The Khalas Tv Blog Khaas Lekh ਅੱਜ ਤੱਕ ਕਿਹੜੇ ਲੀਡਰ ਕਿਉਂ ਕੀਤੇ ਗਏ ਤਲਬ ? ਕਿਹੜੇ ਮੁੱਖ ਮੰਤਰੀ ਨੂੰ ਬੰਨ੍ਹਿਆ ਸੀ ਥਮਲੇ ਨਾਲ
Khaas Lekh Khalas Tv Special Punjab

ਅੱਜ ਤੱਕ ਕਿਹੜੇ ਲੀਡਰ ਕਿਉਂ ਕੀਤੇ ਗਏ ਤਲਬ ? ਕਿਹੜੇ ਮੁੱਖ ਮੰਤਰੀ ਨੂੰ ਬੰਨ੍ਹਿਆ ਸੀ ਥਮਲੇ ਨਾਲ

ਅੰਮ੍ਰਿਤਸਰ :  ਮੀਰੀ ਅਤੇ ਪੀਰੀ ਦੇ ਸਿਧਾਂਤ ‘ਤੇ ਪੈਰਾ ਦੇਣ ਵਾਲੇ ਸਿੱਖ ਪੰਥ ਦੇ ਸਿਰਮੋਰ ਤਖ਼ਤ ਸ੍ਰੀ ਅਕਾਲ ਤਖਤ ‘ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਹੈ, ਪਰ ਉਹ ਪਹਿਲੇ ਮੁੱਖ ਮੰਤਰੀ ਨਹੀਂ ਹਨ ਜਿੰਨਾਂ ਨੂੰ ਸਿੱਖ ਪੰਥ ਦੀ ਮਰਿਆਦਾ ਅਤੇ ਫੈਸਲਿਆਂ ਖਿਲਾਫ਼ ਸ੍ਰੀ ਅਕਾਲ ਤਖਤ ਸਾਹਿਬ  ਤਲਬ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ 2 ਹੋਰ ਮੁੱਖ ਮੰਤਰੀ ਨੂੰ ਅਤੇ ਦੇਸ਼ ਦੇ ਰਾਜਸ਼ਟਰਪਤੀ ‘ਤੇ ਮੰਤਰੀਆਂ ਨੂੰ ਤਲਬ ਕੀਤਾ ਜਾ ਚੁੱਕਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਵਾਲੇ ਪਹਿਲੇ 2 ਮੁੱਖ ਮੰਤਰੀ ਅਕਾਲੀ ਦਲ ਦੀ ਸਰਕਾਰ ਵੇਲੇ CM ਸਨ।

13 ਅਪ੍ਰੈਲ 1978 ਅੰਮ੍ਰਿਤਸਰ ਦੇ ਚੌੜਾ ਖੂਹ ਇਲਾਕੇ ਵਿੱਚ 13 ਸਿੱਖਾਂ ਨੂੰ ਉਸ ਵੇਲੇ ਸ਼ਹੀਦ ਕਰ ਦਿੱਤਾ ਗਿਆ ਜਦੋਂ ਉਹ ਨਿਰੰਕਾਰੀ ਸਮਾਗਮ ਦਾ ਵਿਰੋਧ ਕਰਨ ਦੇ ਲਈ ਜਾ ਰਹੇ ਸਨ। ਸਿੱਖਾਂ ਜਥੇਬੰਦੀਆਂ ਨਿਰੰਕਾਰੀ ਮਿਸ਼ਨ ਦੀਆਂ ਕੁਝ ਰੀਤਾਂ ਅਤੇ ਬਿਆਨ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਖਿਲਾਫ ਹੋਣ ‘ਤੇ ਵਿਰੋਧ ਕਰ ਰਹੇ ਸਨ। ਸਿੱਖ ਭਾਈਚਾਰੇ ਦਾ ਇਲਜ਼ਾਮ ਸੀ ਕਿ ਨਿਰੰਕਾਰੀ ਮਿਸ਼ਨ ਦੇ ਮੁਖੀ ਗੁਰਬਚਨ ਸਿੰਘ ਦੇ ਇਸ਼ਾਰੇ ‘ਤੇ ਉਸ ਦੇ ਸੁਰੱਖਿਆ ਗਾਰਡਾਂ ਅਤੇ ਮਿਸ਼ਨ ਦੇ ਮੈਂਬਰਾਂ ਨੇ ਨਿਹੱਥੇ ਸਿੱਖਾਂ ‘ਤੇ ਗੋਲੀਆਂ ਚਲਾਈਆਂ ਸਨ।

ਇਲਜ਼ਾਮ ਸੀ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਨੇ ਉਸ ਵੇਲੇ ਇਸ ਨੂੰ ਰੋਕਣ ਦੇ ਲਈ ਕੁਝ ਨਹੀਂ ਕੀਤਾ ਸੀ । ਗੋਲੀਕਾਂਡ ਤੋਂ ਬਾਅਦ ਨਿਰੰਕਾਰੀ ਦੇ ਆਗੂਆਂ ਅਤੇ ਮੈਂਬਰਾਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਹੋਏ ਪਰ ਕੇਸ ਇੰਨਾ ਕਮਜ਼ੋਰ ਬਣਾਇਆ ਗਿਆ ਕਿ ਅਦਾਲਤ ਵੱਲੋਂ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ । ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਜਦੋਂ ਨਿਰੰਕਾਰੀ ਬਾਬੇ ਗੁਰਬਚਨ ਸਿੰਘ ਖਿਲਾਫ਼ ਸਰਕਾਰ ਦੀ ਕਾਨੂੰਨੀ ਕਾਰਗੁਜ਼ਾਰੀ ਢਿੱਲੀ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਪਹੁੰਚੀ ਤਾਂ ਤਤਕਾਲੀ ਜਥੇਦਾਰ  ਸ੍ਰੀ ਅਕਾਲ ਤਖਤ ਵੱਲੋਂ 4 ਅਕਤੂਬਰ 1979 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕਰ ਲਿਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੈਅ ਤਰੀਕ ਨੂੰ ਪੇਸ਼ ਹੋਏ ਅਤੇ ਸਪੱਸ਼ਟੀਕਰਨ ਦਿੱਤਾ।

ਦੂਜੀ ਵਾਰ ਵੀ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ 1987 ਵਿੱਚ ਤਲਬ ਕੀਤਾ ਗਿਆ ਸੀ । ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ‘ਤੇ ਇਲਜ਼ਾਮ ਸੀ  ਕਿ ਉਨ੍ਹਾਂ ਨੇ ਤਤਕਾਲੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਪ੍ਰੋ ਦਰਸ਼ਨ ਸਿੰਘ ਦੇ ਪੰਥਕ ਏਕਤਾ ਦੇ ਆਦੇਸ਼ ਨੂੰ ਨਹੀਂ ਮੰਨਿਆ ਸੀ। ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਕਰ ਦਿੱਤਾ ਗਿਆ ਸੀ।

ਇਸ ਦੌਰਾਨ ਪੰਜਾਬ ਵਿੱਚ ਸੁਰਜੀਤ ਸਿੰਘ ਬਰਨਾਲਾ ਨੇ ਵੱਖ ਤੋਂ ਅਕਾਲੀ ਦਲ ਬਣਾ ਕੇ 1985 ਵਿੱਚ ਆਪਣੀ ਸਰਕਾਰ ਬਣਾ ਲਈ ਸੀ । ਇਸ ਤੋਂ ਇਲਾਵਾ ਅਕਾਲੀ ਦਲ ਤੋਂ ਵੱਖ ਹੋ ਕੇ ਕਈ ਹੋਰ ਧੜਿਆਂ ਨੇ ਨਵੀਆਂ ਪਾਰਟੀਆਂ ਬਣਾਇਆ ਸੀ। ਸਿੱਖ ਪੰਥ ਵਿੱਚ ਅਸਲ ਅਕਾਲੀ ਦਲ ਨੂੰ ਲੈ ਕੇ ਦੁਬਿੱਧਾ ਬਣ ਗਈ ਸੀ।

ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਤਤਕਾਰੀ ਜਥੇਦਾਰ ਪ੍ਰੋ. ਦਰਸ਼ਨ ਸਿੰਘ ਕੋਲ ਸੰਗਤਾਂ ਨੇ ਇੱਕ ਅਕਾਲੀ ਦਲ ਬਣਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਪ੍ਰੋ.ਦਰਸ਼ਨ ਸਿੰਘ ਵੱਲੋਂ ਉਸ ਵੇਲੇ ਮੌਜੂਦ ਸਾਰੇ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਆਪਣਾ ਅਸਤੀਫ਼ਾ ਸ੍ਰੀ ਅਕਾਲ ਤਖਤ ਸਾਹਿਬ ਸੌਂਪਣ ਦੇ ਆਦੇਸ਼ ਦਿੱਤੇ ਗਏ ਸਨ, ਪਰ  ਸੁਰਜੀਤ ਸਿੰਘ ਬਰਨਾਲਾ ਜਿਸ ਅਕਾਲੀ ਦਲ ਦੀ ਅਗਵਾਈ ਕਰ ਰਹੇ ਸਨ ਉਨ੍ਹਾਂ ਨੇ ਆਪਣਾ ਅਸਤੀਫ਼ਾ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਸੌਂਪਿਆ ਸੀ । ਜਿਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਸੀ । ਬਰਨਾਲਾ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਅਤੇ ਉਨ੍ਹਾਂ ਨੂੰ ਤਤਕਾਲੀ ਜਥੇਦਾਰ ਪ੍ਰੋ. ਦਰਸ਼ਨ ਸਿੰਘ ਦੇ ਆਦੇਸ਼ ‘ਤੇ ਥੰਮ ਨਾਲ ਬੰਨ੍ਹ ਦਿੱਤਾ ਗਿਆ ਅਤੇ ਧਾਰਮਿਕ ਸਜ਼ਾ ਸੁਣਾਈ ਗਈ ਸੀ।

ਇਸ ਤੋਂ ਇਲਾਵਾ  2 ਸਤੰਬਰ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਕਾਂਗਰਸ ਦੇ ਕੇਂਦਰੀ ਮੰਤਰੀ ਬੂਟਾ ਸਿੰਘ ਨੂੰ ਸੰਮਨ ਕੀਤਾ ਗਿਆ ਸੀ । ਗਿਆਨੀ ਜ਼ੈਲ ਸਿੰਘ ‘ਤੇ ਇਲਜ਼ਾਮ ਸੀ ਕਿ ਉਹ ਦੇਸ਼ ਦੇ ਰਾਸ਼ਟਰਪਤੀ ਹੁੰਦੇ ਹੋਏ  1984 ਘੱਲੂਘਾਰੇ ਦੇ ਦੌਰਾਨ ਸਿੱਖਾਂ ਦੇ ਸਭ ਤੋਂ ਸਿਰਮੋਰ ਤਖਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਹਮਲੇ ਦੌਰਾਨ ਚੁੱਪ ਰਹੇ। ਸ੍ਰੀ ਅਕਾਲ ਤਖਤ ਵੱਲੋਂ ਗਿਆਨ ਜ਼ੈਲ ਸਿੰਘ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ ਜਦੋਂ ਉਹ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ।

ਕਾਂਗਰਸ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਵੱਲੋਂ ਤਨਖ਼ਾਹੀਆਂ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਸੀ। ਬੂਟਾ ਸਿੰਘ ‘ਤੇ ਇਲਜ਼ਾਮ ਸੀ ਕਿ ਉਸ ਦੀ ਬੁੱਢਾ ਦਲ  ਦੇ ਨਿਹੰਗ ਮੁਖੀ ਸੰਤਾ ਸਿੰਘ ਨਾਲ ਸੰਬੰਧ ਸਨ ਜਿਸ ਨੇ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਢਹਿ-ਢੇਰੀ ਹੋ ਚੁੱਕੀ ਇਮਾਰਤ ਦੀ ਉਸਾਰੀ ਸਰਕਾਰ ਦੀ ਸ਼ੈਅ ‘ਤੇ ਕਰਵਾਈ ਸੀ । 90 ਦੇ ਦਹਾਕੇ ਵਿੱਚ ਜਦੋਂ ਬੂਟਾ ਸਿੰਘ ਤਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨ ਮਨਜੀਤ ਸਿੰਘ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੂੰ 56 ਦਿਨਾਂ ਦੀ ਸਜ਼ਾ ਸੁਣਾਈ ਗਈ।  ਇਸ ਦੌਰਾਨ ਬੂਟਾ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਸਫਾਈ ਦੀ ਸੇਵਾ ਦੇ ਨਾਲ ਲੰਗਰ ਹਾਲ ਵਿੱਚ ਸੇਵਾ ਕਰਨ ਦੇ ਨਾਲ ਜੋੜੇ ਝਾੜਨ ਦੀ ਤਨਖਾਹ ਲਗਾਈ ਗਈ।

1999 ਵਿੱਚ  ਜਦੋਂ ਖਾਲਸੇ ਦਾ 300 ਸਾਲਾ ਸਿਰਜਨਾ ਦਿਹਾੜਾ ਸੀ ਤਾਂ ਅਕਾਲੀ ਸਿਆਸਤ ਵਿੱਚ 2 ਧੜੇ ਬਣ ਗਏ ਹਨ … ਇੱਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਦੂਜੇ ਧੜੇ ਦੀ ਅਗਵਾਈ ਤਤਕਾਲੀ ਐੱਸਜੀਪੀਸੀ ਦੇ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਕਰ ਰਹੇ ਸਨ ।  ਦੋਹਾਂ ਦੀ ਖਿਚੋਤਾਣ ਦੀ ਵਜ੍ਹਾ ਕਰਕੇ ਸਿੱਖ ਪੰਥ ਵਿੱਚ ਦੁਬਿੱਧਾ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ  ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਬਲ ਕੀਤਾ ਪਰ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ  ਪੇਸ਼ ਨਹੀਂ ਹੋਏ ਅਤੇ SGPC ‘ਤੇ ਕਬਜ਼ਾ ਕਰਕੇ ਤਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਹਟਾ ਦਿੱਤਾ ਗਿਆ।

2014 ਨੂੰ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ੍ਰੀ ਅਕਾਲ ਤਖਤ ਵਲੋਂ ਤਲਬ ਕੀਤਾ ਗਿਆ … ਮਜੀਠੀਆ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਲੋਕਸਭਾ ਚੋਣਾਂ ਦੌਰਾਨ ਬੀਜੇਪੀ ਦੇ ਉਮੀਦਵਾਰ ਅਰੁਣ ਜੇਟਲੀ ਦੀ ਤਾਰੀਫ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਨੂੰ ਗਲਤ ਤਰੀਕੇ ਨਾਲ ਪੜਿਆ ਸੀ। ਸ਼ਿਕਾਇਤ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਸਨ ਅਤੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਸੀ।

2 ਦਸੰਬਰ 2024 ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸੁਖਦੇਵ ਸਿੰਘ ਢੀਂਡਸਾ,ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਦੇ ਦਿੱਗਜ ਸਾਬਕਾ ਮੰਤਰੀਆਂ  ਨੂੰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁਲਜ਼ਮਾਂ ਨੂੰ ਬਚਾਉਣ ‘ਤੇ ਤਨਖ਼ਾਹੀਆਂ ਕਰਾਰ ਦਿੱਤਾ ਗਿਆ ਅਤੇ ਧਾਰਮਿਕ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਵਿੱਚ ਅਣਗੈਲੀ ਨੂੰ ਲੈ ਕੇ ਪੰਜਾਬ ਦੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਬਲ ਕੀਤਾ ਗਿਆ ਸੀ। ਇਲਜ਼ਾਮ ਸੀ ਕਿ ਸ੍ਰੀਨਗਰ ਵਿੱਚ 9ਵੇਂ ਪਾਤਸ਼ਾਹ ਦੇ ਸ਼ਹੀਦੀ  ਸਮਾਗਮ ਵਿੱਚ ਗਾਇਕ ਬੀਰ ਸਿੰਘ ਦੇ ਵੱਲੋਂ ਗੀਤਾ ਦੀ ਪੇਸ਼ਕਾਰੀ ਕੀਤੀ ਗਈ ਅਤੇ ਲੋਕ ਸਟੇਜ ਦੇ ਹੇਠਾਂ ਨੱਚਣ ਲੱਗ ਪਏ ਸਨ। ਇਹ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸੀ।

ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਤਲਬ ਕਰਨ ਤੋਂ ਬਾਅਦ ਹਰਜੋਤ ਬੈਂਸ ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਪੇਸ਼ ਹੋਏ ਅਤੇ ਮੁਆਫ਼ੀ ਮੰਗੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਧਾਰਮਿਕ ਸਜ਼ਾ ਦਿੱਤੀ ਗਈ।

 

Exit mobile version