The Khalas Tv Blog India ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ’ਤੇ ਘਾਗ ਸਿਆਸਤਦਾਨ ਵੀ ਹੈਰਾਨ! ਯੋਗੇਂਦਰ ਯਾਦਵ ਨੇ ਚੁੱਕੇ ਵੱਡੇ ਸਵਾਲ
India

ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ’ਤੇ ਘਾਗ ਸਿਆਸਤਦਾਨ ਵੀ ਹੈਰਾਨ! ਯੋਗੇਂਦਰ ਯਾਦਵ ਨੇ ਚੁੱਕੇ ਵੱਡੇ ਸਵਾਲ

ਬਿਉਰੋ ਰਿਪੋਰਟ (ਮਨਪ੍ਰੀਤ ਸਿੰਘ) – ਹਰਿਆਣਾ ਵਿੱਚ ਵੱਡਾ ਉੱਲਟਫੇਰ ਕਰਕੇ ਭਾਜਪਾ ਬਹੁਮਤ ਲੈਣ ਵਿੱਚ ਕਾਮਯਾਬ ਸਾਬਤ ਹੋਈ ਹੈ। ਇਸ ’ਤੇ ਸਿਆਸੀ ਮਾਹਿਰਾਂ ਸਮੇਤ ਘਾਗ ਸਿਆਸਤਦਾਨ ਵੀ ਹੈਰਾਨ ਹਨ। ਹਰਿਆਣਾ ਵਿਚ ਭਾਜਪਾ ਦੀ ਜਿੱਤ ’ਤੇ ਸਿਆਸੀ ਕਾਰਕੁੰਨ ਯੋਗੇਂਦਰ ਯਾਦਵ ਵੀ ਹੱਕੇ-ਬੱਕੇ ਰਹਿ ਗਏ ਹਨ ਕਿਉਂਕਿ ਉਨ੍ਹਾਂ ਵੀ ਹੋਰ ਕਈਆਂ ਪੱਤਰਕਾਰਾਂ ਅਤੇ ਮੀਡੀਆਂ ਅਦਾਰਿਆਂ ਵਾਂਗ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਦੀ ਜਿੱਤ ਨੂੰ ਯਕੀਨੀ ਕਰਾਰ ਦਿੱਤਾ ਸੀ। ਯੋਗਿੰਦਰ ਯਾਦਵ ਨੇ ਵੀ ਹੋਰਾਂ ਵਾਂਗ ਜ਼ਮੀਨੀ ਪੱਧਰ ’ਤੇ ਜਾ ਕੇ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਸੀ ਪਰ ਨਤੀਜਿਆਂ ਭਾਜਪਾ ਦੇ ਹੱਕ ਵਿਚ ਭੁਗਤੇ ਹਨ। ਚੋਣ ਨਤੀਜਿਆਂ ’ਤੇ ਯੋਗਿੰਦਰ ਯਾਦਵ ਨੇ ਹੈਰਾਨੀ ਜਤਾਉਂਦਿਆਂ ਕਾਂਗਰਸ ਦੀ ਨਤੀਜੀਆਂ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਨੂੰ ਆਧਾਰ ਬਣਾ ਕੇ ਸਵਾਲ ਖੜ੍ਹੇ ਕੀਤੇ ਹਨ।

  1. ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ ਅਤੇ ਪਵਨ ਖੇੜਾ ਵੱਲੋਂ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਕਈ ਥਾਵਾਂ ’ਤੇ ਈਵੀਐਮ ਦੀ 99 ਫੀਸਦੀ ਬੈਟਰੀ ਪਾਈ ਗਈ, ਜੋ ਚੋਣਾਂ ਵਾਲੇ ਦਿਨ ਵਰਤੋਂ ਤੋਂ ਬਾਅਦ ਇੰਨੀ ਬੈਟਰੀ ਕਿਵੇਂ ਹੋ ਸਕਦੀ ਹੈ? ਕਾਂਗਰਸ ਨੇ ਕਿਹਾ ਕਿ ਜਿੱਥੇ 99 ਫੀਸਦੀ ਬੈਟਰੀ ਪਾਈ ਗਈ ਹੈ, ਉੱਥੇ ਕਾਂਗਰਸ ਦੀਆਂ ਵੋਟਾਂ ਘਟੀਆਂ ਹਨ। ਉਸ ’ਤੇ ਯੋਗੇਂਦਰ ਯਾਦਵ ਨੇ ਮਹੇਂਦਰਗੜ੍ਹ ਜ਼ਿਲ੍ਹੇ ਵਿਚ ਪੈਂਦੇ ਨਾਗਨੌਰ ਸੀਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਖੁਦ ਚੈਕ ਕੀਤਾ ਸੀ ਕਿ ਉਸ ਬੈਟਰੀ 99 ਫੀਸਦੀ ਸੀ ਅਤੇ ਕਾਂਗਰਸ ਦੀਆਂ ਵੋਟਾਂ ਘਟੀਆਂ ਸਨ। ਪਰ ਜਿੱਥੇ ਬੈਟਰੀ 99 ਫੀਸਦੀ ਤੋਂ ਘੱਟ ਪਾਈ ਗਈ ਹੈ, ਉਥੇ ਕਾਂਗਰਸ ਨੇ ਵਧੀਆਂ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਚੋਣ ਕਮਿਸ਼ਨ ਦੀ ਵੈਬਸਾਇਟ ’ਤੇ ਦੇਰੀ ਨਾਲ ਅੰਕੜੇ ਪਾਉਣ ਅਤੇ ਕਈ ਥਾਵਾਂ ’ਤੇ ਗਿਣਤੀ ਵਿਚ ਰੁਕਾਵਟ ਪਾਉਣ ਦਾ ਦੋਸ਼ ਵੀ ਲਗਾਇਆ ਸੀ।
  2. ਯਾਦਵ ਨੇ ਚੋਣ ਕਮਿਸ਼ਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਚੋਣ ਕਮਿਸ਼ਨ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ। ਚੋਣ ਕਮਿਸ਼ਨ ’ਤੇ ਲੋਕ ਸਭਾ ਚੋਣਾਂ ਵਿੱਚ ਵੀ ਸਵਾਲ ਉੱਠੇ ਸਨ ਪਰ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ, ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਅਤੇ ਗਿਣੀਆਂ ਵੋਟਾਂ ਵਿੱਚ ਕਾਫੀ ਅੰਤਰ ਸੀ। ਚੋਣ ਕਮਿਸ਼ਨ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਕੇ ਸਾਰੀ ਸਥਿਤੀ ਸਪੱਸ਼ਟ ਕਰੇ।
  3. ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਯਾਦਵ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਪ੍ਰਭਾਵ ਖ਼ਤਮ ਨਹੀਂ ਹੋਇਆ ਹੈ। ਕਿਸਾਨਾਂ ਦੇ ਅੰਦੋਲਨ ਕਰਕੇ ਹੀ ਕਾਂਗਰਸ ਭਾਜਪਾ ਦੇ ਮੁਕਾਬਲੇ ਖੜ੍ਹੀ ਹੋ ਸਕੀ ਹੈ। ਜੇ ਭਾਜਪਾ ਨੂੰ ਕਾਂਗਰਸ ਟੱਕਰ ਦੇ ਸਕੀ ਹੈ ਤਾਂ ਇਹ ਸਿਰਫ ਕਿਸਾਨਾਂ ਕਰਕੇ ਹੀ ਹੈ। ਨਹੀਂ ਤਾਂ ਕਾਂਗਰਸ ਭਾਜਪਾ ਨਾਲੋਂ 30 ਫੀਸਦੀ ਪਿੱਛੇ ਚੱਲ ਰਹੀ ਸੀ।
  4. ਯੋਗੇਂਦਰ ਯਾਦਵ ਨੇ ਭਾਜਪਾ ਵਿਰੋਧੀਆਂ ਨੂੰ ਨਸੀਹਤ ਦਿੰਦੇ ਕਿਹਾ ਕਿ ਇਸ ਸਰਕਾਰ ਦੀ ਦਮਨਕਾਰੀ ਨੀਤੀ ਨੂੰ ਰੋਕਣ ਲਈ ਹੋਰ ਗਹਿਰਾਈ ਨਾਲ ਕੰਮ ਕਰਨਾ ਪਵੇਗਾ। ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਚੋਣਾਂ ਵਿੱਚ ਮਿਲ ਕੇ ਅੱਗੇ ਵਧਣਾ ਪਵੇਗਾ ਨਹੀਂ ਤਾਂ ਭਾਜਪਾ ਦੀ ਦਮਨਕਾਰੀ ਨੀਤੀ ਨੂੰ ਰੋਕਿਆ ਨਹੀਂ ਜਾ ਸਕੇਗਾ। ਭਾਜਪਾ ਇਨ੍ਹਾਂ ਨਤੀਜਿਆਂ ਨਾਲ ਖ਼ੁਦ ਨੂੰ ਵਾਈਟ ਵਾਸ਼ ਕਰਨ ਦਾ ਕੰਮ ਕਰੇਗੀ, ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਕੋਈ ਧੱਕਾ ਨਹੀਂ ਲੱਗਿਆ।

ਯਾਦਵ ਨੇ ਕਿਹਾ ਕਿ ਪਿਛਲੀਆਂ 2 ਲੋਕ ਸਭਾ ਚੋਣਾਂ ਤੋਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿਚ ਭਾਜਪਾ ਦਾ ਲੋਕ ਸਭਾ ਚੋਣਾਂ ਨਾਲੋਂ ਵੋਟ ਸ਼ੇਅਰ ਘਟੀਆਂ ਸੀ, ਇਸ ਵਾਰ ਵੀ ਅਜਿਹਾ ਹੋਣ ਦੀ ਹੀ ਸੰਭਾਵਨਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ੁਦ ਵੀ ਜਾ ਕੇ ਜ਼ਮੀਨੀ ਹਕੀਕਤ ਦੇਖੀ ਸੀ ਇਸ ਕਰਕੇ ਹੀ ਉਨ੍ਹਾਂ ਵੀ ਕਿਹਾ ਸੀ ਕਿ ਕਾਂਗਰਸ ਸਰਕਾਰ ਬਣਾ ਸਕਦੀ ਹੈ।

ਯਾਦਵ ਨੇ ਫਿਰ ਦੁਹਰਾਇਆ ਕਿ ਇਸ ਵਾਰ ਕਿਸੇ ਵੀ ਰਿਪੋਟਰ, ਪੱਤਰਕਾਰ ਨੇ ਨਤੀਜਿਆਂ ਤੋਂ ਪਹਿਲਾਂ ਇਹ ਨਹੀਂ ਕਿਹਾ ਸੀ ਕਿ ਭਾਜਪਾ ਬਹੁਮਤ ਲੈ ਸਕਦੀ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਸਾਰਿਆਂ ਦੇ ਭੁਲੇਖੇ ਦੂਰ ਕਰਨ ਲਈ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।

ਵੇਖੋ ਪੂਰੀ ਵੀਡੀਓ –

Exit mobile version