The Khalas Tv Blog Punjab ਜੂਨ ‘84 ਦੇ ਫ਼ੌਜੀ ਹਮਲੇ ਸਬੰਧੀ ਮੁੜ ਪ੍ਰਕਾਸ਼ਿਤ ਹੋਵੇਗਾ ਵਾਈਟ ਪੇਪਰ
Punjab

ਜੂਨ ‘84 ਦੇ ਫ਼ੌਜੀ ਹਮਲੇ ਸਬੰਧੀ ਮੁੜ ਪ੍ਰਕਾਸ਼ਿਤ ਹੋਵੇਗਾ ਵਾਈਟ ਪੇਪਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਜੂਨ 1984 ਘੱਲੂਘਾਰੇ ਦੀ 37ਵੀਂ ਬਰਸੀ ਮੌਕੇ ਕਿਹਾ ਕਿ ‘ਜੂਨ 1984 ਦੇ ਘੱਲੂਘਾਰੇ ਮੌਕੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਅਤੇ ਬੱਚੇ ਸਿੱਖ ਕੌਮ ਦਾ ਸਰਮਾਇਆ ਹਨ, ਜਿਨ੍ਹਾਂ ਨੇ ਕੌਮੀ ਜਜ਼ਬੇ ਦੀ ਰੌਸ਼ਨੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਨੂੰ ਬਹਾਲ ਰੱਖਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖਾਂ ਲਈ ਭਗਤੀ ਅਤੇ ਸ਼ਕਤੀ ਦਾ ਸੋਮਾ ਹਨ, ਪਰ ਦੁੱਖ ਦੀ ਗੱਲ ਹੈ ਕਿ ਜੂਨ 1984 ’ਚ ਸਮੇਂ ਦੀ ਕਾਂਗਰਸ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਸਮੇਤ 37 ਗੁਰਦੁਆਰਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਸਿੱਖ ਜਗਤ ਨੂੰ ਮਾਨਸਿਕ ਤੌਰ ’ਤੇ ਅਸਹਿ ਅਤੇ ਅਕਹਿ ਜ਼ਖ਼ਮ ਦਿੱਤੇ।

ਬੀਬੀ ਜਗੀਰ ਕੌਰ ਦੇ ਅਹਿਮ ਐਲਾਨ

  • ਬੀਬੀ ਜਗੀਰ ਕੌਰ ਨੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾਣ ਵਾਲੀ ਗੈਲਰੀ ਦਾ ਕੰਮ ਜਲਦ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ।
  • ਉਨ੍ਹਾਂ ਕਿਹਾ ਕਿ ਘੱਲੂਘਾਰੇ ਦੀਆਂ ਨਿਸ਼ਾਨੀਆਂ ਨੂੰ ਸੰਗਤ ਦੇ ਸਨਮੁਖ ਕਰਨ ਲਈ ਵੀ ਵਿਉਂਤਬੰਦੀ ਕੀਤੀ ਜਾਵੇਗੀ।
  • ਗੋਲੀ ਲੱਗੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸੰਗਤ ਦੀ ਮੰਗ ਅਨੁਸਾਰ ਸਮੇਂ-ਸਮੇਂ ਕਰਵਾਏ ਜਾਂਦੇ ਰਹਿਣਗੇ।
  • 1984 ਦੇ ਫ਼ੌਜੀ ਹਮਲੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ ਵਾਈਟ ਪੇਪਰ ਮੁੜ ਪ੍ਰਕਾਸ਼ਤ ਕੀਤਾ ਜਾਵੇਗਾ, ਜਿਸ ਬਾਰੇ ਆਦੇਸ਼ ਦੇ ਦਿੱਤੇ ਗਏ ਹਨ।
  • ਜਿਨ੍ਹਾਂ ਲੋਕਾਂ ਦੀ ਕਰੋਨਾ ਮਹਾਂਮਾਰੀ ਕਾਰਨ ਮੌਤ ਹੋਈ ਹੈ, ਉਨ੍ਹਾਂ ਦੇ ਬੱਚਿਆਂ ਦੀ ਵਿੱਦਿਆ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਵਿੱਚ ਮੁਫ਼ਤ ਵਿੱਦਿਆ ਦਿੱਤੀ ਜਾਵੇਗੀ, ਤਾਂ ਜੋ ਉਹ ਭਵਿੱਖ ਵਿੱਚ ਸਵੈ-ਨਿਰਭਰ ਹੋ ਸਕਣ।
  • ਕਿਸਾਨ ਸੰਘਰਸ਼ ਦੌਰਾਨ ਚਲਾਣਾ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਪੜ੍ਹਾਇਆ ਜਾਵੇਗਾ।
  • ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਚਲਾਣਾ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਹੈ।
  • ਉਨ੍ਹਾਂ ਜੂਨ 1984 ਦੌਰਾਨ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਸਹਾਇਤਾ ਦਿੱਤੀ ਗਈ ਹੈ ਅਤੇ ਜੇਕਰ ਕੋਈ ਧਰਮੀ ਫ਼ੌਜੀ ਸਹਾਇਤਾ ਤੋਂ ਰਹਿ ਗਿਆ ਹੈ, ਤਾਂ ਉਹ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰੇ।
Exit mobile version