ਬਿਹਾਰ : ਬਿਹਾਰ ਤੋਂ ਦਾਜ ਦਾ ਇੱਕ ਹੋਰ ਮਾਮਲਾ ਸਾਹਣੇ ਆਇਆ ਹੈ ਜਿੱਥੇ ਇੱਕ ਹੋਰ ਨਵ-ਵਿਆਹੁਤਾ ਦਾਜ ਦੀ ਬਲੀ ਚੜ ਗਈ ਹੈ। ਸਹੁਰਾ ਪਰਿਵਾਰ ਉਤੇ ਕਥਿਤ ਤੌਰ ਉਤੇ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਨਵ-ਵਿਆਹੁਤਾ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ। ਘਟਨਾ ਕਟੇਆ ਥਾਣਾ (ਬਿਹਾਰ) ਖੇਤਰ ਦੇ ਪਿੰਡ ਮਝਵਲੀਆ ਦੀ ਹੈ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਸਹੁਰਿਆਂ ਉਤੇ ਗਲਾ ਘੁੱਟ ਕੇ ਕਤਲ ਕਰਨ ਦਾ ਦੋਸ਼ ਲਾਇਆ ਹੈ।
ਮ੍ਰਿਤਕ ਔਰਤ ਦਾ ਨਾਂ ਪ੍ਰੀਤੀ ਮਿਸ਼ਰਾ ਹੈ, ਜਿਸ ਦੀ ਉਮਰ ਮਹਿਜ਼ 23 ਸਾਲ ਸੀ। ਘਟਨਾ ਤੋਂ ਬਾਅਦ ਜਾਂਚ ਲਈ ਪਹੁੰਚੀ ਕਟੇਆ ਪੁਲਿਸ ਨੇ ਮਹਿਲਾ ਦੇ ਪਤੀ ਇੰਦਰਜੀਤ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਕਾਟੇਆ ਥਾਣਾ ਖੇਤਰ ਦੇ ਪਿੰਡ ਮੁਸਹਰੀ ਵਾਸੀ ਸਵ. ਵੈਦਿਆਨਾਥ ਮਿਸ਼ਰਾ ਦੀ ਧੀ ਪ੍ਰੀਤੀ ਮਿਸ਼ਰਾ ਦਾ ਵਿਆਹ ਦਸੰਬਰ 2020 ਵਿਚ ਕਟੇਆ ਥਾਣੇ ਦੇ ਮਝਵਲੀਆ ਪਿੰਡ ਵਾਸੀ ਚੰਦਰਿਕਾ ਮਿਸ਼ਰਾ ਦੇ ਪੁੱਤਰ ਇੰਦਰਜੀਤ ਮਿਸ਼ਰਾ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਦੋਹਾਂ ਦਾ ਇਕ ਸਾਲ ਦਾ ਬੇਟਾ ਵੀ ਹੈ। ਵਿਆਹ ਸਮੇਂ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਕ ਨਗਦ ਪੈਸੇ ਅਤੇ ਦਾਜ ਦਿੱਤਾ ਪਰ ਸਹੁਰੇ ਪਰਿਵਾਰ ਨੇ ਪ੍ਰੀਤੀ ਮਿਸ਼ਰਾ ਨੂੰ ਕਥਿਤ ਤੌਰ ਉਤੇ ਬੁਲਟ ਮੋਟਰਸਾਈਕਲ ਅਤੇ ਦੋ ਲੱਖ ਨਕਦ ਦਾਜ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਸ਼ੁੱਕਰਵਾਰ ਦੇਰ ਰਾਤ ਨਵ-ਵਿਆਹੁਤਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮਹਿਲਾ ਦੇ ਮਾਪਿਆਂ ਨੇ ਸਹੁਰੇ ਪਰਿਵਾਰ ‘ਤੇ ਦਾਜ ਕਾਰਨ ਹੱਤਿਆ ਦਾ ਦੋਸ਼ ਲਾਉਂਦੇ ਹੋਏ ਥਾਣਾ ਕਟੇਅ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਪ੍ਰੀਤੀ ਦੀ ਲਾਸ਼ ਬੈੱਡ ‘ਤੇ ਪਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ।
ਮੁਲਜ਼ਮ ਪਤੀ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਬਾਕੀ ਮੁਲਜ਼ਮ ਘਰੋਂ ਫਰਾਰ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਐਸਡੀਪੀਓ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਦਾਜ ਲਈ ਹੱਤਿਆ ਦੀ ਐਫਆਈਆਰ ਦਰਜ ਕਰਕੇ ਕਾਰਵਾਈ ਕਰ ਰਹੀ ਹੈ।