‘ਦ ਖ਼ਾਲਸ ਬਿਊਰੋ : ਯੂਥ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਬਣਾਏ ਪੁਲਿਸ ਕੇਸ ਦੇ ਖਿਲਾਫ ਅੰਦੋ ਲਨ ਛੇੜ ਦਿੱਤਾ ਗਿਆ ਹੈ। ਯੂਥ ਅਕਾਲੀ ਦਲ ਵੱਲੋਂ 24 ਦਸੰਬਰ ਨੂੰ ਪੁਲਿਸ ਮੁਖੀਆਂ ਦੇ ਦਫ਼ਤਰਾਂ ਦਾ ਜ਼ਿਲ੍ਹਾ ਪੱਧਰੀ ਘਿਰਾਉ ਕੀਤਾ ਜਾਵੇਗਾ। ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਦਾਇਤ ‘ਤੇ ਸਰਕਾਰ ਦੇ ਉੱਚ ਅਫ਼ਸਰਾਂ ਵੱਲੋਂ ਮਜੀਠੀਆ ਖਿਲਾਫ ਦਰਜ ਕੀਤੇ ਪਰਚੇ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ।
ਅਕਾਲੀ ਦਲ ਦੇ ਨੌਜਵਾਨ ਨੇਤਾ ਨੇ ਕਿਹਾ ਕਿ ਸਰਕਾਰ ਨੀਵੇਂ ਪੱਧਰ ਦੀ ਸਿਆਸੀ ਬਦਲਾਖੋਰੀ ‘ਤੇ ਉੱਤਰ ਆਈ ਹੈ ਅਤੇ ਮਜੀਠੀਆ ਖਿਲਾਫ ਐੱਫਆਈਆਰ ਕਾਨੂੰਨ ਛਿੱਕੇ ਟੰਗ ਕੇ ਕੀਤੀ ਗਈ ਹੈ। ਉਨ੍ਹਾਂ ਨੇ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕੇਸ ਦਰਜ ਕਰਨ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਉਹਨਾਂ ਨੇ ਜਾਣ-ਬੁੱਝ ਕੇ ਨਿੱਜੀ ਰੰਜਿਸ਼ ਤਹਿਤ ਮਜੀਠੀਆ ਖਿਲਾਫ਼ ਭੁਗਤੇ ਹਨ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਹਾਈਕੋਰਟ ਦੀਆਂ ਹਦਾਇਤਾਂ ਨੂੰ ਅੱਖੋਂ-ਪਰੋਖ ਕਰਕੇ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ। ਉਨ੍ਹਾਂ ਨੇ ਇਸਦੀ ਸਿੱਧੀ ਜ਼ਿੰਮੇਵਾਰੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵੇਂ ਡੀਜੀਪੀ ਸਿਧਾਰਥ ਚੱਟੋਪਾਧਿਆਏ ‘ਤੇ ਪਾਉਂਦਿਆਂ ਕਿਹਾ ਕਿ ਵਖ਼ਤ ਆਉਣ ‘ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਨ੍ਹਾਂ ਨਾਲ ਵੀ ਸਿੱਝਿਆ ਜਾਵੇਗਾ।