The Khalas Tv Blog Punjab ਚਰਨਜੀਤ ਚੰਨੀ ਨੂੰ ਮਹਿਲਾ ਕਮਿਸ਼ਨ ਦਾ ਨੋ‌‌ਟਿਸ, ਵਿਵਾਦਤ ਬਿਆਨ ਦੇਣ ਦਾ ਦੋਸ਼
Punjab

ਚਰਨਜੀਤ ਚੰਨੀ ਨੂੰ ਮਹਿਲਾ ਕਮਿਸ਼ਨ ਦਾ ਨੋ‌‌ਟਿਸ, ਵਿਵਾਦਤ ਬਿਆਨ ਦੇਣ ਦਾ ਦੋਸ਼

ਮੁਹਾਲੀ : ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਲੋਂ ਗਿੱਦੜਬਾਹਾ ‘ਚ ਚੋਣ ਪ੍ਰਚਾਰ ਦੌਰਾਨ ਔਰਤਾਂ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਬਿਆਨ ਨੂੰ ਲੈ ਕੇ ਕਾਰਵਾਈ ਦੀ ਮੰਗ ‘ਤੇ ਪੰਜਾਬ ਮਹਿਲਾ ਕਮਿਸ਼ਨ ਨੇ ਸਾਬਕਾ ਸੀਐਮ ਨੂੰ ਨੋਟਿਸ ਜਾਰੀ ਕੀਤਾ ਹੈ। ਦੋਵਾਂ ਪਾਰਟੀਆਂ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਸਾਬਕਾ ਸੀਐਮ ਵੱਲੋਂ ਦੋ ਕੁੱਤਿਆਂ ਦੀ ਕਹਾਣੀ ਰਾਹੀਂ ਔਰਤਾਂ ‘ਤੇ ਵਿਵਾਦਤ ਟਿੱਪਣੀਆਂ ਕੀਤੀਆਂ ਹਨ।

ਕਮਿਸ਼ਨ ਨੇ ਆਪਣੇ ਨੋਟਿਸ ਵਿਚ ਚੰਨੀ ਤੋਂ ਜਵਾਬ ਤਲਬੀ ਕੀਤੀ ਹੈ ਤੇ ਅਫਸੋਸ ਜ਼ਾਹਰ ਕੀਤਾ ਹੈ ਕਿ ਹਰ ਵਾਰ ਉਹਨਾਂ ਵੱਲੋਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੀਡੀਆ ਵਿੱਚ ਤੇਜੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਆਪ ਵੱਲੋਂ ਨਾ ਕੇਵਲ ਔਰਤ ਵਰਗ ਸਗੋਂ ਜੱਟ ਭਾਈਚਾਰੇ ਅਤੇ ਹਿੰਦੂ ਭਾਈਚਾਰੇ ਦੇ ਖਿਲਾਫ ਵੀ ਬਹੁਤ ਹੀ ਸ਼ਰਮਨਾਮ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਆਪ ਵੱਲੋਂ ਅਜਿਹਾ ਕਰਕੇ ਨਾ ਕੇਵਲ ਸਮੁੱਚੀ ਔਰਤ ਜਾਤੀ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ, ਸਗੋਂ ਦੋਹਾਂ ਭਾਈਚਾਰਿਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਪੰਜਾਬ ਵਿੱਚ ਅਮਨ-ਸ਼ਾਂਤੀ ਦਾ ਮਹੌਲ ਭੰਗ ਹੋ ਸਕਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਹੋਣ ਕਾਰਨ ਆਪ ਵੱਲੋਂ ਅਜਿਹੀਆਂ ਟਿੱਪਣੀਆਂ ਸ਼ੋਭਾ ਨਹੀਂ ਦਿੰਦੀਆਂ ਹਨ। ਆਪ ਨੂੰ ਔਰਤ ਵਰਗ ਲਈ ਅਜਿਹੀ ਟਿੱਪਣੀ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ।

ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੀ ਵਾਇਰਲ ਹੋ ਰਹੀ ਇਹ ਵੀਡੀਓ ਗਿੱਦੜਬਾਹਾ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਦੀ ਹੈ, ਜਦੋਂ ਸਾਬਕਾ ਸੀਐਮ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ‘ਚ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੋ ਕੁੱਤਿਆਂ ਦੀ ਕਹਾਣੀ ਦੀ ਇੱਕ ਉਦਾਹਰਨ ਦਿੱਤੀ। ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਟਵਿੱਟਰ ਅਕਾਊਂਟ ਐਕਸ ‘ਤੇ ਸਾਂਝਾ ਵੀ ਕੀਤਾ ਗਿਆ, ਪਰ ਕੁਝ ਸਮੇਂ ਪਿੱਛੋਂ ਇਸ ਨੂੰ ਬੈਨ ਕਰ ਦਿੱਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਸਮੇਤ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਵੀਡੀਓ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਕੋਲੋਂ ਤੁਰੰਤ ਮਾਫੀ ਦੀ ਮੰਗ ਕੀਤੀ ਗਈ ਸੀ ਅਤੇ ਨਾਲ ਹੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ‘ਤੇ ਹੁਣ ਸਾਬਕਾ ਸੀਐਮ ਚੰਨੀ ਨੂੰ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸਪੱਸ਼ਟੀਕਰਨ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

 

 

 

Exit mobile version