The Khalas Tv Blog India ਸਾਢੇ ਪੰਜ ਸਾਲਾਂ ਤੋਂ ਰਾਏਪੁਰ ਏਅਰਪੋਰਟ ‘ਤੇ ਕਿਉਂ ਖੜਾ ਹੈ ਬੰਗਲਾਦੇਸ਼ ਦਾ ਜਹਾਜ਼, ਜਾਣੋ ਕਿੰਨਾ ਭਰਨਾ ਪਵੇਗਾ ਜੁਰਮਾਨਾ
India International

ਸਾਢੇ ਪੰਜ ਸਾਲਾਂ ਤੋਂ ਰਾਏਪੁਰ ਏਅਰਪੋਰਟ ‘ਤੇ ਕਿਉਂ ਖੜਾ ਹੈ ਬੰਗਲਾਦੇਸ਼ ਦਾ ਜਹਾਜ਼, ਜਾਣੋ ਕਿੰਨਾ ਭਰਨਾ ਪਵੇਗਾ ਜੁਰਮਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਗਲਾਦੇਸ਼ ਦਾ ਇੱਕ ਯਾਤਰੀ ਜਹਾਜ਼ ਪਿਛਲੇ ਸਾਢੇ ਪੰਜ ਸਾਲਾਂ ਤੋਂ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਏਅਰਪੋਰਟ ‘ਤੇ ਖੜਾ ਹੈ। ਪਰ ਜਹਾਜ਼ ਦੀ ਸਥਿਤੀ ਬਾਰੇ ਜਾਇਜ਼ਾ ਲੈਣ ਲਈ ਕੋਈ ਨਹੀਂ ਹੈ। ਜਾਣਕਾਰੀ ਮੁਤਾਬਕ ਜਹਾਜ਼ ਦੇ ਮਾਲਕ ਨੂੰ ਪਾਰਕਿੰਗ ਲਈ ਡੇਢ ਕਰੋੜ ਰੁਪਏ ਪਾਰਕਿੰਗ ਫੀਸ ਵੀ ਦੇਣੀ ਪਵੇਗੀ। ਬੰਗਲਾਦੇਸ਼ ਦੀ ਯੂਨਾਈਟਿਡ ਏਅਰਵੇਅਜ਼ ਨੇ ਰਾਏਪੁਰ ਏਅਰਪੋਰਟ ਵਿੱਚ ਖੜੇ ਆਪਣੇ ਹਵਾਈ ਜਹਾਜ਼ ਨੂੰ ਵੇਚ ਕੇ ਏਅਰਪੋਰਟ ਦੇ ਲਗਭਗ ਡੇਢ ਕਰੋੜ ਰੁਪਏ ਦੀ ਪਾਰਕਿੰਗ ਫੀਸ ਭਰਨ ਦਾ ਭਰੋਸਾ ਦਿੱਤਾ ਹੈ। ਯੂਨਾਈਟਿਡ ਏਅਰਵੇਅਜ਼ ਨੇ ਇਸ ਲਈ ਰਾਏਪੁਰ ਏਅਰਪੋਰਟ ਤੋਂ 9 ਮਹੀਨਿਆਂ ਦਾ ਸਮਾਂ ਮੰਗਿਆ ਹੈ।

ਜਾਣਕਾਰੀ ਮੁਤਾਬਕ ਕਈ ਵਾਰ ਦੋਵਾਂ ਦੇਸ਼ਾਂ ਦੇ ਵਿਚਕਾਰ ਕਾਗਜ਼ੀ ਗੱਲਬਾਤ ਭਾਵ ਚਿੱਠੀ-ਪੱਤਰ ਰਾਹੀਂ ਇਸ ਜਹਾਜ਼ ਨੂੰ ਲੈ ਕੇ ਜਾਣ ਅਤੇ ਏਅਰਪੋਰਟ ਦੀ ਪਾਰਕਿੰਗ ਫੀਸ ਚੁਕਾਉਣ ਦਾ ਮਾਮਲਾ ਲਟਕਿਆ ਹੋਇਆ ਹੈ। ਰਾਏਪੁਰ ਏਅਰਪੋਰਟ ਦੇ ਨਿਰਦੇਸ਼ਕ ਰਾਕੇਸ਼ ਸਹਾਇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਕੰਪਨੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਏਅਰ-ਕ੍ਰਾਫਟ ਨੂੰ ਵੇਚ ਕੇ ਆਪਣਾ ਬਕਾਇਆ ਪੈਸਾ ਮੋੜ ਦੇਵੇਗੀ। ਅਸੀਂ ਇਸ ਪ੍ਰਸਤਾਵ ਨੂੰ ਆਪਣੇ ਕਾਨੂੰਨੀ ਵਿਭਾਗ ਕੋਲ ਭੇਜ ਦਿੱਤਾ ਹੈ। ਕਾਨੂੰਨੀ ਵਿਭਾਗ ਦੀ ਰਾਇ ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ।’

ਉਨ੍ਹਾਂ ਨੇ ਕਿਹਾ ਕਿ ‘ਪਿਛਲੇ ਪੰਜ ਸਾਲਾਂ ਵਿੱਚ ਕੰਪਨੀ ਨੇ ਪੰਜਾਹ ਵਾਰ ਯੂਨਾਈਟਿਡ ਏਅਰਵੇਜ਼ ਨੂੰ ਮੇਲ ਕੀਤੀ ਪਰ ਕੰਪਨੀ ਨੇ ਹਵਾਈ ਜਹਾਜ਼ ਨੂੰ ਲੈ ਜਾਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਨਾ ਹੀ ਰਾਏਪੁਰ ਏਅਰਪੋਰਟ ਦਾ ਬਕਾਇਆ ਭਰਿਆ। ਕੰਪਨੀ ਨੇ ਮੇਲ ਦੇ ਜਵਾਬ ਵਿੱਚ ਹਰ ਵਾਰ ਇਹੀ ਕਿਹਾ ਕਿ ਉਹ ਬੰਗਲਾਦੇਸ਼ ਦੇ ਸਿਵਲ ਏਵੀਏਸ਼ਨ ਅਥਾਰਟੀ ਦੀ ਇਜਾਜ਼ਤ ਦਾ ਇੰਤਜ਼ਾਕ ਕਰ ਰਹੇ ਹਨ। ਇਸ ਤੋਂ ਬਾਅਦ ਜਦੋਂ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਤਾਂ ਫਿਰ ਕੰਪਨੀ ਨੇ ਬਕਾਇਆ ਰਕਮ ਲਗਭਗ 1.54 ਕਰੋੜ ਰੁਪਏ ਭਰਨ ਦੇ ਲਈ ਸਮਾਂ ਮੰਗਦਿਆਂ ਹੋਇਆਂ ਨੋਟਿਸ ਦਾ ਜਵਾਬ ਦਿੱਤਾ। ਅਸੀਂ ਇਸ ਸਬੰਧੀ ਫੋਨ ਅਤੇ ਈਮੇਲ ਦੇ ਰਾਹੀਂ ਯੂਨਾਈਟਿਡ ਏਅਰਵੇਜ਼ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਉਨਾਂ ਦਾ ਪੱਖ ਨਹੀਂ ਮਿਲਿਆ’

ਬੰਗਲਾਦੇਸ਼ ਦੀ ਯੂਨਾਈਟਿਡ ਏਅਰਵੇਜ਼ ਦਾ ਮੈਕਡਾਨਲ ਡਗਲਸ ਐੱਮਡੀ-83 ਹਵਾਈ ਜਹਾਜ਼ ਨੂੰ 7 ਅਗਸਤ, 2015 ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਰਾਏਪੁਰ ਏਅਰਪੋਰਟ ‘ਤੇ ਉਤਾਰਨਾ ਪਿਆ ਸੀ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਮਸਕਟ ਲਈ ਰਵਾਨਾ ਹੋਏ ਇਸ ਜਹਾਜ਼ ਵਿੱਚ 173 ਲੋਕ ਸਵਾਰ ਸੀ। ਹਵਾਈ ਜਹਾਜ਼ ਜਦੋਂ ਵਾਰਾਨਸੀ ਅਤੇ ਰਾਏਪੁਰ ਦੇ ਹਵਾਈ ਖੇਤਰ ਦੇ ਵਿਚਕਾਰ ਸੀ, ਉਦੋਂ ਇਸਦੇ ਇੰਜਣ ਵਿੱਚ ਅੱਗ ਲੱਗ ਗਈ ਸੀ।

ਰਾਏਪੁਰ ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਹਵਾਈ ਜਹਾਜ਼ ਵਿੱਚ JT8D-200 ਦੇ ਦੋ ਇੰਜਣ ਲੱਗੇ ਸੀ ਅਤੇ ਇੱਕ ਇੰਜਣ ਵਿੱਚ ਖਰਾਬੀ ਤੋਂ ਬਾਅਦ ਇਸਦੀ ਉਡਾਣ ਭਰਨੀ ਸੰਭਵ ਨਹੀਂ ਸੀ। ਇਸ ਤੋਂ ਬਾਅਦ ਹਵਾਈ ਜਹਾਜ਼ ਨੇ ਐਮਰਜੈਂਸੀ ਸਥਿਤੀ ਵਿੱਚ ਰਾਏਪੁਰ ਏਅਰਪੋਰਟ ਵਿੱਚ ਉੱਤਰਨ ਦੀ ਇਜਾਜ਼ਤ ਮੰਗੀ ਸੀ। ਇਸ ਹਵਾਈ ਜਹਾਜ਼ ਦੇ ਯਾਤਰੀਆਂ ਲਈ ਯੂਨਾਈਟਿਡ ਏਅਰਵੇਜ਼ ਨੇ ਅਗਲੇ ਦਿਨ ਵਿਸ਼ੇਸ਼ ਜਹਾਜ਼ ਭੇਜਿਆ ਅਤੇ 8 ਅਗਸਤ ਦੀ ਰਾਤ ਨੂੰ ਸਾਰੇ ਯਾਤਰੀਆਂ ਨੂੰ ਰਾਏਪੁਰ ਤੋਂ ਰਵਾਨਾ ਕਰ ਦਿੱਤਾ ਗਿਆ। ਹਵਾਈ ਜਹਾਜ਼ ਦੇ ਚਾਲਕ ਮੈਂਬਰ ਵੀ ਬੰਗਲਾਦੇਸ਼ ਵਾਪਸ ਚਲੇ ਗਏ ਪਰ ਹਵਾਈ ਜਹਾਜ਼ ਰਾਏਪੁਰ ‘ਤੇ ਹੀ ਖੜਾ ਰਹਿ ਗਿਆ।

ਐਮਰਜੈਂਸੀ ਸਥਿਤੀ ਵਿੱਚ ਜਹਾਜ਼ ਦੇ ਉਤਰਣ ਤੋਂ 24 ਦਿਨਾਂ ਬਾਅਦ ਬੰਗਲਾਦੇਸ਼ ਤੋਂ ਯੂਨਾਈਟਿਡ ਏਅਰਵੇਜ਼ ਦੇ ਅਧਿਕਾਰੀ ਰਾਏਪੁਰ ਪਹੁੰਚੇ ਅਤੇ ਉਨ੍ਹਾਂ ਨੇ ਇੰਜਣ ਨੂੰ ਬਦਲਣ ਦੀ ਆਗਿਆ ਲਈ ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੂੰ ਬਿਨੈ ਪੱਤਰ ਦਿੱਤਾ। ਇਸ ਤੋਂ ਬਾਅਦ ਇਹ ਅਧਿਕਾਰੀ ਵੀ ਬੰਗਲਾਦੇਸ਼ ਵਾਪਸ ਚਲੇ ਗਏ। ਸਾਲ 2016 ਦੇ ਫਰਵਰੀ ਮਹੀਨੇ ਵਿੱਚ ਯੂਨਾਈਟਿਡ ਏਅਰਵਜ਼ ਦੇ ਚਾਰ ਮੈਂਬਰਾਂ ਦੀ ਇੱਕ ਟੀਮ ਨੇ ਰਾਏਪੁਰ ਪਹੁੰਚੀ ਅਤੇ ਸੜਕੀ ਮਾਰਗ ਤੋਂ ਲਿਆਂਦੇ ਗਏ ਹਵਾਈ ਜਹਾਜ਼ ਦੇ ਇੰਜਣ ਨੂੰ ਬਦਲ ਦਿੱਤਾ ਗਿਆ। ਇਸ ਤੋਂ ਬਾਅਦ ਤਕਨੀਕੀ ਮੈਂਬਰ 17 ਫਰਵਰੀ ਨੂੰ ਰਾਏਪੁਰ ਤੋਂ ਚਲੇ ਗਏ।

ਇਸ ਦੌਰਾਨ ਯੂਨਾਈਟਿਡ ਏਅਰਵੇਜ਼ ਦੇ ਪਾਇਲਟ ਨੇ ਹਵਾਈ ਜਹਾਜ਼ ਦਾ ਨਿਰੀਖਮ ਕੀਤਾ ਅਤੇ ਇਹ ਉਡਾਣ ਲਈ ਬਿਲਕੁਲ ਸਹੀ ਪਾਇਆ ਗਿਆ। ਪਰ ਮਾਮਲਾ ਬੰਗਲਾਦੇਸ਼ ਹਵਾਬਾਜ਼ੀ ਅਥਾਰਟੀ ਵਿੱਚ ਫਸ ਗਿਆ ਅਤੇ ਪਾਇਲਟ ਨੂੰ ਵੀ 28 ਫਰਵਰੀ 2016 ਨੂੰ ਰਾਏਪੁਰ ਤੋਂ ਖਾਲੀ ਹੱਥ ਵਾਪਸ ਪਰਤਣਾ ਪਿਆ।ਪਾਇਲਟ ਦੀ ਵਾਪਸੀ ਦੇ ਇੱਕ ਹਫਤੇ ਦੇ ਅੰਦਰ ਬੰਗਲਾਦੇਸ਼ ਦੀ ਯੂਨਾਈਟਿਡ ਏਅਰਵੇਜ਼ ਨੇ 6 ਮਾਰਚ, 2016 ਨੂੰ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਸੀ। ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਅਤੇ ਲਗਾਤਾਰ ਈਮੇਲ ਤੋਂ ਬਾਅਦ ਸੰਯੁਕਤ ਬੰਗਲਾਦੇਸ਼ ਦੇ ਸਹਾਇਕ ਮੈਨੇਜਰ ਇਨਾਇਤ ਹੁਸੈਨ 20 ਜੁਲਾਈ, 2018 ਨੂੰ ਰਾਏਪੁਰ ਪਹੁੰਚੇ। ਉਨ੍ਹਾਂ ਦੀ ਮੌਜੂਦਗੀ ਵਿੱਚ ਜਹਾਜ਼ ਨੂੰ ਰਾਏਪੁਰ ਏਅਰਪੋਰਟ ਦੇ ਰਨਵੇ ਤੋਂ 300 ਮੀਟਰ ਦੀ ਦੂਰੀ ‘ਤੇ ਪਾਰਕ ਕੀਤਾ ਗਿਆ।

Exit mobile version