The Khalas Tv Blog India ਕੀ ਟਮਾਟਰ ਤੋਂ ਬਾਅਦ ਪਿਆਜ਼ ਵੀ ਹੋਵੇਗਾ ਮਹਿੰਗਾ? ਏਸ਼ੀਆ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ‘ਚ ਅੱਜ ਤੋਂ ਖਰੀਦਦਾਰੀ ਬੰਦ…
India

ਕੀ ਟਮਾਟਰ ਤੋਂ ਬਾਅਦ ਪਿਆਜ਼ ਵੀ ਹੋਵੇਗਾ ਮਹਿੰਗਾ? ਏਸ਼ੀਆ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ‘ਚ ਅੱਜ ਤੋਂ ਖਰੀਦਦਾਰੀ ਬੰਦ…

Will onions be expensive after tomatoes?

ਦਿੱਲੀ : ਟਮਾਟਰ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਸਕਦੀਆਂ ਹਨ। ਪਿਆਜ਼ ‘ਤੇ 40 ਫ਼ੀਸਦੀ ਨਿਰਯਾਤ ਡਿਊਟੀ ਲਾਉਣ ਦੇ ਕੇਂਦਰ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਏਸ਼ੀਆ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਨਾਸਿਕ ਦੇ ਵਪਾਰੀਆਂ ਅਤੇ ਕਮਿਸ਼ਨ ਏਜੰਟਾਂ ਨੇ ਸੋਮਵਾਰ ਤੋਂ ਪਿਆਜ਼ ਦੇ ਵਪਾਰ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਦੇਸ਼ ਵਿੱਚ ਪਿਆਜ਼ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਕੀਮਤਾਂ ਵਧ ਸਕਦੀਆਂ ਹਨ।

ਵਪਾਰੀ ਅਤੇ ਕਮਿਸ਼ਨ ਏਜੰਟ ਐਸੋਸੀਏਸ਼ਨ ਨੇ ਐਤਵਾਰ ਨੂੰ ਨਾਸਿਕ ਦੇ ਨਿਫਾਡ ਤਾਲੁਕਾ ਦੇ ਲਾਸਾਲਗਾਓਂ ਵਿੱਚ ਹੋਈ ਮੀਟਿੰਗ ਵਿੱਚ ਸੋਮਵਾਰ ਤੋਂ ਵਪਾਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਜਥੇਬੰਦੀ ਨੇ ਸੂਬੇ ਦੇ ਹੋਰਨਾਂ ਹਿੱਸਿਆਂ ਦੇ ਵਪਾਰੀਆਂ ਨੂੰ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ ਬਰਾਮਦ ਨੂੰ ਘੱਟ ਕਰਨ ਲਈ ਪਿਆਜ਼ ‘ਤੇ 40 ਫ਼ੀਸਦੀ ਦੀ ਐਕਸਪੋਰਟ ਡਿਊਟੀ ਲਗਾਈ ਸੀ।

‘ਇੰਡੀਅਨ ਐਕਸਪ੍ਰੈੱਸ’ ਦੀ ਇਕ ਰਿਪੋਰਟ ਮੁਤਾਬਕ ਸਰਕਾਰ ਨੇ ਪਿਆਜ਼ ਦੀ ਫ਼ਸਲ ਦੀ ਕਮੀ ਅਤੇ ਗੁਦਾਮਾਂ ‘ਚ ਰੱਖੇ ਪਿਆਜ਼ ਦੀ ਗੁਣਵੱਤਾ ਦੇ ਮੁੱਦਿਆਂ ਦੇ ਮੱਦੇਨਜ਼ਰ ਥੋਕ ਅਤੇ ਪਰਚੂਨ ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਜਦਕਿ ਪਿਆਜ਼ ਵਪਾਰੀਆਂ, ਕਮਿਸ਼ਨ ਏਜੰਟਾਂ ਅਤੇ ਕਿਸਾਨ ਨੁਮਾਇੰਦਿਆਂ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ਵਪਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪਿਆਜ਼ ਵਪਾਰੀਆਂ ਦੀਆਂ ਮੁਸ਼ਕਲਾਂ ਤੋਂ ਅੱਖਾਂ ਮੀਟੀ ਲਈਆਂ ਹਨ, ਜਦਕਿ ਪਿਆਜ਼ 500-600 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਘੱਟ ਕੀਮਤ ‘ਤੇ ਵਿਕ ਰਿਹਾ ਹੈ। ਗੁਣਵੱਤਾ ਦੀਆਂ ਚਿੰਤਾਵਾਂ ਨੇ ਕਿਸਾਨਾਂ ਨੂੰ ਪਿਆਜ਼ ਮਹਿੰਗੇ ਭਾਅ ‘ਤੇ ਵੇਚਣ ਲਈ ਮਜਬੂਰ ਕੀਤਾ। ਅੰਦਾਜ਼ਾ ਹੈ ਕਿ ਗੁਦਾਮਾਂ ਵਿੱਚ ਰੱਖੇ ਪਿਆਜ਼ਾਂ ਵਿੱਚੋਂ 40 ਫ਼ੀਸਦੀ ਪਿਆਜ਼ ਚੰਗੀ ਕੁਆਲਿਟੀ ਦੇ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ ਵੇਚ ਦਿੱਤਾ ਗਿਆ।

ਕੇਂਦਰ ਸਰਕਾਰ ਦਾ ਨਿਰਯਾਤ ਡਿਊਟੀ ਵਧਾ ਕੇ ਪਿਆਜ਼ ਦੀ ਬਰਾਮਦ ‘ਤੇ ਰੋਕ ਲਾਉਣ ਦਾ ਫ਼ੈਸਲਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਵੱਖ-ਵੱਖ ਬਾਜ਼ਾਰਾਂ ‘ਚ ਥੋਕ ਕੀਮਤਾਂ ‘ਚ ਵਾਧਾ ਹੋਇਆ ਹੈ। ਪਿਆਜ਼, ਜੋ ਕਿ ਲਾਸਾਲਗਾਓਂ ਬਾਜ਼ਾਰ ਵਿੱਚ 1,000-1,100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਸੀ, ਅਗਸਤ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2,200-2,300 ਰੁਪਏ ਪ੍ਰਤੀ ਕੁਇੰਟਲ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਇਸ ਦਾ ਮੁੱਖ ਕਾਰਨ ਗੁਦਾਮਾਂ ਵਿੱਚ ਪਿਆਜ਼ ਦੀ ਮਾਤਰਾ ਅਤੇ ਆਮਦ ਉਮੀਦ ਤੋਂ ਘੱਟ ਹੋਣਾ ਹੈ।

ਜ਼ਿਆਦਾਤਰ ਪਰਚੂਨ ਬਾਜ਼ਾਰਾਂ ‘ਚ ਪਿਆਜ਼ 30-35 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਨਾਸਿਕ ਵਿੱਚ ਪਿਆਜ਼ ਉਤਪਾਦਕ ਆਮ ਤੌਰ ‘ਤੇ ਤਿੰਨ ਫ਼ਸਲਾਂ ਲੈਂਦੇ ਹਨ। ਸਾਉਣੀ ਦੀਆਂ ਫ਼ਸਲਾਂ ਜੂਨ/ਜੁਲਾਈ ਵਿੱਚ ਬੀਜੀਆਂ ਜਾਂਦੀਆਂ ਹਨ ਅਤੇ ਅਕਤੂਬਰ ਤੋਂ ਬਾਅਦ ਕਟਾਈ ਕੀਤੀ ਜਾਂਦੀ ਹੈ।

ਪਿਆਜ਼ ਦੀ ਪਿਛੇਤੀ ਸਾਉਣੀ ਦੀ ਫ਼ਸਲ ਸਤੰਬਰ-ਅਕਤੂਬਰ ਵਿੱਚ ਬੀਜੀ ਜਾਂਦੀ ਹੈ ਅਤੇ ਦਸੰਬਰ ਤੋਂ ਬਾਅਦ ਕਟਾਈ ਕੀਤੀ ਜਾਂਦੀ ਹੈ ਅਤੇ ਹਾੜੀ ਦੀ ਫ਼ਸਲ ਦਸੰਬਰ ਵਿੱਚ ਬੀਜੀ ਜਾਂਦੀ ਹੈ ਅਤੇ ਮਾਰਚ ਤੋਂ ਬਾਅਦ ਕਟਾਈ ਕੀਤੀ ਜਾਂਦੀ ਹੈ। ਹਾੜੀ ਦਾ ਪਿਆਜ਼ ਸਭ ਤੋਂ ਮਹੱਤਵਪੂਰਨ ਫ਼ਸਲ ਹੈ।

ਐਗਰੀਕਲਚਰਲ ਪ੍ਰੋਡਿਊਸ ਐਕਸਪੋਰਟ ਪ੍ਰਮੋਸ਼ਨ ਡਿਵੈਲਪਮੈਂਟ ਅਥਾਰਿਟੀ (ਏਪੀਈਡੀਏ) ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਨੇ 2022-23 ਵਿੱਤੀ ਸਾਲ ਵਿੱਚ 25.25 ਲੱਖ ਟਨ ਪਿਆਜ਼ ਦੀ ਬਰਾਮਦ ਕੀਤੀ, ਜਦੋਂ ਕਿ 2021-22 ਵਿੱਚ 15.37 ਲੱਖ ਟਨ ਅਤੇ 2020-21 ਵਿੱਚ 15.78 ਲੱਖ ਟਨ ਦੀ ਬਰਾਮਦ ਕੀਤੀ ਗਈ ਸੀ।

Exit mobile version