅਨੁਸਾਰ ਤਪਾ ਮੰਡੀ ਨੇੜਲੇ ਪਿੰਡ ਭੈਣੀ ਫੱਤਾ ਵਿੱਚ 20 ਸਾਲਾ ਨੌਜਵਾਨ ਸੁਖਬੀਰ ਸਿੰਘ ਪੁੱਤਰ ਜਗਰਾਜ ਸਿੰਘ ਆਪਣੇ ਖੇਤ ਵਿੱਚ ਸੁਪਰਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ। ਉਹ ਟਰੈਕਟਰ ਦੀ ਸੀਟ ’ਤੇ ਬੈਠਾ ਸੀ। ਇਸ ਦੌਰਾਨ ਉਹ ਟਰੈਕਟਰ ਦੇ ਪਿੱਛੇ ਲੱਗੀ ਸੁਪਰਸੀਡਰ ਮਸ਼ੀਨ ਨੂੰ ਦੇਖਣ ਲੱਗਾ, ਪਰ ਇਸੇ ਦੌਰਾਨ ਉਸ ਦਾ ਪੈਰ ਤਿਲ੍ਹਕ ਗਿਆ ਅਤੇ ਉਹ ਜ਼ਮੀਨ ’ਤੇ ਡਿੱਗ ਗਿਆ। ਫਿਰ ਉਹ ਸੁਪਰਸੀਡਰ ਮਸ਼ੀਨ ਵਿੱਚ ਫਸ ਗਿਆ ਅਤੇ ਸੁਪਰਸੀਡਰ ਨੇ ਉਸਦੇ ਸਰੀਰ ਦੇ ਟੁਕੜੇ ਕਰ ਦਿੱਤੇ।
ਇਹ ਇੰਨਾ ਭਿਆਨਕ ਸੀ ਕਿ ਦੇਖਿਆ ਹੀ ਨਹੀਂ ਜਾ ਸਕਦਾ ਸੀ। ਇਸ ਘਟਨਾ ਕਾਰਨ ਪੂਰੇ ਬਰਨਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਭਲਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮ੍ਰਿਤਕ ਨੌਜਵਾਨ ਨੇ 12ਵੀਂ ਪਾਸ ਕੀਤੀ ਸੀ ਅਤੇ ਹੁਣ ਪਰਿਵਾਰ ਨਾਲ ਖੇਤਾਂ ਦਾ ਕੰਮ ਕਰਵਾਉਂਦਾ ਸੀ।