The Khalas Tv Blog Punjab ਮੰਤਰੀ ਬੈਂਸ ਖਿਲਾਫ ਔਰਤਾਂ ਹੋਈਆਂ ਲਾਮਬੰਦ, ਕਰ ਦਿੱਤਾ ਆਰ-ਪਾਰ ਦਾ ਐਲਾਨ
Punjab

ਮੰਤਰੀ ਬੈਂਸ ਖਿਲਾਫ ਔਰਤਾਂ ਹੋਈਆਂ ਲਾਮਬੰਦ, ਕਰ ਦਿੱਤਾ ਆਰ-ਪਾਰ ਦਾ ਐਲਾਨ

Women mobilized against Minister Bains, announced across the board

ਰੋਪੜ : 1158 ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਬਲਵਿੰਦਰ ਕੌਰ ਦੀ ਦੇਹ ਨੂੰ ਹਾਲੇ ਵੀ ਰੋਪੜ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਹੋਇਆ ਹੈ ਅਤੇ ਪਰਿਵਾਰ ਅਤੇ ਜਥੇਬੰਦੀਆਂ ਦੀ ਇਹੀ ਮੰਗ ਹੈ ਕਿ ਜਦੋਂ ਤੱਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬਲਵਿੰਦਰ ਕੌਰ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਇਸੇ ਦੇ ਚੱਲਦਿਆਂ ਹਸਪਤਾਲ ਦੇ ਬਾਹਰ ਵੱਖ ਵੱਖ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।

ਅੱਜ ਆਂਗਣਵਾੜੀ ਵਰਕਰਾਂ ਵੀ ਬਲਵਿੰਦਰ ਕੌਰ ਦੇ ਇਨਸਾਫ਼ ਲਈ ਹਸਪਤਾਲ ਦੇ ਬਾਹਰ ਆਈਆਂ ਅਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਆਂਗਣਬਾੜੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜੋ ਕਿ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਵੀ ਹੈ, ਨੇ ਕਿਹਾ ਕਿ ਇਹ ਘਟਨਾ ਪੰਜਾਬ ਵਿੱਚ ਪਹਿਲੀ ਤਰ੍ਹਾਂ ਦੀ ਘਟਨਾ ਹੈ ਜਦੋਂ ਕਿਸੇ ਨੇ ਸਰਕਾਰ ਤੋਂ ਅੱਕ ਕੇ ਖੁਦਕੁਸ਼ੀ ਕੀਤੀ ਹੋਵੇ। ਪ੍ਰਸ਼ਾਸਨ ਵੱਲੋਂ ਹਰਜੋਤ ਬੈਂਸ ਖਿਲਾਫ਼ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਉਸਦੇ ਪਰਿਵਾਰ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਬਲਵਿੰਦਰ ਕੌਰ ਦੇ ਸਹੁਰੇ ਨੂੰ ਜੇਲ੍ਹ ਦੇ ਅੰਦਰ ਕੀਤਾ ਹੋਇਆ ਹੈ।

ਜਦੋਂ ਇਹਨਾਂ ਦੇ ਕਿਸੇ ਖ਼ਾਸ ਦੀ, ਮੰਤਰੀ ਦੀ ਗੱਲ ਆ ਜਾਂਦੀ ਹੈ ਤਾਂ ਇਨ੍ਹਾਂ ਦੀਆਂ ਕਲਮਾਂ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ। ਸਰਕਾਰ ਨੇ ਆਪਣੇ ਗਲੋਂ ਕੇਸ ਲਾਹੁਣ ਵਾਸਤੇ ਕਿਸੇ ਬੇਗੁਨਾਹ ਨੂੰ ਅੰਦਰ ਕੀਤਾ ਹੋਇਆ ਹੈ। ਇਸ ਕੇਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਬਲਵਿੰਦਰ ਕੌਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।

ਧਰਨੇ ਵਿੱਚ ਡਟੇ ਇੱਕ 1158 ਸਹਾਇਕ ਪ੍ਰੋਫੈਸਰ ਨੇ ਕਿਹਾ ਕਿ ਇਸ ਮਸਲੇ ਵਿੱਚ ਸਰਕਾਰਾਂ ਦੀ ਸੰਵੇਦਨਸ਼ੀਲਤਾ ਇਸ ਤਰ੍ਹਾਂ ਦੀ ਹੈ ਕਿ ਕੋਈ ਇਸ ਬਾਰੇ ਗੱਲ ਹੀ ਨਹੀਂ ਕਰ ਰਿਹਾ। ਅਸੀਂ ਪਿਛਲੇ ਕਰੀਬ 55-56 ਦਿਨਾਂ ਤੋਂ ਧਰਨਾ ਦੇ ਰਹੇ ਹਾਂ ਪਰ ਸਾਡੇ ਨਾਲ ਕੋਈ ਵੀ ਮੁਲਾਕਾਤ ਕਰਨ ਲਈ ਨਹੀਂ ਆਇਆ। ਪੰਜਾਬ ਦੇ ਕਾਲਜਾਂ ਵਿੱਚ ਪਿਛਲੇ 25 ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ ਤੇ ਦੋ ਹਜ਼ਾਰ ਦੇ ਕਰੀਬ ਪੋਸਟਾਂ ਵਿੱਚੋਂ ਸਿਰਫ਼ 200 ਜਾਂ 300 ਸਿਰਫ਼ ਰੈਗੂਲਰ ਪ੍ਰੋਫੈਸਰ ਹਨ, ਬਾਕੀ ਦੀਆਂ ਪੋਸਟਾਂ ਖਾਲੀ ਹਨ ਜਾਂ ਫਿਰ ਕੱਚੇ ਅਧਿਆਪਕ ਹਨ। ਜੇ ਇਹ ਭਰਤੀ ਲਟਕਦੀ ਰਹੀ ਤਾਂ ਇਹ ਤੈਅ ਹੈ ਕਿ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਦਾਖਲਾ ਬੰਦ ਹੋ ਜਾਣਾ ਹੈ ਤੇ ਪੰਜਾਬ ਦੇ ਮਿਹਨਤੀ ਮਜ਼ਦੂਰ, ਕਿਸਾਨਾਂ ਦੇ ਬੱਚਿਆਂ ਲਈ ਉਚੇਰੀ ਸਿੱਖਿਆ ਦੇ ਰਸਤੇ ਬੰਦ ਹੋ ਜਾਣੇ ਹਨ ਅਤੇ ਸਿਰਫ਼ ਪ੍ਰਾਈਵੇਟ ਖੇਤਰ ਦਾ ਰਸਤਾ ਹੀ ਉਹਨਾਂ ਦੇ ਕੋਲ ਰਹਿ ਜਾਣਾ ਹੈ।

ਇਹ ਮਸਲਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਇਹ ਭਰਤੀ ਹੀ 25 ਸਾਲਾਂ ਬਾਅਦ ਆਈ ਸੀ। ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਇਹ ਪੰਜਾਬ ਦੀ ਨੌਜਵਾਨੀ ਲਈ ਬਹੁਤ ਘਾਤਕ ਹੋਵੇਗਾ। ਹਾਲੇ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ। ਸਰਕਾਰ ਨੇ ਇਸ ਘਟਨਾ ਉੱਤੇ ਦੋ ਸ਼ਬਦ ਤੱਕ ਨਹੀਂ ਕਹੇ। ਪ੍ਰੋਫੈਸਰ ਨੇ 1158 ਦੇ ਮਸਲਿਆਂ ਦਾ ਹੱਲ ਕਰਨ ਲਈ ਸਰਕਾਰ ਨੂੰ ਮੰਗ ਕੀਤੀ ਹੈ।

1158 ਦੇ ਧਰਨੇ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਡੇ ਸਮਾਜ ਲਈ ਇਹ ਬਹੁਤ ਵੱਡੀ ਲਾਹਨਤ ਹੈ ਕਿ ਸਾਡੀਆਂ ਧੀਆਂ ਨੂੰ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲ ਰਹੀ। ਪ੍ਰੋ. ਬਲਵਿੰਦਰ ਕੌਰ ਦੀ ਨੌਕਰੀ ਤੋਂ ਬਾਅਦ ਪੋਸਟਿੰਗ ਹੀ ਨਹੀਂ ਕੀਤੀ ਗਈ ਕਿ ਉਸਨੂੰ ਆਪਣਾ ਸਰੀਰ ਹੀ ਤਿਆਗਣਾ ਪੈ ਗਿਆ। ਹੁਣ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਉਸ ਵੱਲੋਂ ਲਿਖੇ ਗਏ ਨੋਟ ਮੁਤਾਬਕ ਹਰਜੋਤ ਬੈਂਸ ਖਿਲਾਫ਼ ਕੇਸ ਦਰਜ ਨਹੀਂ ਕੀਤਾ ਜਾ ਰਿਹਾ, ਇਸ ਤਰ੍ਹਾਂ ਤਾਂ ਫਿਰ ਲੋਕ ਵੀ ਕਾਨੂੰਨ ਤੋੜਨਗੇ ਕਿ ਮੰਤਰੀਆਂ ਲਈ ਕਾਨੂੰਨ ਹੋਰ ਤੇ ਆਮ ਲੋਕਾਂ ਲਈ ਕਾਨੂੰਨ ਹੋਰ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਅਦਾਲਤ ਦਾ ਕੁੰਡਾ ਖੜਕਾਉਣਾ ਹੀ ਪੈਣਾ ਹੈ ਕਿਉਂਕਿ ਸਰਕਾਰ ਤਾਂ ਮਸਲੇ ਦਾ ਕੋਈ ਹੱਲ ਨਹੀਂ ਕਰ ਰਹੀ। 1158 ਦੇ ਨਾਲ ਕਿਸਾਨ ਜਥੇਬੰਦੀਆਂ, ਆਮ ਲੋਕ, ਰਾਜਨੀਤਿਕ ਪਾਰਟੀਆਂ ਧਰਨੇ ਉੱਤੇ ਬੈਠੀਆਂ ਹੋਈਆਂ ਹਨ। ਜਦੋਂ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਦਿੰਦਾ ਹੈ ਤਾਂ ਸਮਾਜ ਨੂੰ ਤਾਂ ਵੈਸੇ ਹੀ ਉਸ ਨਾਲ ਹਮਦਰਦੀ ਹੋ ਜਾਂਦੀ ਹੈ।

ਆਪ ਬੁਲਾਰੇ ਮਾਲਵਿੰਦਰ ਸਿੰਘ ਕੰਗ ਬਾਰੇ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਇਹ ਤਾਂ ਟੋਭੇ ਦਾ ਗਵਾਹ ਡੱਡੂ ਹੈ। ਹੱਕ ਮੰਗ ਰਹੇ ਲੋਕਾਂ ਨੂੰ ਗਿੱਦਾਂ ਕਹਿਣਾ ਇਹ ਬਹੁਤ ਹੀ ਮਾੜੀ ਭਾਸ਼ਾ ਹੈ।

Exit mobile version