The Khalas Tv Blog Punjab ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਮਾਰਿਆ ਮਾਪਿਆਂ ਦਾ ਇਕੱਲਾ ਪੁੱਤ, ਲੁੱਟ ਦਾ ਡਰਾਮਾ ਰਚ ਕੇ ਖੁਦ ਹੀ ਸੱਦੀ ਪੁਲਿਸ
Punjab

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਮਾਰਿਆ ਮਾਪਿਆਂ ਦਾ ਇਕੱਲਾ ਪੁੱਤ, ਲੁੱਟ ਦਾ ਡਰਾਮਾ ਰਚ ਕੇ ਖੁਦ ਹੀ ਸੱਦੀ ਪੁਲਿਸ

ਫਰੀਦਕੋਟ, ਪੰਜਾਬ ਵਿੱਚ 28 ਨਵੰਬਰ 2025 ਦੀ ਰਾਤ ਨੂੰ ਇੱਕ ਭਿਆਨਕ ਵਾਰਦਾਤ ਵਾਪਰੀ। ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਅਤੇ ਉਸਦੇ ਦੋਸਤ ਦੀ ਮਦਦ ਨਾਲ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਦੋਸ਼ੀਆਂ ਨੇ ਇਸ ਨੂੰ ਲੁੱਟ ਦਾ ਰੂਪ ਦੇਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਮਹਿਜ਼ ਕੁਝ ਘੰਟਿਆਂ ਵਿੱਚ ਸਾਰਾ ਮਾਮਲਾ ਸੁਲਝਾ ਲਿਆ ਅਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਰੁਪਿੰਦਰ ਅਤੇ ਗੁਰਵਿੰਦਰ ਦਾ ਵਿਆਹ 2023 ਵਿੱਚ ਹੋਇਆ ਸੀ। ਦੋਵੇਂ ਕੈਨੇਡਾ ਗਏ, ਪਰ 2024 ਵਿੱਚ ਰੁਪਿੰਦਰ ਨੂੰ ਡਿਪੋਰਟ ਕਰ ਦਿੱਤਾ ਗਿਆ। ਵਾਪਸੀ ਦੌਰਾਨ ਉਸਦਾ ਹਰਕਮਲਪ੍ਰੀਤ ਸਿੰਘ ਨਾਲ ਅਫ਼ੇਅਰ ਸ਼ੁਰੂ ਹੋ ਗਿਆ। ਗੁਰਵਿੰਦਰ ਨੂੰ ਇਸ ਸਬੰਧ ਦਾ ਪਤਾ ਸੀ ਅਤੇ ਉਹ ਆਪਣੀ ਭੈਣ ਨੂੰ ਕਹਿੰਦਾ ਰਿਹਾ ਸੀ ਕਿ ਰੁਪਿੰਦਰ ਤੇ ਹਰਕਮਲਪ੍ਰੀਤ ਉਸਦੀ ਜਾਨ ਲੈ ਸਕਦੇ ਹਨ।

28 ਨਵੰਬਰ ਦੀ ਰਾਤ ਨੂੰ ਰੁਪਿੰਦਰ ਨੇ ਪਹਿਲਾਂ ਗੁਰਵਿੰਦਰ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦਿੱਤੀ, ਪਰ ਉਹ ਮਰਿਆ ਨਹੀਂ। ਉਸਨੇ ਤੁਰੰਤ ਹਰਕਮਲਪ੍ਰੀਤ ਨੂੰ ਬੁਲਾ ਲਿਆ। ਪਾਲਤੂ ਕੁੱਤੇ ਨੂੰ ਭੌਂਕਣ ਤੋਂ ਰੋਕਣ ਲਈ ਨਸ਼ੀਲਾ ਪਦਾਰਥ ਪਿਲਾ ਕੇ ਸੁਲਾ ਦਿੱਤਾ ਗਿਆ। ਹਰਕਮਲਪ੍ਰੀਤ ਚੋਰੀ ਘਰ ਵੜਿਆ। ਰੁਪਿੰਦਰ ਉਸਨੂੰ ਛੱਤ ਤੇ ਲੈ ਗਈ। ਉੱਥੇ ਦੋਵੇਂ ਗੱਲਾਂ ਕਰ ਰਹੇ ਸਨ ਕਿ ਇੰਨੇ ਵਿੱਚ ਜ਼ਹਿਰ ਦੇ ਅਸਰ ਹੇਠ ਗੁਰਵਿੰਦਰ ਜਾਗ ਪਿਆ ਤੇ ਛੱਤ ਤੇ ਆ ਗਿਆ।

ਫੜੇ ਜਾਣ ਦੇ ਡਰੋਂ ਦੋਵਾਂ ਨੇ ਉਸਨੂੰ ਫੜ ਕੇ ਬੇਰਹਿਮੀ ਨਾਲ ਕੁੱਟਿਆ ਤੇ ਉਸਦੇ ਮੂੰਹ ਵਿੱਚ ਜ਼ਹਿਰ ਪਾ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ। ਲਾਸ਼ ਨੂੰ ਛੱਤ ਤੇ ਛੱਡ ਕੇ ਦੋਸ਼ੀਆਂ ਨੇ ਪੂਰੇ ਘਰ ਨੂੰ ਖਿੰਡਾ-ਵਿੰਡਾ ਕੀਤਾ, ਅਲਮਾਰੀਆਂ ਖੋਲ੍ਹੀਆਂ, ਸਮਾਨ ਬਾਹਰ ਸੁੱਟਿਆ ਤਾਂ ਜੋ ਲੁੱਟ ਦਾ ਡਰਾਮਾ ਬਣ ਸਕੇ।

ਗੁਰਵਿੰਦਰ ਦੇ ਕੱਪੜੇ ਵੀ ਘੱਟ ਸਨ ਤੇ ਠੰਢ ਵਿੱਚ ਉਹ ਇਸ ਤਰ੍ਹਾਂ ਛੱਤ ਤੇ ਕਿਵੇਂ ਆਇਆ, ਇਹ ਵੀ ਸ਼ੱਕ ਪੈਦਾ ਕਰਨ ਵਾਲੀ ਗੱਲ ਸੀ। ਫਿਰ ਰੁਪਿੰਦਰ ਨੇ ਰਾਤ 11:30 ਵਜੇ ਚੀਕਾਂ ਮਾਰੀਆਂ ਕਿ ਲੁਟੇਰੇ ਆਏ ਸਨ, ਪਤੀ ਨੂੰ ਮਾਰ ਕੇ ਭੱਜ ਗਏ। ਗੁਆਂਢੀ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਈ ਗੱਲਾਂ ਤੇ ਸ਼ੱਕ ਕੀਤਾ:

  1. ਘਰ ਅੰਦਰੋਂ ਬੰਦ ਸੀ, ਕੰਧ ਟੱਪਣ ਦੇ ਕੋਈ ਨਿਸ਼ਾਨ ਨਹੀਂ।
  2. ਕੁੱਤਾ ਬੇਹੋਸ਼ ਪਿਆ ਸੀ।
  3. ਗੁਆਂਢੀਆਂ ਨੇ ਨਾ ਕੋਈ ਹੰਗਾਮਾ ਸੁਣਿਆ, ਨਾ ਕਿਸੇ ਨੂੰ ਚੋਰ ਭੱਜਦੇ ਦੇਖਿਆ।
  4. ਨੇੜੇ ਦੇ ਸੀਸੀਟੀਵੀ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਨਹੀਂ ਆਇਆ।
  5. ਰੁਪਿੰਦਰ ਨੇ ਇੱਕੋ ਸਵਾਲ ਦੇ 3-4 ਵੱਖੋ-ਵੱਖਰੇ ਜਵਾਬ ਦਿੱਤੇ।
  6. ਲਾਸ਼ ਦੇ ਕੱਪੜੇ ਬਹੁਤ ਘੱਟ ਸਨ, ਜਦਕਿ ਨਵੰਬਰ ਦੀ ਠੰਢ ਸੀ।

ਇਨ੍ਹਾਂ ਸਾਰੀਆਂ ਗਲਤੀਆਂ ਕਾਰਨ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ। ਸਵੇਰ ਤੱਕ ਰਿਸ਼ਤੇਦਾਰ ਆਉਣੇ ਸ਼ੁਰੂ ਹੋਏ ਤਾਂ ਪੁਲਿਸ ਨੇ ਰੁਪਿੰਦਰ ਤੋਂ ਸਖ਼ਤ ਪੁੱਛਗਿੱਛ ਕੀਤੀ। ਉਹ ਟੁੱਟ ਗਈ ਤੇ ਸਾਰਾ ਅਪਰਾਧ ਕਬੂਲ ਕਰ ਲਿਆ। ਹਰਕਮਲਪ੍ਰੀਤ ਨੇ ਵੀ ਆਤਮ ਸਮਰਪਣ ਕਰ ਦਿੱਤਾ ਤੇ ਤੀਜੇ ਸਾਥੀ ਨੂੰ ਵੀ ਫੜ ਲਿਆ ਗਿਆ।

ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਤਕਨੀਕੀ ਜਾਂਚ ਤੇ ਅਧਿਕਾਰੀਆਂ ਦੇ ਤਜਰਬੇ ਨਾਲ ਮਾਮਲਾ ਬਹੁਤ ਛੇਤੀ ਸੁਲਝਾ ਲਿਆ ਗਿਆ। ਦੋਸ਼ੀਆਂ ਨੇ ਜ਼ਿਆਦਾਤਰ ਗੱਲਾਂ ਕਬੂਲ ਲਈਆਂ ਹਨ। ਪੋਸਟਮਾਰਟਮ ਤੇ ਰਸਾਇਣਕ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ, ਪਰ ਕਾਫ਼ੀ ਪੱਕੇ ਸਬੂਤ ਮੌਜੂਦ ਹਨ।

 

 

 

 

 

 

 

 

Exit mobile version