ਕਿਡਨੀ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ, ਜੋ ਖੂਨ ਨੂੰ ਸਾਫ਼ ਕਰਕੇ ਵਿਸ਼ਾਕਤ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਆਮ ਤੌਰ ‘ਤੇ ਹਰ ਮਨੁੱਖ ਦੇ ਦੋ ਗੁਰਦੇ ਹੁੰਦੇ ਹਨ, ਪਰ ਅੱਜਕੱਲ੍ਹ ਭਾਰਤ ਵਿੱਚ ਕਿਡਨੀ ਫੇਲਿਅਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਬਿਮਾਰੀ ਕਾਰਨ ਬਹੁਤ ਸਾਰੇ ਮਰੀਜ਼ ਅਖੀਰਲੇ ਪੜਾਅ ‘ਤੇ ਪਹੁੰਚ ਜਾਂਦੇ ਹਨ, ਜਿੱਥੇ ਕਿਡਨੀ ਟ੍ਰਾਂਸਪਲਾਂਟ ਹੀ ਇੱਕ ਮਾਤਰ ਇਲਾਜ ਰਹਿ ਜਾਂਦਾ ਹੈ। ਹਾਲਾਂਕਿ ਟ੍ਰਾਂਸਪਲਾਂਟ ਰਾਹੀਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ, ਪਰ ਇਸ ਨਾਲ ਜੁੜੀਆਂ ਕਾਨੂੰਨੀ ਅਤੇ ਮੈਡੀਕਲ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਭਾਰਤ ’ਚ ਤੇਜ਼ੀ ਨਾਲ ਵਧ ਰਹੇ ਕਿਡਨੀ ਫੇਲੀਅਰ ਦੇ ਮਾਮਲੇ
ਭਾਰਤ ਵਿੱਚ ਲੱਖਾਂ ਮਰੀਜ਼ ਅਜਿਹੇ ਹਨ ਜੋ ਕਿਡਨੀ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ। ਅੰਕੜਿਆਂ ਮੁਤਾਬਕ ਲਗਭਗ 2 ਲੱਖ ਤੋਂ ਵੱਧ ਮਰੀਜ਼ ਅਖੀਰਲੀ ਸਟੇਜ ਕਿਡਨੀ ਬਿਮਾਰੀ ਨਾਲ ਪੀੜਤ ਹਨ, ਜਦਕਿ ਹਰ ਸਾਲ 2 ਤੋਂ 3 ਲੱਖ ਤੱਕ ਕਿਡਨੀ ਦੀ ਲੋੜ ਪੈਂਦੀ ਹੈ। ਇਸ ਦੇ ਬਾਵਜੂਦ ਸਿਰਫ ਕਰੀਬ 6,000 ਟ੍ਰਾਂਸਪਲਾਂਟ ਹੀ ਹੋ ਪਾਉਂਦੇ ਹਨ, ਜਿਸ ਨਾਲ ਮੰਗ ਅਤੇ ਸਪਲਾਈ ਵਿੱਚ ਵੱਡਾ ਫਰਕ ਪੈਦਾ ਹੁੰਦਾ ਹੈ। ਇਸ ਦਾ ਇੱਕ ਵੱਡਾ ਕਾਰਨ ਅੰਗ ਦਾਨ ਬਾਰੇ ਘੱਟ ਜਾਗਰੂਕਤਾ ਹੈ। ਇਸ ਲਈ ਸਰਕਾਰ ਅਤੇ ਸਿਹਤ ਸੰਸਥਾਵਾਂ ਵੱਲੋਂ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਕਿਡਨੀ ਟ੍ਰਾਂਸਪਲਾਂਟ ਲਈ ਮਰੀਜ਼ ਨੂੰ ਪਹਿਲਾਂ ਇੱਕ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਜਾ ਕੇ ਪੂਰੀ ਮੈਡੀਕਲ ਜਾਂਚ ਕਰਵਾਉਣੀ ਪੈਂਦੀ ਹੈ। ਇਸ ਵਿੱਚ ਬਲੱਡ ਟੈਸਟ, ਸਿਹਤ ਦੀ ਸਮੂਹਿਕ ਸਥਿਤੀ, ਕਿਡਨੀ ਫੇਲਿਅਰ ਦੀ ਗੰਭੀਰਤਾ, ਬਲੱਡ ਗਰੁੱਪ ਅਤੇ ਐਂਟੀਬਾਡੀ ਮੈਚਿੰਗ ਸ਼ਾਮਲ ਹੁੰਦੀ ਹੈ। ਇਹ ਪ੍ਰਕਿਰਿਆ ਇਹ ਨਿਰਧਾਰਤ ਕਰਦੀ ਹੈ ਕਿ ਮਰੀਜ਼ ਲਈ ਕਿਹੜੀ ਕਿਡਨੀ ਢੁੱਕਵੀਂ ਰਹੇਗੀ। ਜੇਕਰ ਮਰੀਜ਼ ਯੋਗ ਪਾਇਆ ਜਾਂਦਾ ਹੈ ਤਾਂ ਉਸ ਨੂੰ ਨੈਸ਼ਨਲ ਜਾਂ ਸਟੇਟ ਵੈਟਿੰਗ ਲਿਸਟ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ।
ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਦੇ ਤਹਿਤ ਹੁਣ ਮਰੀਜ਼ ਨੂੰ ਰਜਿਸਟ੍ਰੇਸ਼ਨ ਲਈ ਆਪਣੇ ਰਾਜ ਦਾ ਨਿਵਾਸੀ ਹੋਣ ਦੀ ਲੋੜ ਨਹੀਂ ਰਹੀ। ਇਸ ਦਾ ਮਤਲਬ ਹੈ ਕਿ ਮਰੀਜ਼ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਆਪਣਾ ਨਾਮ ਦਰਜ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਮੁੱਖ ਤੌਰ ‘ਤੇ ਹਸਪਤਾਲਾਂ ਅਤੇ ਟ੍ਰਾਂਸਪਲਾਂਟ ਸੰਸਥਾਵਾਂ ਰਾਹੀਂ ਕੀਤੀ ਜਾਂਦੀ ਹੈ, ਜਿੱਥੇ ਡਾਟਾ ਇੱਕ ਸੁਰੱਖਿਅਤ ਸਰਵਰ ‘ਤੇ ਸੰਭਾਲਿਆ ਜਾਂਦਾ ਹੈ ਅਤੇ ਸਿਰਫ ਅਧਿਕ੍ਰਿਤ ਮੈਂਬਰ ਹੀ ਇਸ ਤੱਕ ਪਹੁੰਚ ਸਕਦੇ ਹਨ।
ਕਿਡਨੀ ਟ੍ਰਾਂਸਪਲਾਂਟ ਦੀ ਲਾਗਤ ਵੀ ਇੱਕ ਮਹੱਤਵਪੂਰਨ ਮੁੱਦਾ ਹੈ। ਆਮ ਤੌਰ ‘ਤੇ ਇਹ ਖਰਚਾ 5 ਤੋਂ 6 ਲੱਖ ਰੁਪਏ ਤੱਕ ਹੋ ਸਕਦਾ ਹੈ। ਇਸ ਤੋਂ ਇਲਾਵਾ ਸਰਜਰੀ ਤੋਂ ਬਾਅਦ ਹਰ ਮਹੀਨੇ ਲਗਭਗ 15,000 ਰੁਪਏ ਫਾਲੋ-ਅੱਪ ਇਲਾਜ ‘ਤੇ ਅਤੇ ਕਰੀਬ 10,000 ਰੁਪਏ ਇਮਿਊਨੋਸਪ੍ਰੈਸਿਵ ਦਵਾਈਆਂ ‘ਤੇ ਖਰਚ ਹੁੰਦਾ ਹੈ। ਇਹ ਦਵਾਈਆਂ ਬਹੁਤ ਜ਼ਰੂਰੀ ਹੁੰਦੀਆਂ ਹਨ ਕਿਉਂਕਿ ਇਹ ਸਰੀਰ ਨੂੰ ਨਵੀਂ ਕਿਡਨੀ ਨੂੰ ਰਿਜੈਕਟ ਕਰਨ ਤੋਂ ਬਚਾਉਂਦੀਆਂ ਹਨ। ਖਰਚਾ ਸ਼ਹਿਰ ਅਤੇ ਹਸਪਤਾਲ ਦੇ ਅਨੁਸਾਰ ਵੱਧ ਜਾਂ ਘੱਟ ਵੀ ਹੋ ਸਕਦਾ ਹੈ।
NOTTO ਵੈੱਬਸਾਈਟ ਰਾਹੀਂ ਆਨਲਾਈਨ ਹੁੰਦੀ ਰਜਿਸਟ੍ਰੇਸ਼ਨ
ਰਜਿਸਟ੍ਰੇਸ਼ਨ ਲਈ ਮਰੀਜ਼ ਨੈਸ਼ਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (NOTTO) ਦੀ ਵੈੱਬਸਾਈਟ ‘ਤੇ ਵੀ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ਟੋਲ-ਫਰੀ ਨੰਬਰ 1800-11-4770 ‘ਤੇ ਕਾਲ ਕਰਕੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਕਿਡਨੀ ਦਾਨ ਕਰਨ ਦੇ ਨਿਯਮ ਵੀ ਕਾਫ਼ੀ ਸਖ਼ਤ ਹਨ। ਭਾਰਤ ਵਿੱਚ ਮਾਤਾ-ਪਿਤਾ, ਭੈਣ-ਭਰਾ, ਪਤੀ/ਪਤਨੀ ਅਤੇ ਬੱਚੇ ਆਸਾਨੀ ਨਾਲ ਕਿਡਨੀ ਦਾਨ ਕਰ ਸਕਦੇ ਹਨ। ਪਰ ਜੇਕਰ ਦਾਤਾ ਗੈਰ-ਰਿਸ਼ਤੇਦਾਰ ਹੋਵੇ ਤਾਂ ਉਸ ਲਈ ਸਰਕਾਰੀ ਅਥਾਰਟੀ ਤੋਂ ਖ਼ਾਸ ਮਨਜ਼ੂਰੀ ਲੈਣੀ ਪੈਂਦੀ ਹੈ। ਇਸ ਦੌਰਾਨ ਇਹ ਸਾਬਤ ਕਰਨਾ ਪੈਂਦਾ ਹੈ ਕਿ ਦਾਨ ਕਿਸੇ ਆਰਥਿਕ ਲਾਭ ਲਈ ਨਹੀਂ ਕੀਤਾ ਜਾ ਰਿਹਾ। ਕਿਡਨੀ ਦਾਨ ਕਰਨ ਵਾਲੇ ਦੀ ਮੈਡੀਕਲ ਅਤੇ ਮਾਨਸਿਕ ਜਾਂਚ ਵੀ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਆਪਣੀ ਮਰਜ਼ੀ ਨਾਲ ਦਾਨ ਕਰ ਰਿਹਾ ਹੈ।
PGI ਚੰਡੀਗੜ੍ਹ ਕਿਡਨੀ ਟ੍ਰਾਂਸਪਲਾਂਟ ’ਚ ਸਭ ਤੋਂ ਅੱਗੇ
ਭਾਰਤ ਵਿੱਚ ਕਈ ਪ੍ਰਸਿੱਧ ਹਸਪਤਾਲ ਕਿਡਨੀ ਟ੍ਰਾਂਸਪਲਾਂਟ ਲਈ ਜਾਣੇ ਜਾਂਦੇ ਹਨ। ਚੰਡੀਗੜ੍ਹ ਦਾ PGI ਹਸਪਤਾਲ ਇਸ ਖੇਤਰ ਵਿੱਚ ਅਗੇਅਣ ਮੰਨਿਆ ਜਾਂਦਾ ਹੈ, ਜਿੱਥੇ ਟ੍ਰਾਂਸਪਲਾਂਟ ਦੀ ਸਫਲਤਾ ਦਰ ਲਗਭਗ 80 ਫੀਸਦੀ ਹੈ। ਇਸ ਹਸਪਤਾਲ ਨੇ ਹਜ਼ਾਰਾਂ ਸਫਲ ਟ੍ਰਾਂਸਪਲਾਂਟ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਦੂਜੇ ਪਾਸੇ, ਅਹਿਮਦਾਬਾਦ ਦਾ IKDRC ਵੀ ਵੱਡੀ ਸਮਰੱਥਾ ਵਾਲਾ ਕੇਂਦਰ ਹੈ, ਜਿੱਥੇ ਬੈੱਡ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇਸ ਦੇ ਬਾਵਜੂਦ PGI ਦੀ ਕਾਰਗੁਜ਼ਾਰੀ ਬੇਹਤਰੀਨ ਰਹੀ ਹੈ।
ਵੇਟਿੰਗ ਪੀਰੀਅਡ 12 ਮਹੀਨੇ ਤੋਂ ਘਟ ਕੇ 3 ਮਹੀਨੇ ਹੋਇਆ
ਇੱਕ ਹੋਰ ਮਹੱਤਵਪੂਰਨ ਸੁਧਾਰ ਇਹ ਹੈ ਕਿ PGI ਚੰਡੀਗੜ੍ਹ ਵਿੱਚ ਕਿਡਨੀ ਟ੍ਰਾਂਸਪਲਾਂਟ ਲਈ ਉਡੀਕ ਸਮਾਂ 12 ਮਹੀਨਿਆਂ ਤੋਂ ਘਟਾ ਕੇ ਲਗਭਗ 3 ਮਹੀਨੇ ਕਰ ਦਿੱਤਾ ਗਿਆ ਹੈ। ਇਸ ਨਾਲ ਮਰੀਜ਼ਾਂ ਨੂੰ ਜਲਦੀ ਇਲਾਜ ਮਿਲਣਾ ਸੰਭਵ ਹੋਇਆ ਹੈ।


