ਸੋਮਵਾਰ ਦੁਪਹਿਰ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਇੱਕ ਹੈਰਾਨੀਜਨਕ ਤੇ ਭਾਵੁਕ ਘਟਨਾ ਵਾਪਰੀ। ਬਿਹਾਰ ਦੇ ਵਿਨੋਦ ਰਵੀਦਾਸ ਦੀ 25 ਸਾਲਾ ਪਤਨੀ ਮਨੀਸ਼ਾ, ਜੋ ਚੰਡੀਗੜ੍ਹ ਨੇੜੇ ਏਅਰਪੋਰਟ ਰੋਡ ਦੇ ਨਿਰਮਾਣ ਪ੍ਰੋਜੈਕਟ ਕੋਲ ਰਹਿੰਦੀ ਸੀ, ਨੂੰ ਅਚਾਨਕ ਤੇਜ਼ ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ।
ਡਿਲੀਵਰੀ ਦੀ ਤਾਰੀਖ 14 ਦਸੰਬਰ ਸੀ, ਪਰ ਐਂਬੂਲੈਂਸ ਦਾ ਇੰਤਜ਼ਾਰ ਨਾ ਹੋਣ ਕਾਰਨ ਪਰਿਵਾਰ ਨੇ ਉਬੇਰ ਟੈਕਸੀ ਬੁੱਕ ਕੀਤੀ ਤੇ ਡੇਰਾਬੱਸੀ ਸਿਵਲ ਹਸਪਤਾਲ ਵੱਲ ਨਿਕਲ ਪਏ। ਹਾਈਵੇਅ ’ਤੇ ਭਾਰੀ ਟ੍ਰੈਫਿਕ ਜਾਮ ਸੀ। ਘੱਗਰ ਪੁਲ ਨੇੜੇ ਪਹੁੰਚਦਿਆਂ ਮਨੀਸ਼ਾ ਦਾ ਦਰਦ ਅਸਹਿ ਹੋ ਗਿਆ। ਟੈਕਸੀ ਡਰਾਈਵਰ ਨੇ ਗੱਡੀ ਰੋਕ ਦਿੱਤੀ। ਪਤੀ ਵਿਨੋਦ ਤੇ ਡਰਾਈਵਰ ਬਾਹਰ ਨਿਕਲ ਗਏ, ਜਦਕਿ ਟੈਕਸੀ ਵਿੱਚ ਮੌਜੂਦ ਇੱਕ ਰਿਸ਼ਤੇਦਾਰ ਔਰਤ ਨੇ ਤੁਰੰਤ ਮਦਦ ਕੀਤੀ ਤੇ ਮਨੀਸ਼ਾ ਨੇ ਚੱਲਦੀ ਟੈਕਸੀ ਵਿੱਚ ਹੀ 15 ਮਿੰਟਾਂ ਵਿੱਚ ਇੱਕ ਧੀ ਨੂੰ ਜਨਮ ਦੇ ਦਿੱਤਾ।
ਜਨਮ ਹੋਣ ਤੋਂ ਬਾਅਦ ਡਰਾਈਵਰ ਨੇ ਤੁਰੰਤ ਟੈਕਸੀ ਹਸਪਤਾਲ ਪਹੁੰਚਾਈ। ਡਾਕਟਰਾਂ ਨੇ ਮਾਂ ਤੇ ਨਵਜੰਮੀ ਬੱਚੀ ਨੂੰ ਪੂਰੀ ਤਰ੍ਹਾਂ ਤੰਦਰੁਰਸਤ ਐਲਾਨ ਕੀਤਾ ਤੇ ਸਾਵਧਾਨੀ ਵਜੋਂ ਦੋਵਾਂ ਨੂੰ ਭਰਤੀ ਰੱਖਿਆ। ਹਸਪਤਾਲ ਪ੍ਰਸ਼ਾਸ਼ਨ ਤੇ ਲੋਕਾਂ ਨੇ ਸਮੇਂ ਸਿਰ ਸੂਝ-ਬੂਝ ਵਿਖਾਉਣ ਵਾਲੇ ਟੈਕਸੀ ਡਰਾਈਵਰ ਦੀ ਖ਼ੂਬ ਸ਼ਲਾਘਾ ਕੀਤੀ। ਇਹ ਘਟਨਾ ਸੋਸ਼ਲ ਮੀਡੀਆ ’ਤੇ ਵੀ ਖੂਬ ਵਾਇਰਲ ਹੋ ਰਹੀ ਹੈ।

