The Khalas Tv Blog India ਗੁਜਰਾਤ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਕਿਸਾਨ ਲੀਡਰ ਕਿਉਂ ਲਏ ਪੁਲਿਸ ਨੇ ਹਿਰਾਸਤ ਵਿੱਚ, ਜਾਣੋ ਵਜ੍ਹਾ
India Punjab

ਗੁਜਰਾਤ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਕਿਸਾਨ ਲੀਡਰ ਕਿਉਂ ਲਏ ਪੁਲਿਸ ਨੇ ਹਿਰਾਸਤ ਵਿੱਚ, ਜਾਣੋ ਵਜ੍ਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਬੰਦ ਦੌਰਾਨ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਪ੍ਰੈੱਸ ਕਾਨਫਰੰਸ ਕਰ ਰਹੇ ਕਿਸਾਨ ਲੀਡਰਾਂ ਚੌਧਰੀ ਯੁੱਧਵੀਰ ਸਿੰਘ, ਜੇ.ਕੇ. ਪਟੇਲ, ਗਜੇਂਦਰ ਸਿੰਘ ਅਤੇ ਰਣਜੀਤ ਸਿੰਘ ਸਮੇਤ ਕਈ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਸ਼ਾਹੀਬਾਗ ਥਾਣੇ ‘ਚ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਸਾਨ ਲੀਡਰਾਂ ਨੂੰ ਪ੍ਰੈੱਸ ਕਾਨਫਰੰਸ ਕਰਨ ਦੀ ਇਜਾਜ਼ਤ ਨਹੀਂ ਸੀ।

ਗੁਜਰਾਤ ਵਿੱਚ ਕੁੱਝ ਦਿਨਾਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਰੈਲੀ ਕਰਨੀ ਸੀ। ਇਸ ਨੂੰ ਲੈ ਕੇ ਯੁੱਧਵੀਰ ਅਤੇ ਹੋਰ ਕਿਸਾਨ ਲੀਡਰ ਪ੍ਰੈੱਸ ਕਾਨਫਰੰਸ ਕਰ ਰਹੇ ਸੀ। ਪ੍ਰੈੱਸ ਕਾਨਫਰੰਸ ਦੌਰਾਨ ਯੁੱਧਵੀਰ ਸਿੰਘ ਕਹਿ ਰਹੇ ਸਨ ਕਿ, “ਸਰਕਾਰ ਚਾਹੇ ਜੋ ਮਰਜ਼ੀ ਨੀਤੀਆਂ ਅਪਣਾ ਲਏ, ਕਿਸਾਨ ਹਮੇਸ਼ਾ ਜਾਗਰੂਕ ਰਿਹਾ ਹੈ।”

ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਯੁੱਧਵੀਰ ਸਿੰਘ ਨੇ ਕਿਹਾ ਕਿ, “ਗੁਜਰਾਤ ਸਰਕਾਰ ਦੇ ਇਸੇ ਚਿਹਰੇ ਨੂੰ ਦਿਖਾਉਣ ਲਈ ਅਸੀਂ ਇੱਥੇ ਆਏ ਸੀ ਕਿ ਇੱਥੇ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਇੱਥੇ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਹੈ। ਪੂਰੇ ਗੁਜਰਾਤ ਵਿੱਚ ਅਣ-ਐਲਾਨੀ ਐਮਰਜੈਂਸੀ ਹੈ। ਪੂਰੇ ਗੁਜਰਾਤ ਦੇ ਲੋਕਾਂ ਨੂੰ ਦਬਾ ਕੇ ਰੱਖਿਆ ਹੋਇਆ ਹੈ।

ਅਸੀਂ ਆਪਣੀ ਗੱਲ ਕਹਿਣ ਆਏ ਹਾਂ। ਇਸ ਲਈ ਇਜਾਜ਼ਤ ਦੀ ਕਿਹੜੀ ਲੋੜ ਹੁੰਦੀ ਹੈ। ਇਹ ਦੇਸ਼ ਹੈ, ਇੱਥੇ ਲੋਕਤਤੰਰ ਹੈ। ਅਸੀਂ 4-5 ਤਰੀਕ ਨੂੰ ਆਵਾਂਗੇ ਅਤੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਅਤੇ ਦੱਸਾਂਗੇ ਕਿ ਸਰਕਾਰ ਕਿਸਾਨਾਂ ਖਿਲਾਫ਼ ਕਿਹੋ ਜਿਹੀਆਂ ਨੀਤੀਆਂ ਬਣਾ ਰਹੀ ਹੈ। ਚਰਚਾ ਕਰਨਾ, ਪ੍ਰੈੱਸ ਨਾਲ ਗੱਲਬਾਤ ਕਰਨਾ ਕੋਈ ਗੁਨਾਹ ਨਹੀਂ ਹੈ। ਇਹ ਲੋਕਤੰਤਰ ਵਿੱਚ ਅਧਿਕਾਰ ਹੈ ਅਤੇ ਕੋਈ ਵੀ ਵਿਅਕਤੀ ਆਪਣੀ ਗੱਲ ਕਰ ਸਕਦਾ ਹੈ।”

ਕਿਸਾਲ ਲੀਡਰ ਰਾਕੇਸ਼ ਟਿਕੈਤ ਦੀ ਪ੍ਰਤੀਕਿਰਿਆ

ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਯੁੱਧਵੀਰ ਸਿੰਘ ਨੂੰ ਚੱਲਦੀ ਪ੍ਰੈਸ ਕਾਨਫਰੰਸ ‘ਚੋਂ ਹਿਰਾਸਤ ਵਿੱਚ ਲੈਣ ਵਾਲੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ, “ਜੋ ਹਾਲਾਤ ਗੁਜਰਾਤ ਵਿੱਚ ਹਨ, ਉਹ ਪੂਰੇ ਦੇਸ਼ ਵਿੱਚ ਨਹੀਂ ਹਨ। ਪ੍ਰੈਸ ਕਾਨਫਰੰਸ ਦੌਰਾਨ ਹੀ ਮੀਡੀਆ ਦੇ ਸਾਹਮਣੇ ਯੁੱਧਵੀਰ ਸਿੰਘ ਨੂੰ ਲੈ ਗਏ। ਇਹ ਗੁਜਰਾਤ ਮਾਜਲ ਹੈ, ਜੋ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸੀ।”

“ਇਸ ਹਿਰਾਸਤ ਦੀ ਅਸੀਂ ਨਿੰਦਾ ਕਰਦੇ ਹਾਂ। ਜੇ ਉਨ੍ਹਾਂ ਨੂੰ ਰਾਤ ਤੱਕ ਰਿਹਾਅ ਨਹੀਂ ਕੀਤਾ ਗਿਆ ਤਾਂ ਗੁਜਰਾਤ ਵਿੱਚ ਬੈਠਕਾਂ ਕਰਾਂਗੇ, ਗੁਜਰਾਤ ਨੂੰ ਆਜ਼ਾਦ ਕਰਾਵਾਂਗੇ, ਉੱਥੋਂ ਦੇ ਮਾਮਲੇ ਅੱਗੇ ਲੈ ਕੇ ਜਾਵਾਂਗੇ। ਗੁਜਰਾਤ ਦੇ ਕਿਸਾਨਾਂ ਨੂੰ ਵੀ ਐੱਮਐੱਸਪੀ ਚਾਹੀਦੀ ਹੈ। ਉਨ੍ਹਾਂ ਨੂੰ ਵੀ ਕਿਸਾਨਾਂ ਦੇ ਸੰਗਠਨ ਦੇ ਨਾਲ ਜੋੜਾਂਗੇ।”

Exit mobile version