The Khalas Tv Blog Punjab ਪੰਜਾਬ ‘ਚ ਮੀਂਹ ਲਈ ਯੈਲੋ ਅਲਰਟ , ਪੌਂਗ ਡੈਮ ਵੱਲੋਂ ਖੋਲ੍ਹੇ ਜਾਣਗੇ ਫਲੱਡ ਗੇਟ…
Punjab

ਪੰਜਾਬ ‘ਚ ਮੀਂਹ ਲਈ ਯੈਲੋ ਅਲਰਟ , ਪੌਂਗ ਡੈਮ ਵੱਲੋਂ ਖੋਲ੍ਹੇ ਜਾਣਗੇ ਫਲੱਡ ਗੇਟ…

Yellow alert for rain in Punjab: Water level in Bhakra 6 feet below the danger mark

ਪੰਜਾਬ ਵਿੱਚ ਅੱਜ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ਵਿੱਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਹਿਮਾਚਲ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਪੰਜਾਬ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ  ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਭਾਖੜਾ ਦੇ ਪਾਣੀ ਦਾ ਪੱਧਰ 1674.51 ਫੁੱਟ ਤੱਕ ਪਹੁੰਚ ਗਿਆ ਹੈ। ਭਾਖੜਾ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 6 ਫੁੱਟ ਹੇਠਾਂ ਹੈ। ਜਿਸ ਕਾਰਨ ਪੰਜਾਬ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਭਾਖੜਾ ਦੇ ਫਲੱਡ ਗੇਟ ਐਤਵਾਰ ਨੂੰ ਟੈਸਟਿੰਗ ਲਈ 2 ਫੁੱਟ ਤੱਕ ਖੋਲ੍ਹੇ ਗਏ ਸਨ। ਜਿਸ ਵਿੱਚੋਂ ਕਰੀਬ 8100 ਕਿਊਸਿਕ ਪਾਣੀ ਛੱਡਿਆ ਗਿਆ।

BBMB ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਵਿੱਚ ਹੋਈ ਬਾਰਿਸ਼ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ ਟਰਬਾਈਨਾਂ ਰਾਹੀਂ ਕਰੀਬ 46827 ਕਿਊਸਿਕ ਪਾਣੀ ਛੱਡਿਆ ਗਿਆ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਜਦਕਿ ਸਤਲੁਜ ਦਰਿਆ ਵਿੱਚ 27200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਲੱਡ ਗੇਟ ਵੀ ਅੱਧਾ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਪੌਂਗ ਡੈਮ ਦੇ ਪਾਣੀ ਦਾ ਪੱਧਰ 1385 ਫੁੱਟ ਤੱਕ ਪਹੁੰਚ ਗਿਆ ਹੈ। ਐਤਵਾਰ ਸਵੇਰੇ 10 ਵਜੇ ਡੈਮ ਵਿੱਚ ਪਾਣੀ ਦਾ ਪੱਧਰ 1383.50 ਫੁੱਟ ਸੀ ਅਤੇ 194878 ਕਿਊਸਿਕ ਪਾਣੀ ਆ ਰਿਹਾ ਸੀ। ਜਦੋਂ ਕਿ ਤਿੰਨ ਦਿਨ ਪਹਿਲਾਂ ਡੈਮ ਵਿੱਚ ਪਾਣੀ ਦਾ ਪੱਧਰ 1373.08 ਫੁੱਟ ਸੀ। ਇਸ ਤਰ੍ਹਾਂ ਤਿੰਨ ਦਿਨਾਂ ‘ਚ ਪਾਣੀ ਦਾ ਪੱਧਰ 10 ਫੁੱਟ ਵਧ ਗਿਆ ਹੈ। ਪੌਂਗ ਡੈਮ ਤੋਂ ਵੀ ਅੱਜ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜੋ ਤਿੰਨ ਪੜਾਵਾਂ ਵਿੱਚ ਛੱਡਿਆ ਜਾਣਾ ਹੈ।

ਭਾਖੜਾ ਤੋਂ ਪਾਣੀ ਛੱਡਣ ਦੇ ਐਲਾਨ ਤੋਂ ਬਾਅਦ ਹੁਸ਼ਿਆਰਪੁਰ ਦੇ ਡੀਸੀ ਨੇ ਅਲਰਟ ਜਾਰੀ ਕੀਤਾ ਹੈ। ਸਤਲੁਜ ਦੇ ਕਿਨਾਰਿਆਂ ਅਤੇ ਨੀਵੇਂ ਇਲਾਕਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਪੌਂਗ ਡੈਮ ਤੋਂ ਸਵੇਰੇ 8 ਵਜੇ ਪਾਣੀ ਛੱਡਣ ਤੋਂ ਬਾਅਦ ਬਿਆਸ ਦੇ ਕੰਢਿਆਂ ਅਤੇ ਨੀਵੇਂ ਇਲਾਕਿਆਂ ਨੂੰ ਵੀ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ।

Exit mobile version