The Khalas Tv Blog India ਖ਼ਾਸ ਰਿਪੋਰਟ-ਕਿਸਾਨੀ ਅੰਦੋਲਨ ਲਈ ਆਖਰ ਔਰਤਾਂ ਨੂੰ ਵੀ ਟੱਪਣੀ ਪਈ ‘ਘਰ ਦੀ ਦਹਿਲੀਜ’
India Khalas Tv Special Punjab

ਖ਼ਾਸ ਰਿਪੋਰਟ-ਕਿਸਾਨੀ ਅੰਦੋਲਨ ਲਈ ਆਖਰ ਔਰਤਾਂ ਨੂੰ ਵੀ ਟੱਪਣੀ ਪਈ ‘ਘਰ ਦੀ ਦਹਿਲੀਜ’

ਜਗਜੀਵਨ ਮੀਤ
ਪੰਜਾਬ ਦੇ ਸਿਆਸੀ, ਆਰਥਿਕ ਤੇ ਸਮਾਜਿਕ ਪੱਧਰ ਦੇ ਵੱਖ-ਵੱਖ ਉਦੇਸ਼ਾਂ ਨੂੰ ਕਿਸਾਨੀ ਅੰਦੋਲਨ ਨੇ ਜੜ੍ਹੋ ਹਿਲਾ ਕੇ ਰੱਖਣ ਦੇ ਨਾਲ ਨਾਲ ਇਸਨੂੰ ਨਵਾਂ ਰੰਗ ਰੂਪ ਦਿੱਤਾ ਹੈ।ਕਹਾਵਤ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆਂ ਹੀ ਨਹੀਂ।ਹੋ ਸਕਦਾ ਹੈ ਕਿ ਕਹਾਵਤ ਇਹ ਵੀ ਬਣ ਜਾਵੇ ਕਿ ਜਿਹਨੇ ਕਿਸਾਨੀ ਅੰਦੋਲਨ ਨਹੀਂ ਦੇਖਿਆ, ਉਹ ਲੇਟ ਜੰਮਿਆ। ਇਹ ਸਦੀ ਦਾ ਉਹ ਅੰਦੋਲਨ ਹੈ, ਜਿੱਥੋ ਸਦੀ ਪਲਟਦੀ ਦੇਖੀ ਜਾ ਸਕਦੀ ਹੈ। ਕਿਸਾਨਾਂ ਨੇ ਦਿੱਲੀ ਵਹੀਰਾਂ ਘੱਤੀਆਂ ਤਾਂ ਇਕ ਹੋਰ ਕਹਾਵਤ ਸੱਚ ਸਾਬਤ ਹੋਈ ਕਿ ਔਰਤਾਂ ਵਾਕਿਆ ਹੀ ਮੋਢੇ ਨਾਲ ਮੋਢਾ ਜੋੜ ਲੈਣ ਤਾਂ ਕਿੰਨੇ ਸਫਰ ਸੌਖੇ ਹੋ ਸਕਦੇ ਹਨ। ਖੇਤੀ ਕਾਨੂੰਨਾਂ ਦੀ ਲੜਾਈ ਲਈ ਵਿੰਢੇ ਗਏ ਅੰਦੋਲਨ ਦੌਰਾਨ ਵੀ ਇਹੀ ਕੁੱਝ ਹੋਇਆ ਹੈ। ਔਰਤਾਂ ਨੇ ਜੋ ਭੂਮਿਕਾਂ ਖੇਤੀ ਕਾਮਿਆਂ ਤੇ ਕਿਸਾਨਾਂ ਨਾਲ ਇਸ ਅੰਦੋਲਨ ਦੌਰਾਨ ਨਿਭਾਈ ਹੈ, ਉਹ ਸਦੀਆਂ ਚੇਤੇ ਰੱਖਣਗੀਆਂ।

ਦਿੱਲੀ ਦੀ ਸਰਹੱਦ ਉਪਰ ਕਿਸਾਨਾਂ ਦਾ ਅੰਦੋਲਨ ਇਕ ਸਾਲ ਚੱਲਿਆ ਹੈ ਤੇ ਹਾਲੇ ਵੀ ਮੋੜਾ ਨਹੀਂ ਪਿਆ ਹੈ। ਹਾਲੇ ਖੇਤੀ ਕਾਨੂੰਨ ਰੱਦ ਹੋਣ ਉੱਤੇ ਸਰਕਾਰੀ ਮੋਹਰ ਲੱਗਣੀ ਬਾਕੀ ਹੈ। ਇਸ ਅੰਦੋਲਨ ਨੂੰ ਪੂਰਾ ਸੰਸਾਰ ਨੰਗੀ ਅੱਖ ਨਾਲ ਵੇਖ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਅੰਦੋਲਨ ਕਿਸੇ ਸਿਆਸੀ ਪਾਰਟੀ ਦੇ ਦਖਲ ਤੋਂ ਬੈਗਰ ਲੱਖਾਂ ਸਿਰਾਂ ਨਾਲ ਇਕ ਅਲੌਕਿਕ ਅਗਵਾਈ ਦੇ ਨਾਲ ਨਾਲ ਇੰਨਾ ਬਿਹਤਰੀਨ ਅਤੇ ਸ਼ਾਂਤਮਈ ਢੰਗ ਨਾਲ ਚੱਲਿਆ ਹੋਵੇ। ਇਸ ਅੰਦੋਲਨ ਨੂੰ ਸਿਰਜਣ ਵਾਲਿਆਂ ਦਾ ਸਿਰੜ ਹੀ ਕਿਹਾ ਜਾ ਸਕਦਾ ਹੈ ਕਿ ਕੋਈ ਪਰਿੰਦਾ ਵੀ ਇਸ ਅੰਦੋਲਨ ਦੀ ਹਵਾ ਨੇੜੇ ਵਾਧੂ ਪਰ੍ਹ ਨਹੀਂ ਮਾਰ ਸਕਿਆ।

ਇਸ ਅੰਦੋਲਨ ਤੋਂ ਪਹਿਲਾਂ ਬਹੁਤ ਸਾਰੇ ਅੰਦੋਲਨ ਹੋਏ ਹਨ, ਪਰ ਉਨ੍ਹਾਂ ਅੰਦੋਲਨਾ ਵਿਚ ਔਰਤਾਂ ਦੇ ਦਖਲ ਆਟੇ ਵਿੱਚ ਲੂਣ ਵਾਂਗ ਸਨ।ਔਰਤਾਂ ਨੇ ਇਸਨੂੰ ਆਪਣੀ ਜਿੰਮੇਦਾਰੀ ਸਮਝਿਆ ਤੇ ਕਿਸਾਨਾਂ ਦੇ ਨਾਲ ਜਾ ਖੜ੍ਹੀਆਂ। ਇਕ ਸਾਲ ਤੋਂ ਮੀਂਹ, ਹਨੇਰੀ, ਠੰਡ, ਸਿਆਲ, ਧੁੱਪਾਂ ਨਾਲ ਨਾਲ ਸਹਿ ਰਹੀਆਂ ਹਨ। ਇਸ ਤੋਂ ਪਹਿਲਾਂ ਜਨ ਸੰਖਿਆ ਦਾ ਅੱਧਾ ਹਿੱਸਾ ਔਰਤਾਂ ਕਿਸੇ ਅੰਦੋਲਨ ਵਿਚ ਖਾਸ ਮੂਡ ਨਹੀਂ ਰੱਖਦੀਆਂ ਸਨ, ਜਾਂ ਕਿਹਾ ਜਾਵੇ ਕਿ ਮਰਦ ਨੂੰ ਲੱਗਦਾ ਸੀ ਕਿ ਔਰਤਾਂ ਘਰ ਅੰਦਰ ਰਹਿਣ ਤਾਂ ਜਿਆਦਾ ਬਿਹਤਰ ਹੈ। ਪਰ ਇਸ ਅੰਦੋਲਨ ਵਿਚ ਅਜਿਹਾ ਕੁੱਝ ਨਹੀਂ ਵਾਪਰਿਆ ਸਗੋਂ ਔਰਤਾਂ ਨੇ ਸਾਰਾ ਦੁਖਾਂਤ ਆਪਣੇ ਪਿੰਡੇ ਉੱਤੇ ਮਰਦਾਂ ਦੇ ਨਾਲ ਨਾਲ ਹੰਢਾਇਆ ਹੈ।ਔਰਤਾਂ ਹਰ ਉਸ ਕਾਫਿਲੇ ਵਿਚ ਵਿਚਰੀਆਂ ਜੋ ਦਿਲੀ ਦੀਆਂ ਹੱਦਾਂ ਬੰਨੇ ਟੱਪਣ ਲਈ ਕਾਹਲਾ ਸੀ।

ਸਟੇਜਾਂ ਉੱਤੇ ਵਿਚਾਰਕ ਸਾਂਝਾਂ

ਔਰਤ ਨੂੰ ਹੁਣ ਤੱਕ ਮਰਦ ਦੀ ਕਮਜੋਰੀ ਕਿਹਾ ਜਾਂਦਾ ਰਿਹਾ ਹੈ, ਪਰ ਇਹ ਅੰਦੋਲਨ ਨਿਰੋਲ ਅੰਦੋਲਨ ਸੀ, ਜਿਸ ਵਿਚ ਔਰਤ ਨੇ ਮਜਬੂਤੀ ਨਾਲ ਸਾਥ ਦਿੱਤਾ ਹੈ। ਜੇਕਰ ਕਿਸਾਨ ਅੰਦੋਲਨ ਵਿਚ ਔਰਤਾਂ ਦੀ ਸਰਗਰਮੀ ਤੇ ਯੋਗਦਾਨ ਨੂੰ ਵਾਚਿਆ ਜਾਵੇ ਤਾਂ ਔਰਤ ਤੇ ਮਰਦ ਵਿਚਾਲੇ ਵਖਰੇਵਿਆਂ ਦੇ ਕਈ ਪਰਿਪੇਖ ਆਪਣੇ ਨਵੇਂ ਅਰਥਾਂ ਵਿਚ ਵੇਖੇ ਗਏ ਹਨ। ਪਿਛਲੇ ਕਈ ਸਮੇਂ ਤੋਂ ਇਹ ਔਰਤਾਂ ਲਗਾਤਾਰ ਸਰਗਰਮੀ ਨਾਲ ਮਰਦਾਂ ਦੇ ਨਾਲ ਹਨ।ਉਹ ਇਹ ਵੀ ਕਹਿ ਰਹੀਆਂ ਹਨ ਕਿ ਹਰ ਹਾਲਤ ਵਿਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਜਾਵਾਂਗੀਆਂ। ਭਾਵੇਂ ਸਾਨੂੰ ਵਰ੍ਹਿਆਂ ਬੱਧੀ ਬੈਠਣਾ ਪਵੇ। ਕੁਝ ਨੌਜਵਾਨ ਲੜਕੀਆਂ ਅੰਦੋਲਨਕਾਰੀਆਂ ਵਿਸ਼ੇਸ ਤੌਰ ਤੇ ਇਸਤਰੀਆਂ ਵਿਚ ਤਿੰਨ ਖੇਤੀਬਾੜੀ ਕਾਨੂੰਨਾ ਬਾਰੇ ਜਾਗ੍ਰਤੀ ਪੈਦਾ ਕਰਨ ਦਾ ਕੰਮ ਕਰ ਰਹੀਆਂ ਹਨ। ਇਹ ਪਹਿਲਾ ਅੰਦੋਲਨ ਹੈ, ਜਿਸ ਵਿਚ ਲੜਕੀਆਂ ਬੇਖੌਫ ਹੋ ਕੇ ਘੁੰਮ ਫਿਰ ਅਤੇ ਸਟੇਜਾਂ ਤੇ ਭਾਸ਼ਣ ਵੀ ਕਰ ਰਹੀਆਂ ਹਨ।

ਹਾਲਾਂਕਿ ਜੇਕਰ ਪੰਜਾਬ ਦਾ ਇਤਿਹਾਸ ਦੇਖਿਆ ਜਾਵੇ ਤਾਂ ਬਹਾਦਰ ਔਰਤਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ।ਦਿਲੀ ਵੱਲ ਹਰ ਰੋਜ਼ ਨਵੇਂ ਕਾਫਲੇ ਆ ਰਹੇ ਹਨ। ਭਾਵੇਂ ਕਿ ‘ਗੋਦੀ ਮੀਡੀਆ’ ਵੱਲੋਂ ਕਿਸਾਨ ਅੰਦੋਲਨ ਵਿਚ ਇਸਤਰੀਆਂ ਦੀ ਸੁਰੱਖਿਆ ਬਾਰੇ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਉਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਬਿਹਾਰ ਅਤੇ ਦਿੱਲੀ ਤੋਂ ਇਸਤਰੀਆਂ ਵੀ ਆ ਰਹੀਆਂ ਹਨ। ਕੁਝ ਉਹ ਇਸਤਰੀਆਂ ਵੀ ਆ ਰਹੀਆਂ ਹਨ, ਜਿਨ੍ਹਾਂ ਦੇ ਘਰ ਵਾਲੇ ਖੇਤੀਬਾੜੀ ਨਹੀਂ ਸਗੋਂ ਹੋਰ ਕਿੱਤੇ ਕਰ ਰਹੇ ਹਨ। ਉਹ ਮੰਨਦੀਆਂ ਹਨ ਕਿ ਇਹ ਖੇਤੀ ਕਾਨੂੰਨ ਸਮੁਚੇ ਵਰਗ ਦੀ ਆਰਥਿਕ ਤਬਾਹੀ ਦਾ ਕੰਮ ਕਰਨਗੇ।

ਵੱਡੀਆਂ ਨੌਕਰੀਆਂ ਨੂੰ ਮਾਰੀ ਲੱਤ
ਮਹਾਰਾਸ਼ਟਰ ਤੋਂ ਕਈ ਨੌਜਵਾਨ ਲੜਕੀਆਂ ਨੇ ਆਪਣੀਆਂ ਵੱਡੀਆਂ ਕੰਪਨੀਆਂ ਦੀਆਂ ਨੌਕਰੀਆਂ ਨੂੰ ਲੱਤ ਮਾਰ ਕੇ ਇਸ ਅੰਦੋਲਨ ਵਿਚ ਆਪਣਾ ਹਿੱਸਾ ਪਾਇਆ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ ਇਕੱਠੇ ਇਨਸਾਨੀਅਤ ਦੇ ਵਗਦੇ ਦਰਿਆ ਦੀ ਤਰ੍ਹਾਂ ਵਿਚਰ ਰਹੇ ਹਨ। ਜਦੋਂ ਸੰਸਾਰ ਦੀ ਜਨਨੀ ਮੈਦਾਨ ਵਿਚ ਉਤਰ ਆਵੇ ਤਾਂ ਸਫਲਤਾ ਨੂੰ ਕੋਈ ਰੋਕ ਨਹੀਂ ਸਕਦਾ। ਇਸ ਤੋਂ ਪਹਿਲਾਂ ਵੀ ਸਾਡੇ ਦੇਸ ਦੇ ਇਤਿਹਾਸ ਵਿਚ ਪੰਜਾਬੀ ਇਸਤਰੀਆਂ ਦੇ ਯੋਗਦਾਨ ਦਾ ਮਹੱਤਵਪੂਰਨ ਜ਼ਿਕਰ ਆਉਂਦਾ ਹੈ। ਉਹ ਭਾਵੇਂ ਦੇਸ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਧਾਰਮਿਕ ਅਤੇ ਸਮਾਜਿਕ ਸਰਗਰਮੀ ਹੋਵੇ ਪ੍ਰੰਤੂ ਇਸ ਅੰਦੋਲਨ ਦੀ ਇਹ ਵਿਲੱਖਣਤਾ ਵੀ ਹੈ ਕਿ ਇਸ ਵਿਚ ਇਕ ਵਰਗ ਦੀਆਂ ਇਸਤਰੀਆਂ ਹੀ ਨਹੀਂ ਸਗੋਂ ਹਰ ਵਰਗ ਅਤੇ ਧਰਮ ਦੀ ਨੁਮਾਇੰਦਗੀ ਕਰਨ ਵਾਲੀਆਂ ਇਸਤਰੀਆਂ ਸਰਗਰਮੀ ਨਾਲ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ। ਜਿਥੇ ਅੰਮ੍ਰਿਤਧਾਰੀ ਇਸਤਰੀਆਂ ਅੰਦੋਲਨ ਵਿਚ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ, ਉਥੇ ਹੀ ਆਮ ਸਾਧਾਰਣ ਇਸਤਰੀਆਂ ਬਿਨਾ ਜ਼ਾਤ ਪਾਤ, ਰੰਗ, ਧਰਮ ਅਤੇ ਮਜ੍ਹਬ ਤੋਂ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ।

ਅੰਦੋਲਨ ਦੇ ਨਾਲ ਨਾਲ ਸਮਾਜ ਸੇਵਾ ਦਾ ਹਿੱਸਾ
ਪੜ੍ਹੀਆਂ ਲਿਖੀਆਂ ਇਸਤਰੀਆਂ ਤਾਂ ਕਈ ਖੇਤਰਾਂ ਵਿਚ ਅੰਦੋਲਨ ਦੀ ਅਗਵਾਈ ਵੀ ਕਰ ਰਹੀਆਂ ਹਨ। ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਵੈਸੇ ਤਾਂ ਇਤਨੀ ਵੱਡੀ ਮਾਤਰਾ ਵਿਚ ਇਸਤਰੀਆਂ ਆਈਆਂ ਹਨ, ਉਨ੍ਹਾਂ ਸਾਰੀਆਂ ਬਾਰੇ ਲਿਖਣਾ ਅਸੰਭਵ ਹੈ ਪ੍ਰੰਤੂ ਉਦਾਹਰਣ ਲਈ ਕੁਝ ਕੁ ਇਸ ਤਰ੍ਹਾਂ ਹਨ- ਬੁੱਧੀਜੀਵੀ ਵਰਗ ਵਿਚੋਂ ਕਵਿਤਰੀ ਸੁਖਵਿੰਦਰ ਕੌਰ ਅੰਮ੍ਰਿਤ, ਜਸਬੀਰ ਕੌਰ ਪੰਜਾਬ ਕਿਸਾਨ ਯੂਨੀਅਨ, ਫਿਲਮ ਸਨਅਤ ਵਿਚੋਂ ਜੱਸੀ ਸੰਘਾ, ਖਾਲਸਾ ਏਡ ਵਿਚੋਂ ਨਾਜ਼ੀਆ ਧੰਜੂ, ਕਿਰਤੀਆਂ ਵਿਚੋਂ ਮਲਕੀਤ ਕੌਰ ਮਾਨਸਾ (ਉਹ ਐਕਸੀਡੈਂਟ ਵਿਚ ਸ਼ਹੀਦ ਹੋ ਗਏ), ਡਾਕਟਰਾਂ ਵਿਚੋਂ ਡਾ ਹਰਸ਼ਿੰਦਰ ਕੌਰ, ਵਿਦਿਆਰਥੀਆਂ ਵਿਚੋਂ ਕਨੂੰਪ੍ਰਿਆ, ਨੀਲ ਕਮਲ , ਕੰਵਲਜੀਤ ਕੌਰ, ਕਿਸਾਨਾ ਵਿਚੋਂ ਮਹਿੰਦਰ ਕੌਰ ਕਿਸਾਨ ਸਭਾ, ਹਰਜਿੰਦਰ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਵਕੀਲਾਂ ਵਿਚੋਂ ਹਰਮੀਤ ਕੌਰ ਬਰਾੜ ਅਤੇ ਚੰਡੀਗੜ੍ਹ ਤੋਂ ਇਕ ਲੜਕੀ ਵਕੀਲ ਜਿਹੜੇ ਸੀ ਆਰ ਪੀ ਐਫ ਦੀ ਨੌਕਰੀ ਛੱਡ ਕੇ ਆਈ ਹੈ, ਕਲਾਕਾਰਾਂ ਵਿਚੋਂ ਸੁਖੀ ਬਰਾੜ, ਅਮਨਦੀਪ ਕੌਰ ਦਿਓਲ ਜਾਗ੍ਰਤੀ ਏਕਤਾ ਮੰਚ, ਸਰਵਖੱਪ ਮਹਾਂ ਪੰਚਾਇਤ ਸੰਤੋਸ਼ ਦਾਹੀਆ ਹਰਿਆਣਾ, ਚੰਡੀਗੜ੍ਹ ਤੋਂ ਕੰਵਲਜੀਤ ਕੌਰ ਅਤੇ ਜਸਪ੍ਰੀਤ ਕੌਰ ਅਖੰਡ ਕੀਰਤਨੀ ਜੱਥਾ ਅਤੇ ਮੁਕਤਸਰ ਤੋਂ ਇਕ ਲੜਕੀ ਜਿਹੜੀ ਖੁਦ ਖੇਤੀ ਕਰਦੀ ਹੈ ਪਹਿਲੇ ਦਿਨ ਤੋਂ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ ਜੋ ਕਿ ਬਾਕੀ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ।

ਦਿੱਲੀ ਤਾਂ ਅੰਦੋਲਨ ਚੱਲ ਹੀ ਰਿਹਾ ਹੈ, ਪਿੰਡਾਂ ਵਿਚ ਵੀ ਔਰਤਾਂ ਅੰਦੋਲਨ ਬਾਰੇ ਜਾਗ੍ਰਤੀ ਪੈਦਾ ਕਰਨ ਅਤੇ ਰਾਸ਼ਣ ਇਕੱਤਰ ਕਰਨ ਲਈ ਕੰਮ ਕਰ ਰਹੀਆਂ ਹਨ। ਜਿਹੜੇ ਕਿਸਾਨ ਅੰਦੋਲਨ ਵਿਚ ਆਏ ਹੋਏ ਹਨ, ਉਨ੍ਹਾਂ ਦੀ ਖੇਤੀਬਾੜੀ ਦਾ ਕੰਮ ਵੀ ਇਸਤਰੀਆਂ ਸੰਭਾਲ ਰਹੀਆਂ ਹਨ। ਜਿਹੜੀਆਂ ਇਸਤਰੀਆਂ ਅੰਦੋਲਨ ਵਿਚ ਆਈਆਂ ਹੋਈਆਂ ਹਨ, ਉਨ੍ਹਾਂ ਵਿਚੋਂ ਕੁਝ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਆਂ ਹਨ। ਇਸਤਰੀਆਂ ਦੀ ਅੰਦੋਲਨ ਵਿਚ ਦਿਲਚਸਪੀ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਈ ਨਵੀਆਂ ਵਿਆਹੀਆਂ ਇਸਤਰੀਆ ਚੂੜੇ ਪਾ ਕੇ ਸ਼ਾਮਲ ਹੋ ਰਹੀਆਂ ਹਨ। ਲੰਗਰਾਂ ਦਾ ਇੰਤਜ਼ਾਮ ਵੀ ਇਸਤਰੀਆਂ ਕਰ ਰਹੀਆਂ ਹਨ।

ਗੋਦੀ ਮੀਡੀਆ ਦੀਆਂ ਅਫਵਾਹਾਂ ਦੀ ਪਰਵਾਹ ਨਹੀਂ
ਭਾਵੇਂ ਸਿਆਸਤਦਾਨਾ ਵਿਚੋਂ ਇਸਤਰੀਆਂ ਆਈਆਂ ਹੋਈਆਂ ਹਨ ਪ੍ਰੰਤੂ ਉਨ੍ਹਾਂ ਦਾ ਜ਼ਿਕਰ ਕਰਨਾ ਠੀਕ ਨਹੀਂ ਕਿਉਂਕਿ ਇਹ ਅੰਦੋਲਨ ਸਿਆਸੀ ਨਹੀਂ ਹੈ। ਸੁਪਰੀਮ ਕੋਰਟ ਦੀ ਇਕ ਸੀਨੀਅਰ ਵਕੀਲ ਆਪਣੀ ਲੜਕੀ ਨੂੰ ਲੈ ਕੇ ਸ਼ਾਮਲ ਹੋਈ ਹੈ।’ਗੋਦੀ ਮੀਡੀਆ’ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਦਾ ਮੁਕਾਬਲਾ ਕਰਨ ਲਈ ਜੱਸੀ ਸੰਘਾ ਦੀ ਅਗਵਾਈ ਵਿਚ ਨੌਜਵਾਨ ਲੜਕੀਆਂ ‘‘ਟਰਾਲੀ ਟਾਈਮਜ਼’’ ਅਖ਼ਬਾਰ ਪ੍ਰਕਾਸ਼ਤ ਕਰਵਾਕੇ ਸਮੁੱਚੇ ਅੰਦੋਲਨ ਵਿਚ ਵੰਡ ਰਹੀਆਂ ਹਨ। ਇਹ ਅਖਬਾਰ ਪੰਜਾਬੀ ਤੋਂ ਬਿਨਾ ਹਿੰਦੀ ਵਿਚ ਵੀ ਪ੍ਰਕਾਸ਼ਤ ਹੋ ਰਿਹਾ ਹੈ ਅਤੇ ਬਾਕੀ ਭਾਸ਼ਾਵਾਂ ਵਿਚ ਵੀ ਜਲਦੀ ਹੀ ਪ੍ਰਕਾਸ਼ਤ ਕਰਨ ਦਾ ਪ੍ਰੋਗਰਾਮ ਹੈ। ਸਾਰੀਆਂ ਗ਼ਲਤ ਅਫਵਾਹਾਂ ਨੂੰ ਲੜਕੀਆਂ ਦਾ ਇਹ ਗਰੁਪ ਕਾਊਂਟਰ ਕਰ ਰਿਹਾ ਹੈ।

ਇਸ ਪੂਰੇ ਅੰਦੋਲਨ ਦੀ ਜਿੱਤ ਦਾ ਸਿਹਰਾ ਇਕੱਲੇ ਕਿਸਾਨ ਆਪਣੇ ਸਿਰ ਨਹੀਂ ਬੰਨ੍ਹ ਸਕਦੇ। ਇਹ ਔਰਤਾਂ ਹੀ ਨੇ ਜਿਨ੍ਹਾਂ ਨੇ ਘਰ ਦੀ ਦਹਿਲੀਜ ਇਸ ਵਾਰ ਟੱਪਣੀ ਜਰੂਰੀ ਸਮਝੀ ਤਾਂ ਜੋ ਘੱਟੋ ਘੱਟ ਇਸ ਵਾਰ ਤਾਂ ਮੌਕਾ ਨਾ ਖੁੰਝਾਇਆ ਜਾਵੇ ਕਿ ਇਹ ਸਾਬਤ ਹੋਵੇ ਕਿ ਔਰਤਾਂ ਸਿਰਫ ਘਰ ਦਾ ਚੁੱਲ੍ਹਾ ਚੌਂਕਾਂ ਹੀ ਸਾਂਭ ਸਕਦੀਆਂ ਹਨ, ਲੋੜ ਪਵੇ ਤਾਂ ਦੇਸ਼ ਸਾਂਭਣ ਲਈ ਵੀ ਅੱਗੇ ਆ ਸਕਦੀਆਂ ਹਨ ਤੇ ਜੇ ਬਹੁਤ ਜਰੂਰੀ ਹੋਵੇ ਤਾਂ ਹੱਕਾਂ ਲਈ ਵੰਗਾਰ ਵੀ ਸਕਦੀਆਂ ਹਨ।

Exit mobile version