The Khalas Tv Blog Punjab ਬਿਜਲੀ ਬਚਾਉਣ ਵੱਲ ਹੋਈ ਪੰਜਾਬ ਪੁਲਿਸ, ਇਸ ਜ਼ਿਲ੍ਹੇ ਦੇ ਥਾਣਿਆਂ ‘ਚ ਲਾਏ ਗਏ ਸੋਲਰ ਸਿਸਟਮ
Punjab

ਬਿਜਲੀ ਬਚਾਉਣ ਵੱਲ ਹੋਈ ਪੰਜਾਬ ਪੁਲਿਸ, ਇਸ ਜ਼ਿਲ੍ਹੇ ਦੇ ਥਾਣਿਆਂ ‘ਚ ਲਾਏ ਗਏ ਸੋਲਰ ਸਿਸਟਮ

ਲੁਧਿਆਣਾ : ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਇਕ ਪਾਸੇ ਜਿਥੇ ਸਰਕਾਰ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ, ਉਥੇ ਹੁਣ ਪੰਜਾਬ ਪੁਲਿਸ ਵੀ ਪਿੱਛੇ ਨਹੀਂ ਹੈ। ਬਿਜਲੀ ਦੀ ਬੱਚਤ ਕਰਨ ਦੇ ਉਦੇਸ਼ ਨਾਲ ਤੇ ਕੁਦਰਤੀ ਸੋਮਿਆਂ ਦੀ ਵਰਤੋਂ ਕਰਨ ਲਈ ਸਾਰੇ ਥਾਣਿਆਂ ਅਤੇ ਦਫ਼ਤਰਾਂ ਵਿੱਚ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਪੰਜਾਬ ਵਿੱਚ 400 ਥਾਣੇ ਹਨ। ਜਲਦ ਹੀ ਇਨ੍ਹਾਂ ਨੂੰ ਇਸ ਸਕੀਮ ਤਹਿਤ ਜੋੜ ਕੇ ਆਧੁਨਿਕ ਸੋਲਰ ਸਿਸਟਮ ਲਗਾਏ ਜਾਣਗੇ। ਵੱਡੇ ਸ਼ਹਿਰਾਂ ਵਿੱਚ ਬਿਜਲੀ ਦੀ ਖਪਤ ਜ਼ਿਆਦਾ ਹੈ, ਇਸ ਲਈ ਸੋਲਰ ਸਿਸਟਮ ਵੱਲ ਧਿਆਨ ਦਿੱਤਾ ਜਾ ਰਿਹਾ ਹੈ।

ਇਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ 13 ਥਾਣਿਆਂ ਵਿੱਚ ਸੋਲਰ ਸਿਸਟਮ ਲੱਗਾ ਕੇ ਕੀਤੀ ਗਈ ਹੈ। ਜਿਹਨਾਂ ਦਾ  ਉਦਘਾਟਨ ਕੱਲ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕੀਤਾ ਹੈ। ਡੀਜੀਪੀ ਯਾਦਵ ਨੇ ਕਿਹਾ ਕਿ ਇਨ੍ਹਾਂ ਦੇ ਲੱਗਣ ਨਾਲ ਬਿਜਲੀ ਦੀ ਕਮੀ ਨੂੰ ਦੂਰ ਕੀਤਾ ਜਾ ਸਕੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਥਾਣਿਆਂ ਵਿੱਚ ਸਮੇਂ ਸਿਰ ਬਿਜਲੀ ਦੀ ਲੋੜੀਂਦੀ ਸਪਲਾਈ ਮਿਲੇਗੀ। ਜੇਕਰ ਇਨ੍ਹਾਂ ਦੇ ਲੱਗਣ ਨਾਲ ਥਾਣਿਆਂ ਨੂੰ ਫਾਇਦਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਲੁਧਿਆਣੇ ਦੇ 15 ਹੋਰ ਥਾਣਿਆਂ ਨੂੰ ਵੀ ਸੋਲਰ ਸਿਸਟਮ ਨਾਲ ਜੋੜਿਆ ਜਾਵੇਗਾ।

ਇਸ ਮੌਕੇ ਡੀਜੀਪੀ ਯਾਦਵ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ, ਤਾਂ ਜੋ ਸੂਬੇ ਵਿੱਚ ਲੋੜੀਂਦੀ ਬਿਜਲੀ ਬਣੀ ਰਹੇ ਅਤੇ ਕਿਸੇ ਨੂੰ ਵੀ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬਿਜਲੀ ਦੀ ਬੱਚਤ ਦੇ ਨਾਲ ਆਧੁਨਿਕ ਬਿਜਲੀ ਦੀ ਵਰਤੋਂ ਕਰਨ ਲਈ ਸਾਰੇ ਥਾਣਿਆਂ ਅਤੇ ਦਫ਼ਤਰਾਂ ਵਿੱਚ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਗਈ ਹੈ।

Exit mobile version