ਨਵੀਂ ਦਿੱਲੀ : ਅਗਨੀਪਥ ਸਕੀਮ ਤਹਿਤ ਭਾਰਤੀ ਜਲ ਸੈਨਾ ਵਿਚ ਭਰਤੀ ਕੀਤੇ ਜਾਣ ਵਾਲੇ ਅਗਨੀਵੀਰਾਂ ਵਿਚੋਂ 20 ਫੀਸਦ ਮਹਿਲਾ ਉਮੀਦਵਾਰ ਹੋਣਗੇ। ਚੁਣੇ ਗਏ ਉਮੀਦਵਾਰ ਅਗਨੀਵੀਰ ਦੇ ਪਹਿਲੇ ਬੈਚ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਜਲ ਸੈਨਾ ਦੇ ਵੱਖ-ਵੱਖ ਹਿੱਸਿਆਂ ਅਤੇ ਸ਼ਾਖਾਵਾਂ ਵਿੱਚ ਭੇਜਿਆ ਜਾਵੇਗਾ। ਇਹ ਜਾਣਕਾਰੀ ਜਲ ਸੈਨਾ ਨੇ ਸਾਂਝੀ ਕੀਤੀ ਹੈ।
ਭਾਰਤੀ ਜਲ ਸੈਨਾ ਵਿੱਚ ਆਉਂਦੇ ਤਿੰਨ ਮਹੀਨਿਆਂ ਅੰਦਰ ਮਹਿਲਾ ਅਗਨੀਵੀਰਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਜੰਗੀ ਬੇੜਿਆਂ ਤੇ ਜੰਗੀ ਮੁਹਿੰਮਾਂ ’ਤੇ ਤਾਇਨਾਤ ਕੀਤਾ ਜਾਵੇਗਾ। ਮਹਿਲਾ ਅਗਨੀਵੀਰਾਂ ਦਾ ਪਹਿਲਾ ਬੈਚ ਮਾਰਚ ਮਹੀਨੇ ਪਾਸ ਆਊਟ ਹੋਵੇਗਾ। ਹਾਲਾਂਕਿ ਮਹਿਲਾ ਅਗਨੀਵੀਰਾਂ ਨੂੰ ਪਣਡੁੱਬੀਆਂ ’ਤੇ ਤਾਇਨਾਤ ਕਰਨ ਦਾ ਫ਼ੈਸਲਾ ਅਜੇ ਨਹੀਂ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਜਲ ਸੈਨਾ ਇਸ ਸਮੇਂ ਜੰਗੀ ਬੇੜਿਆਂ ’ਤੇ ਮਹਿਲਾ ਤੇ ਪੁਰਸ਼ ਜਲ ਸੈਨਿਕਾਂ ਲਈ ਨਿਯਮ ਬਣਾ ਰਹੀ ਹੈ। ਜੰਗੀ ਬੇੜਿਆਂ ’ਤੇ ਮਹਿਲਾ ਜਲ ਸੈਨਿਕਾਂ ਲਈ ਵੱਖਰੀ ਮੈੱਸ ਤੇ ਰਿਹਾਇਸ਼ ਹੋਵੇਗੀ। ਇਸ ਸਮੇਂ 341 ਮਹਿਲਾ ਅਗਨੀਵੀਰ ਸਿਖਲਾਈ ਹਾਸਲ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਲ ਸੈਨਾ ਦੀਆਂ ਵੱਖ ਵੱਖ ਸੇਵਾਵਾਂ ’ਚ ਤਾਇਨਾਤ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਗਣਤੰਤਰ ਦਿਵਸ ਪਰੇਡ ਮੌਕੇ ਕੁਝ ਅਗਨੀਵੀਰਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ।
ਜਲ ਸੈਨਾ ਦੇ ਕੰਟਰੋਲਰ ਪਰਸੋਨਲ ਸਰਵਿਸਜ਼ (ਸੀਪੀਐੱਸ) ਵਾਈਸ ਐਡਮਿਰਲ ਸੂਰਜ ਬੇਰੀ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਜਲ ਸੈਨਾ ਦੀ ਝਾਕੀ ਦਾ ਵਿਸ਼ਾ ‘ਜਲ ਸੈਨਾ: ਜੰਗ ਲਈ ਤਿਆਰ, ਭਰੋਸੇਯੋਗ, ਸਭ ਨੂੰ ਜੋੜਨ ਵਾਲਾ ਤੇ ਭਵਿੱਖ ਮੁਖੀ’ ਹੋਵੇਗਾ। ਇਸ ਝਾਕੀ ਦਾ ਮੁੱਖ ਹਿੱਸਾ ਜਲ ਸੈਨਾ ’ਚ ‘ਮੇਕ ਇਨ ਇੰਡੀਆ’ ਦੀਆਂ ਪਹਿਲਕਦਮੀਆਂ ਨੂੰ ਉਭਾਰਨਾ ਹੋਵੇਗਾ।
ਸਮਾਚਾਰ ਏਜੰਸੀ ਨੇ ਜਲ ਸੈਨਾ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਜਲ ਸੈਨਾ ਅਗਨੀਪਥ ਯੋਜਨਾ ਦੇ ਜ਼ਰੀਏ ਇਸ ਸਾਲ ਪਹਿਲੀ ਵਾਰ ਮਹਿਲਾ ਨਾਵਕਾਂ ਦੀ ਭਰਤੀ ਕਰੇਗੀ। ਪਹਿਲੇ ਬੈਚ ਵਿਚ 3 ਹਜ਼ਾਰ ਅਗਨੀਵੀਰ ਭਰਤੀ ਕੀਤੇ ਜਾਣਗੇ। ਜਲ ਸੈਨਾ ਵਿਚ ਸ਼ਾਮਲ ਹੋਣ ਵਾਲੇ ਅਗਨੀਵੀਰਾਂ ਨੂੰ ਇਸ ਸਾਲ 21 ਨਵੰਬਰ ਤੋਂ ਉੜੀਸਾ ਵਿਚ ਆਈਐੱਨਐੱਸ ਚਿਲਕਾ ਵਿਚ ਸਿਖਲਾਈ ਦਿੱਤੀ ਜਾਵੇਗੀ। ਔਰਤਾਂ ਦੇ ਸੰਦਰਭ ‘ਚ ਖਾਸ ਗੱਲ ਇਹ ਹੈ ਕਿ ਅਗਨੀਵੀਰ ਦੇ ਪਹਿਲੇ ਬੈਚ ‘ਚ 20 ਫੀਸਦੀ ਸੀਟਾਂ ਔਰਤਾਂ ਲਈ ਰੱਖੀਆਂ ਗਈਆਂ ਹਨ। ਜਿਨ੍ਹਾਂ ਔਰਤਾਂ ਦੀ ਚੋਣ ਕੀਤੀ ਜਾਵੇਗੀ, ਉਨ੍ਹਾਂ ਨੂੰ ਨੇਵੀ ਦੇ ਵੱਖ-ਵੱਖ ਹਿੱਸਿਆਂ ਅਤੇ ਸ਼ਾਖਾਵਾਂ ਵਿੱਚ ਭੇਜਿਆ ਜਾਵੇਗਾ।