‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਜਲੀ ਵਿਭਾਗ ਦੇ ਮੁਖੀ ਏ.ਵੇਣੂਪ੍ਰਸਾਦ ਨੇ ਕਿਹਾ ਕਿ ਪੰਜਾਬ ਵਿੱਚ ਦੇਰੀ ਦੇ ਨਾਲ ਮਾਨਸੂਨ ਆ ਰਿਹਾ ਹੈ। ਬਿਜਲੀ ਸੰਕਟ ਦੇ ਕਾਰਨ ਤਲਵੰਡੀ ਸਾਬੋ ਥਰਮਲ ਪਲਾਂਟ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਬਿਜਲੀ ਸਪਲਾਈ ਦੀ ਮੰਗ ਬੇਹੱਦ ਵੱਧ ਗਈ ਹੈ ਅਤੇ ਰੋਜ਼ਾਨਾ 15 ਹਜ਼ਾਰ ਮੈਗਾਵਾਟ ਸਪਲਾਈ ਦੀ ਮੰਗ ਹੈ। ਬਿਜਲੀ ਵਿਭਾਗ ਸਾਢੇ 13 ਹਜ਼ਾਰ ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟ ਤੋਂ ਲੋਕਾਂ ਨੂੰ ਛੇਤੀ ਰਾਹਤ ਮਿਲੇਗੀ। ਇਸੇ ਕਰਕੇ ਅਸੀਂ ਪੰਜਾਬ ਸਰਕਾਰ ਦੇ ਰਾਹੀਂ ਦਫਤਰਾਂ ਦਾ ਸਮਾਂ ਬਦਲਵਾਇਆ। ਹੁਣ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਫਤਰ ਚੱਲ ਰਹੇ ਹਨ।
ਲੁਧਿਆਣਾ ਅਤੇ ਜਲੰਧਰ ਇੰਡਸਟਰੀ ਵਰਗੀਆਂ ਵੱਡੀਆਂ ਇੰਡਸਟਰੀਆਂ ਨੂੰ ਅਸੀਂ ਤਿੰਨ ਦਿਨ ਲਈ ਵੀਕਲੀ ਆਫ ਐਲਾਨ ਕੀਤਾ। ਇਸ ਨਾਲ ਸਾਨੂੰ ਕਰੀਬ 1 ਹਜ਼ਾਰ ਮੈਗਾਵਾਟ ਦੀ ਰਾਹਤ ਮਿਲੀ। ਖੇਤੀਬਾੜੀ ਖੇਤਰ ਨੂੰ ਲਗਾਤਾਰ 8 ਘੰਟੇ ਬਿਜਲੀ ਅਸੀਂ ਦੇ ਰਹੇ ਹਾਂ। ਪਰ ਕਈ ਵਾਰ ਕੋਈ ਕੁਦਰਤੀ ਜਾਂ ਤਕਨੀਕੀ ਖਰਾਬੀ ਆ ਸਕਦੀ ਹੈ, ਜਿਵੇਂ ਰਾਤ ਨੂੰ ਹਨੇਰੀ ਆਈ, ਜਿਸ ਕਰਕੇ ਬਿਜਲੀ ਦੇ ਕੁੱਝ ਖੰਭੇ ਡਿੱਗ ਗਏ ਸਨ। ਟਰਾਂਸਫਾਰਮਰ ਓਵਰਲੋਡਿੰਗ ਵੀ ਬਿਜਲੀ ਸੰਕਟ ਦਾ ਕਾਰਨ ਹੈ। ਅਸੀਂ ਸਥਿਤੀ ਦਾ ਨਿਰੀਖਣ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਰਾਹਤ ਮਿਲੇਗੀ।