ਚੰਡੀਗੜ੍ਹ : ਮਾਲਵਾ ਖੇਤਰ ਵਿੱਚ ਬੀਤੀ ਰਾਤ ਪਏ ਮੀਂਹ ਅਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਕਈ ਥਾਈਂ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਵਿਛ ਗਈ ਹੈ। ਜਿੱਥੇ ਕੁਝ ਸ਼ਹਿਰੀ ਠੰਢ ਮੁੜ ਪਰਤਣ ਕਾਰਨ ਗਰਮ ਕੱਪੜੇ ਪਹਿਨੇ ਵਿਖਾਈ ਦਿੱਤੇ, ਉੱਥੇ ਹੀ ਪਿੰਡਾਂ ਵਿੱਚ ਵਿਛੀਆਂ ਫ਼ਸਲਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਨਜ਼ਰ ਆਏ। । ਮੀਂਹ ਨਾਲ ਚੱਲੀਆਂ ਹਵਾਵਾਂ ਕਾਰਨ ਫ਼ਸਲਾਂ ਵਿਛ ਗਈਆਂ, ਜਿਸ ਕਾਰਨ ਕਿਸਾਨਾਂ ਵੱਲੋਂ ਨੁਕਸਾਨ ਹੋਣ ਦੀ ਗੱਲ ਆਖੀ ਜਾ ਰਹੀ ਹੈ। ਕਿਸਾਨਾਂ ਮੁਤਾਬਕ ਅਚਾਨਕ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਵਿਛ ਗਈਆਂ ਹਨ ਅਤੇ ਇਸ ਨਾਲ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਸਬੰਧੀ ਸਰਕਾਰ ਵੱਲੋਂ ਧਿਆਨ ਦੇਣਾ ਚਾਹੀਦਾ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚੜ੍ਹਦੇ ਮਾਰਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਸੀ। ਬੀਤੀ ਰਾਤ ਕਈ ਥਾਈਂ ਮੀਂਹ ਪਿਆ ਤੇ ਬਹੁਤੀਆਂ ਥਾਵਾਂ ’ਤੇ ਤੇਜ਼ ਹਵਾਵਾਂ ਵੀ ਚੱਲੀਆਂ, ਜਿਸ ਕਾਰਨ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਚਿੰਤਾ ਵਿੱਚ ਪੈ ਗਏ। ਸਵੇਰ ਵੇਲੇ ਬਠਿੰਡਾ ਖੇਤਰ ਦੇ ਪਿੰਡਾਂ ਬੱਲੂਆਣਾ, ਵਿਰਕ ਕਲਾਂ, ਵਿਰਕ ਖ਼ੁਰਦ, ਮਹਿਮਾ ਸਰਜਾ, ਮਹਿਮਾ ਸਰਕਾਰੀ, ਤਿਉਣਾ, ਚੁੰਬਾ, ਚੁੱਘੇ ਕਲਾਂ, ਦਿਓਣ, ਆਕਲੀਆ ਕਲਾਂ, ਗੋਨਿਆਣਾ ਕਲਾਂ, ਗੋਨਿਆਣਾ ਖ਼ੁਰਦ, ਜੰਡਾਂ ਵਾਲਾ, ਭੋਖੜਾ ਤੇ ਕੋਟ ਸ਼ਮੀਰ ਆਦਿ ਵਿੱਚ ਹਜ਼ਾਰਾਂ ਏਕੜ ਕਣਕ ਬੁਰੀ ਤਰ੍ਹਾਂ ਵਿਛ ਗਈ ਹੈ।
ਇਸੇ ਦੌਰਾਨ ਤਿਉਣਾ ਪਿੰਡ ਵਿੱਚ ਬੀਤੀ ਰਾਤ ਰਜਵਾਹੇ ਵਿੱਚ ਪਏ ਪਾੜ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਰ ਕੇ ਫ਼ਸਲ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪੀੜਤ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮੌਸਮ ਕਾਰਨ ਡਿੱਗੀ ਕਣਕ ਦੀ ਫ਼ਸਲ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਜਾਰੀ ਕੀਤਾ ਜਾਵੇ। ਉਧਰ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾਂ ਨੇ ਵੀ ਮੁਆਵਜ਼ੇ ਦੀ ਮੰਗ ਕੀਤੀ।