The Khalas Tv Blog Punjab ਸਹੁਰਿਆਂ ਤੋਂ ਤੰਗ ਆਈ ਔਰਤ ਵੱਲੋਂ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Punjab

ਸਹੁਰਿਆਂ ਤੋਂ ਤੰਗ ਆਈ ਔਰਤ ਵੱਲੋਂ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Accident Died dead honor killing

ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਔਰਤ ਦੀ ਮ੍ਰਿਤਕ ਦੇਹ ਨੰਗਲ ਨਹਿਰ ‘ਚੋਂ ਬਰਾਮਦ ਕਰ ਲਈ ਗਈ ਹੈ। ਮ੍ਰਿਤਕਾ ਦੀ ਪਛਾਣ ਕਮਲਪ੍ਰੀਤ ਕੌਰ (36) ਵਜੋਂ ਹੋਈ ਹੈ। ਜਿਸ ਜਗ੍ਹਾ ‘ਤੇ ਔਰਤ ਨੇ ਖੁਦਕੁਸ਼ੀ ਕੀਤੀ ਹੈ, ਕਰੀਬ 2 ਸਾਲ ਪਹਿਲਾਂ ਉਸੇ ਥਾਂ ’ਤੇ ਉਸ ਦੇ ਪਹਿਲੇ ਪਤੀ ਨੇ ਖੁਦਕੁਸ਼ੀ ਕੀਤੀ ਸੀ। ਕਮਲਪ੍ਰੀਤ ਦਾ 6 ਮਹੀਨੇ ਪਹਿਲਾਂ ਹੀ ਦੂਜਾ ਵਿਆਹ ਹੋਇਆ ਸੀ।

ਸਹੁਰੇ ਪਰਿਵਾਰ ਵਾਲੇ ਕਰਦੇ ਸੀ ਤੰਗ-ਪ੍ਰੇਸ਼ਾਨ

ਕਮਲਪ੍ਰੀਤ ਕੌਰ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਕੇਸਰਗੰਜ ਮੰਡੀ ਦੀ ਰਹਿਣ ਵਾਲੀ ਹੈ। ਉਸ ਦੀ ਧੀ ਦੇ ਪਹਿਲੇ ਪਤੀ ਤਜਿੰਦਰ ਸਿੰਘ ਕੋਹਲੀ ਨੂੰ ਦੋ ਸਾਲ ਪਹਿਲਾਂ ਆਪਣੇ ਕਾਰੋਬਾਰ ਵਿੱਚ ਘਾਟਾ ਪਿਆ ਸੀ, ਜਿਸ ਕਾਰਨ ਉਸ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

ਸੋ ਪਹਿਲੇ ਪਤੀ ਦੀ ਮੌਤ ਮਗਰੋਂ ਛੇ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਲੜਕੀ ਕਮਲਪ੍ਰੀਤ ਦਾ ਵਿਆਹ ਮੰਡੀ ਗੋਬਿੰਦਗੜ੍ਹ ਦੇ ਅਮਰਿੰਦਰ ਸਿੰਘ ਨਾਲ ਕੀਤਾ ਸੀ। ਅਮਰਿੰਦਰ ਆਪਣੇ ਆਪ ਨੂੰ ਕਾਂਗਰਸੀ ਆਗੂ ਦੱਸਦੇ ਹਨ। ਸਹੁਰੇ ਵਾਲੇ ਕਮਲਪ੍ਰੀਤ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੇ ਸਨ। ਮਾਤਾ ਦੇ ਬਿਆਨ ਮੁਤਾਬਕ ਮ੍ਰਿਤਕਾ ਨੂੰ ਕਈ ਵਾਰ ਕੁੱਟਿਆ ਵੀ ਗਿਆ। ਕਮਲਪ੍ਰੀਤ ਪਿਛਲੇ 20 ਦਿਨਾਂ ਤੋਂ ਆਪਣੇ ਨਾਨਕੇ ਘਰ ਵਿੱਚ ਰਹਿ ਰਹੀ ਸੀ।

ਦਵਾਈ ਲੈਣ ਬਹਾਨੇ ਬਾਹਰ ਗਈ ਸੀ ਕਮਲਪ੍ਰੀਤ ਕੌਰ

ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਕਮਲਪ੍ਰੀਤ ਇਹ ਕਹਿ ਕੇ ਘਰੋਂ ਗਈ ਸੀ ਕਿ ਉਸ ਨੂੰ ਬੁਖ਼ਾਰ ਹੋਇਆ ਹੈ ਅਤੇ ਦਵਾਈ ਲੈਣ ਜਾ ਰਹੀ ਹੈ। ਜਦੋਂ ਉਹ ਘਰ ਨਾ ਪਰਤੀ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਉਸ ਦਾ ਕੋਈ ਸੁਰਾਗ਼ ਨਹੀਂ ਮਿਲਿਆ।

ਫਿਰ ਕਮਲਪ੍ਰੀਤ ਦੀ ਮ੍ਰਿਤਕ ਦੇਹ ਨੂੰ ਨਹਿਰ ਵਿੱਚ ਤੈਰਦੀ ਦੇਖ ਕੇ ਗੋਤਾਖੋਰ ਨੇ ਉਸ ਨੂੰ ਬਾਹਰ ਕੱਢਣ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਉਸ ਦੇ ਰਿਸ਼ਤੇਦਾਰਾਂ ਨੇ ਫ਼ੋਨ ‘ਤੇ ਵੀਡੀਓ ਭੇਜੀ, ਜਿਸ ‘ਚ ਕਮਲਪ੍ਰੀਤ ਦੀ ਲਾਸ਼ ਨੰਗਲ ਨਹਿਰ ‘ਚ ਤੈਰਦੀ ਦਿਖਾਈ ਦਿੱਤੀ।

ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਕਮਲਪ੍ਰੀਤ ਦੇ ਸਹੁਰੇ ਹਰ ਰੋਜ਼ ਕੋਈ ਨਾ ਕੋਈ ਮੰਗ ਕਰਦੇ ਰਹਿੰਦੇ ਸੀ। ਇਸ ਕਾਰਨ ਬੇਟੀ ਬਹੁਤ ਪਰੇਸ਼ਾਨ ਸੀ। ਮਾਤਾ ਨੇ ਦੱਸਿਆ ਕਿ ਬੇਟੀ ਦੇ ਪਹਿਲੇ ਅਤੇ ਦੂਜੇ ਵਿਆਹ ਤੋਂ ਕੋਈ ਔਲਾਦ ਨਹੀਂ ਸੀ। ਕਮਲਪ੍ਰੀਤ ਨੇ 12ਵੀਂ ਤੱਕ ਪੜ੍ਹਾਈ ਕੀਤੀ ਸੀ।

ਇਸ ਮਾਮਲੇ ਵਿੱਚ ਥਾਣਾ ਨੰਗਲ ਦੀ ਪੁਲਿਸ ਨੇ ਪਤੀ ਅਮਰਿੰਦਰ ਸਿੰਘ ਅਤੇ ਸੱਸ ਪੁਸ਼ਪਿੰਦਰ ਕੌਰ ਖ਼ਿਲਾਫ਼ ਆਈਪੀਸੀ ਦੀ ਧਾਰਾ 306, 34 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version