ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਪੂਰਬ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਹਨ। ਇਸ ਮੌਕੇ ‘ਸਰਬ ਧਰਮ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਧਰਤੀ ‘ਤੇ ਪਹੁੰਚੀ ਸੰਗਤ ਅਤੇ ਮਹਾਂਪੁਰਸ਼ਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਨਿਮਰਤਾ ਨਾਲ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਗੁਣੀ-ਗਿਆਨੀ ਵਿਦਵਾਨਾਂ ਦੇ ਸਨਮੁਖ ਉਨ੍ਹਾਂ ਵਰਗਿਆਂ ਨੂੰ ਬੋਲਣਾ ਸ਼ੋਭਾ ਨਹੀਂ ਦਿੰਦਾ।
ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ‘ਤੇ ਹਰ ਧਰਮ ਵਿਚ ਚਰਚਾ ਹੋਈ ਹੈ। ਉਨ੍ਹਾਂ ਨੇ ਧਰਮ ਦੀ ਰਾਖੀ ਲਈ ਨਾ ਸਿਰਫ਼ ਆਪਣਾ ਸੀਸ, ਸਗੋਂ ਪੋਤਿਆਂ ਤੱਕ ਦਾ ਬਲੀਦਾਨ ਦਿੱਤਾ। ਇਹ ਕੁਰਬਾਨੀਆਂ ਦੁਨੀਆਂ ਦੇ ਕਿਸੇ ਹੋਰ ਧਰਮ ਜਾਂ ਇਤਿਹਾਸ ਵਿਚ ਨਹੀਂ ਮਿਲਦੀਆਂ। ਉਨ੍ਹਾਂ ਨੇ ਕਿਹਾ ਕਿ ਜੇ ਸਾਰੀ ਧਰਤੀ ਸਲੇਟ, ਸਾਰੇ ਦਰੱਖਤ ਕਲਮ ਅਤੇ ਸਾਰੇ ਸਮੁੰਦਰ-ਸਾਗਰ ਸਿਆਹੀ ਬਣ ਜਾਣ ਤਾਂ ਵੀ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਹਨ। ਅਸੀਂ ਸਾਰੇ ਗੁਰੂ ਸਾਹਿਬ ਦੀ ਮਰਿਆਦਾ ਨਿਭਾਉਂਦੇ ਹੋਏ ਉਨ੍ਹਾਂ ਦੇ ਹੁਕਮਾਂ ਦੀ ਪਾਲਨਾ ਕਰਨੀ ਹੈ। ਅੰਤ ਵਿਚ ਮੁੱਖ ਮੰਤਰੀ ਮਾਨ ਨੇ ਇਕ ਵਾਰ ਫਿਰ ਸਾਰੀ ਸੰਗਤ ਅਤੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ।

