‘ ਦ ਖ਼ਾਲਸ ਬੁਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਮੈਂ ਇਸ ਕੇਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਗਲਤ ਪਰਚਾ ਦਰਜ ਹੋਇਆ ਹੈ। ਕੇਸ ਹਾਈਕੋਰਟ ਕੋਲ ਲਿਫਾਫੇ ਵਿੱਚ ਪਿਆ ਹੈ, ਅਜੇ ਖੁੱਲ੍ਹਿਆ ਨਹੀਂ ਹੈ, ਫਿਰ ਕਿਸ ਆਧਾਰ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਇੰਜ ਨਹੀਂ ਹੈ ਕਿ ਕਿਸੇ ਨੂੰ ਵੀ ਧੱਕੇ ਨਾਲ ਅੰਦਰ ਕਰ ਦਿਓ। ਇਹ ਸਿਸਟਮ ਗਲਤ ਹੈ। ਤੁਸੀਂ ਨਾ ਕਿਸੇ ਸੰਵਿਧਾਨ ਅਤੇ ਨਾ ਕਾਨੂੰਨ ਨੂੰ ਵੇਖਦੇ ਹੋਏ ਐਵੇਂ ਕਿਸ ਨੂੰ ਫੜ ਕੇ ਅੰਦਰ ਕਰ ਦਿਓਗੇ।
ਉਨ੍ਹਾਂ ਕਿਹਾ ਕਿ ਡਰੱਗਜ਼ ਮਾਮਲੇ ਉੱਤੇ ਆਧਾਰਤ ਕੇਸ ਦੇ ਹਰ ਪਹਿਲੂ ਨੂੰ ਉਹ ਡੂੰਘਾਈ ਨਾਲ ਜਾਣਦੇ ਹਨ। ਕੈਪਟਨ ਨੇ ਕਿਹਾ ਕਿ ਬਿਨਾਂ ਕਿਸੇ ਗਵਾਹੀ ਅਤੇ ਬਿਨਾਂ ਕਿਸੇ ਸਬੂਤ ਤੋਂ ਕੇਸ ਦਰਜ ਕਰਨਾ ਸਰਾਸਰ ਗ਼ਲਤ ਹੈ। ਉਨ੍ਹਾਂ ਨੇ ਇਸ ਕੇਸ ਨੂੰ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ। ਕੈਪਟਨ ਨੇ ਕਿਹਾ ਕਿ ਭਾਜਪਾ ਨਾਲ ਸੀਟਾਂ ਦੀ ਵੰਡ ਜਲਦੀ ਕੀਤੀ ਜਾ ਰਹੀ ਹੈ।