‘ਦ ਖ਼ਾਲਸ ਬਿਊਰੋ :- ਵਿਸ਼ਵ ਸਿਹਤ ਸੰਗਠਨ (WHO) ਦੀ ਮਾਹਰ ਡਾ. ਮਾਰੀਆ ਕੇਰਖੋਵੈ ਨੇ ਕੱਲ੍ਹ 8 ਜੂਨ ਨੂੰ ਇੱਕ ਪ੍ਰੈੱਸ ਕਾਨਫਰੰਸ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਬਿਨਾਂ ਲੱਛਣਾਂ ਵਾਲੇ ਮਰੀਜ਼ ਦੂਜਿਆਂ ਤੱਕ ਬਿਮਾਰੀ ਘੱਟ ਫੈਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਤੋਂ ਦੂਜਿਆਂ ਨੂੰ ਬਿਮਾਰੀ ਫੈਲਣ ਦਾ ਖ਼ਤਰਾ ਘੱਟ ਹੈ। ਇਨ੍ਹਾਂ ਮਰੀਜ਼ਾਂ ਤੋਂ ਬਹੁਤ ਘੱਟ ਮਾਮਲਿਆਂ ਵਿੱਚ ਦੂਜੇ ਸਿਹਤਮੰਦ ਲੋਕਾਂ ‘ਚ ਬਿਮਾਰੀ ਫੈਲਣ ਦੇ ਮੌਕੇ ਹੁੰਦੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਅਜਿਹੇ ਬਹੁਤ ਮਾਮਲੇ ਆ ਰਹੇ ਹਨ ਜਿਨ੍ਹਾਂ ਵਿੱਚ ਕਈ ਕੋਰੋਨਾਵਾਇਰਸ ਦੇ ਮਰੀਜ਼ਾਂ ਵਿੱਚ ਲੱਛਣ ਦੇਖਣ ਨੂੰ ਨਹੀਂ ਮਿਲਦੇ, ਕਈ ਲੋਕਾਂ ਵਿੱਚ ਬਿਮਾਰੀ ਦੇ ਲੱਛਣ ਬਹੁਤ ਥੋੜ੍ਹੇ ਹੁੰਦੇ ਹਨ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਜੇ ਨਾ ਤਾਂ ਬੁਖਾਰ ਹੋਇਆ ਹੋਵੇ ਤੇ ਨਾ ਖੰਘ ਜਾਂ ਸਾਹ ਸਬੰਧੀ ਕੋਈ ਦਿੱਕਤ ਹੋਵੇ। ਪਰ ਇਹ ਲੋਕ ਵੀ ਕੋਰੋਨਾ ਪਾਜ਼ਿਟਿਵ ਹੋ ਸਕਦੇ ਹਨ।
ਇਸ ਲਈ ਇਹ ਜ਼ਰੂਰੀ ਹੈ ਕਿ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਬਹੁਤ ਧਿਆਨ ਨਾਲ ਪਰਖਿਆ ਜਾਵੇ। ਕਈ ਦੇਸ਼ਾਂ ਵਿੱਚ ਸੰਪਰਕ ਟਰੇਸਿੰਗ ਰਾਹੀਂ ਇਨ੍ਹਾਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ‘ਤੇ ਧਿਆਨ ਦਿੱਤਾ ਗਿਆ। ਉਨ੍ਹਾਂ ਦੇਸ਼ਾਂ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਵਿੱਚ ਪਤਾ ਲੱਗਿਆ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਦੂਜਿਆਂ ਨੂੰ ਬਿਮਾਰੀ ਫੈਲਣ ਦਾ ਖ਼ਤਰਾ ਬਹੁਤ ਘੱਟ ਹੈ।
ਡਾ. ਮਾਰੀਆ ਦਾ ਮੰਨਣਾ ਹੈ ਕਿ ਅਜੇ ਇਸ ਬਾਰੇ ਕਿਸੇ ਵੀ ਥਾਂ ’ਤੇ ਲਿਖਿਆ ਨਹੀਂ ਗਿਆ ਪਰ ਉਹ ਹੋਰ ਦੇਸ਼ਾਂ ਤੋਂ ਇਸ ਬਾਰੇ ਜਾਣਕਾਰੀ ਦੀ ਉਮੀਦ ਕਰ ਰਹੇ ਹਨ। WHO ਇਸ ਡਾਟਾ ਨੂੰ ਬਾਰੀਕੀ ਨਾਲ ਪਰਖ਼ ਰਿਹਾ ਹੈ। ਸੰਪਰਕ ਟਰੇਸਿੰਗ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਉਦੋਂ ਤੱਕ ਜ਼ਰੂਰੀ ਹੈ ਕਿ ਅਸੀਂ ਲੱਛਣ ਵਾਲੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ’ਤੇ ਨਜ਼ਰ ਰੱਖੀਏ, ਜਿਸ ਨਾਲ ਬਿਮਾਰੀ ਨੂੰ ਵੱਡੇ ਪੱਧਰ ‘ਤੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਡਾ. ਮਾਰੀਆ ਕੇਰਖੋਵੈ ਨੇ ਕਿਹਾ ਕਿ ਬਿਨਾਂ ਵਾਇਰਸ ਵਾਲੇ ਮਰੀਜ਼ਾਂ ਨੂੰ ਲੱਭਣ ਦਾ ਤਰੀਕਾ ਸਿਰਫ ਸੰਪਰਕ ਟਰੇਸਿੰਗ ਹੀ ਹੈ। ਕੋਵਿਡ-19 ਦੇ ਮਰੀਜ਼ ਜੋ ਹੋਰ ਲੋਕਾਂ ਨਾਲ ਸੰਪਰਕ ਵਿੱਚ ਆਏ ਹੁੰਦੇ ਹਨ, ਜ਼ਰੂਰੀ ਹੈ ਕਿ ਸੰਪਰਕ ਟਰੇਸਿੰਗ ਰਾਹੀਂ, ਹੋਰਾਂ ਦੇ ਵੀ ਟੈਸਟ ਕੀਤੇ ਜਾਣ।