ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ( Amrita Fadnavis) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਿਊ ਇੰਡੀਆ’ ਦਾ ਪਿਤਾ ਦੱਸਦੇ ਹੋਏ ਕਿਹਾ ਕਿ ਦੇਸ਼ ਵਿੱਚ ਦੋ ‘ਰਾਸ਼ਟਰ ਪਿਤਾ’ ਹਨ। ਬੈਂਕਰ ਅਤੇ ਗਾਇਕਾ ਅੰਮ੍ਰਿਤਾ ਨੇ ਮੌਕ ਕੋਰਟ ਇੰਟਰਵਿਊ ਦੌਰਾਨ ਕਿਹਾ, ‘ਸਾਡੇ ਕੋਲ ਦੋ ‘ਫਾਦਰਜ਼ ਆਫ਼ ਦ ਨੇਸ਼ਨ’ ਹਨ।
ਜਾਣਕਾਰੀ ਅਨੁਸਾਰ ਮੌਕ ਕੋਰਟ ਇੰਟਰਵਿਊ ਦੌਰਾਨ ਬੈਂਕਰ ਅਤੇ ਗਾਇਕਾ ਅਮਰੁਤਾ ਨੇ ਕਿਹਾ,‘‘ਸਾਡੇ ਕੋਲ ਦੋ ਰਾਸ਼ਟਰ ਪਿਤਾ ਹਨ। ਨਰਿੰਦਰ ਮੋਦੀ ਨਵੇਂ ਭਾਰਤ ਦੇ ਪਿਤਾਮਾ ਅਤੇ ਮਹਾਤਮਾ ਗਾਂਧੀ ਪਹਿਲਾਂ ਦੇ ਸਮੇਂ ਦੇ ਰਾਸ਼ਟਰ ਪਿਤਾ ਹਨ।’’ ਕਾਂਗਰਸ ਆਗੂ ਅਤੇ ਮਹਾਰਾਸ਼ਟਰ ਦੀ ਸਾਬਕਾ ਮੰਤਰੀ ਯਸ਼ੋਮਤੀ ਠਾਕੁਰ ਨੇ ਭਾਜਪਾ ਆਗੂ ਦੀ ਪਤਨੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਅਤੇ ਸੰਘ ਦੀ ਵਿਚਾਰਧਾਰਾ ਦਾ ਪਾਲਣ ਕਰਨ ਵਾਲੇ ਲੋਕ ਗਾਂਧੀ ਜੀ ਨੂੰ ਵਾਰ ਵਾਰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ‘ਉਹ ਵਾਰ ਵਾਰ ਝੂਠ ਬੋਲ ਕੇ ਅਤੇ ਗਾਂਧੀਜੀ ਵਰਗੀਆਂ ਮਹਾਨ ਹਸਤੀਆਂ ਨੂੰ ਬਦਨਾਮ ਕਰ ਕੇ ਇਤਿਹਾਸ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’ ਮੌਕ ਕੋਰਟ ਇੰਟਰਵਿਊ ਦੌਰਾਨ ਅਮਰੁਤਾ ਨੂੰ ਸਵਾਲ ਕੀਤਾ ਗਿਆ ਸੀ ਕਿ ਜੇਕਰ ਮੋਦੀ ਰਾਸ਼ਟਰ ਪਿਤਾ ਹਨ ਤਾਂ ਫਿਰ ਮਹਾਤਮਾ ਗਾਂਧੀ ਕੌਣ ਹਨ।
ਉਧਰ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਅਮਰੁਤਾ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੇਕਰ ਬਾਪੂ ਜਿਊਂਦਾ ਹੁੰਦੇ ਤਾਂ ਉਨ੍ਹਾਂ ਮੌਜੂਦਾ ਭਾਰਤ ਦੀਆਂ ਨੀਤੀਆਂ ਨੂੰ ਨਕਾਰ ਦੇਣਾ ਸੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਨੂੰ ਮੋਦੀ ਨੂੰ ਮਨੂਵਾਦੀ ਹਿੰਦੂ ਰਾਸ਼ਟਰ ਭਾਰਤ ਦਾ ਪਿਤਾਮਾ ਐਲਾਨਣ ਲਈ ਮਤਾ ਪਾਸ ਕਰਨਾ ਚਾਹੀਦਾ ਹੈ।
ਅੰਮ੍ਰਿਤਾ ਦੀ ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਕੁਝ ਦਿਨ ਪਹਿਲਾਂ ਛਤਰਪਤੀ ਸ਼ਿਵਾਜੀ ਮਹਾਰਾਜ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।