ਛਲੇ ਲਗਭਗ 5 ਸਾਲ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਚੱਲ ਰਹੇ ਸੀ, ਦਿੱਲੀ ਤੱਕ ਵੀ ਯਾਤਰਾ ਪੈਦਲ ਅਤੇ ਸ਼ਾਂਤੀਪੂਰਨ ਕੀਤੀ, ਕਦੇ ਵੀ ਭੜਕਾਊ ਬਿਆਨ ਨਹੀਂ ਦਿੱਤਾ ਪਰ ਕੱਲ੍ਹ ਸਾਰਾ ਕੁਝ ਹੱਥੋਂ ਖਿਸਕ ਗਿਆ, ਅੱਧਾ ਦਹਾਕਾ ਪੁਰਾਣੇ ਪ੍ਰਦਰਸ਼ਨ ਅਚਾਨਕ ਹਿੰਸਕ ਹੋ ਗਏ, ਸੱਤਾਧਿਰ ਦੇ ਆਲੀਸ਼ਾਨ ਦਫਤਰ ਨੂੰ ਅੱਗ ਲੈ ਕੇ ਖ਼ਾਕ ਕਰ ਦਿੱਤਾ, 5 ਲੋਕਾਂ ਦੀ ਜਾਨ ਚਲੀ ਗਈ ਅਤੇ 70 ਤੋਂ ਵੱਧ ਜਖਮੀ ਹੋ ਗਏ। ਇਹ ਕਿਸੇ ਹੋਰ ਦੇਸ਼ ਦੀ ਖ਼ਬਰ ਨਹੀਂ ਹੈ ਸਗੋਂ ਭਾਰਤ ਦੀ ਹੀ ਹੈ।
ਜਦੋਂ ਪਿਛਲੇ ਦਿਨੀਂ ਨੇਪਾਲ ਵਿਚ 18 ਤੋਂ 28 ਸਾਲ ਦੇ ਨੌਜਵਾਨਾਂ ਨੇ ਤਖਤਾਪਲਟ ਕਰ ਦਿੱਤਾ ਤਾਂ ਆਵਾਜ਼ ਉੱਠਣ ਲੱਗੀ ਕਿ ਹੁਣ ਭਾਰਤ ਦੇ ਵਿੱਚ ਵੀ ਕਿਤੇ ਅਜਿਹਾ ਨਾ ਹੋ ਜਾਵੇ, ਕਿਉਂਕਿ ਭਾਰਤ ਦੀ ਨੌਜਵਾਨ ਪੀੜੀ ਵੱਡੇ ਪੱਧਰ ‘ਤੇ ਬੇਰੁਜ਼ਗਾਰ ਫਿਰ ਰਹੀ ਹੈ। ਹਾਲਾਂਕਿ ਇਸ ਦੀਆਂ ਸੰਭਾਵਨਾਵਾਂ ਬਹੁਤ ਘੱਟ ਦੇਖੀਆਂ ਗਈਆਂ ਕਿਉਂਕਿ ਭਾਰਤ ਅਤੇ ਨੇਪਾਲ ਦੀ ਵਸੋਂ, ਖੇਤਰਫਲ ਅਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਬਹੁਤ ਵੱਡਾ ਫਰਕ ਹੈ, ਪਰ ਫੇਰ ਵੀ ਇੱਕ ਵੱਡਾ ਅਤੇ ਕਈ ਸਾਲ ਪੁਰਾਣਾ ਪ੍ਰਦਰਸ਼ਨ ਇਕਦਮ ਹਿੰਸਕ ਹੋ ਗਿਆ।
ਲੇਹ ਲੱਦਾਖ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵਾਤਾਵਰਨ ਕਾਰਕੁਨ ਸੋਨਮ ਵੰਗਚੂਕ ਪਿਛਲੇ ਕਈ ਸਾਲਾਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਅਤੇ ਕਈ ਵਾਰ ਉਹ ਭੁੱਖ ਹੜਤਾਲ ਕਰ ਚੁੱਕੇ ਹਨ। ਉਹਨਾਂ ਦੀਆਂ ਦੋ ਮੁੱਖ ਮੰਗਾਂ ਹਨ। ਵਾਂਗਚੁਕ ਦੀ ਅਗਵਾਈ ਵਾਲੀ ਲੇਹ ਐਪੈਕਸ ਬਾਡੀ, ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਖੁਦ ਵੀ ਇਹ ਵਾਅਦਾ ਕੀਤਾ ਸੀ ਪਰ ਹੁਣ ਉਹ ਵਾਅਦਾ ਪੂਰਾ ਨਹੀਂ ਕਰ ਰਹੀ।
ਹੁਣ ਪਹਿਲਾਂ ਦਸਦੇ ਹਾਂ ਕਿ ਇਹ ਸਭ ਕੁਝ ਸ਼ੁਰੂ ਕਿਵੇਂ ਹੋਇਆ
ਦਰਅਸਲ ਸੋਨਮ ਵਾਂਗਚੁਕ ਨੇ ਦੁਬਾਰਾ 10 ਸਤੰਬਰ ਨੂੰ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੇ ਹੋਏ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਬੁੱਧਵਾਰ ਨੂੰ ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਨੇ ਕੇਂਦਰ ਵੱਲੋਂ ਆਪਣੀਆਂ ਪਿਛਲੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਫਲ ਰਹਿਣ ਦੇ ਵਿਰੋਧ ਵਿੱਚ ਲੇਹ ਵਿੱਚ ਬੰਦ ਦਾ ਸੱਦਾ ਦਿੱਤਾ। ਮਸਲਾ ਉਦੋਂ ਵਧਿਆ ਜਦੋਂ ਵਾਂਗਚੁਕ ਨਾਲ ਭੁੱਖ ਹੜਤਾਲ ‘ਤੇ ਬੈਠੇ 72 ਅਤੇ 62 ਸਾਲ ਦੇ ਦੋ ਬਜ਼ੁਰਗ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।
ਇਸ ਮੌਕੇ ਹਜ਼ਾਰਾਂ ਪ੍ਰਦਰਸ਼ਨਕਾਰੀ ਭੁੱਖ ਹੜਤਾਲ ਵਾਲੀ ਥਾਂ ‘ਤੇ ਸ਼ਾਂਤੀ ਨਾਲ ਬੈਠੇ ਪ੍ਰਾਰਥਨਾ ਕਰ ਰਹੇ ਸਨ ਅਤੇ ਭਾਸ਼ਣ ਸੁਣ ਰਹੇ ਸਨ, ਇਸੇ ਦਰਮਿਆਨ ਨੌਜਵਾਨਾਂ ਦਾ ਇੱਕ ਵੱਡਾ ਸਮੂਹ ਉੱਥੋਂ ਪਾਸੇ ਹੋ ਕੇ ਨਾਅਰੇਬਾਜ਼ੀ ਕਰਨ ਲੱਗਿਆ। ਇਸ ਮਗਰੋਂ ਹਿੰਸਾ ਕਿਸ ਦੇ ਕਹਿਣ ਤੇ, ਕਦੋਂ ਅਤੇ ਕਿਵੇਂ ਸ਼ੁਰੂ ਹੋ ਗਈ ? ਇਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਇੱਕ ਭਾਜਪਾ ਦਫਤਰ ਅਤੇ ਇੱਕ CRPF ਵਾਹਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਹੋਈਆਂ, ਜਿਸ ਦੇ ਨਤੀਜੇ ਵਜੋਂ ਚਾਰ ਲੋਕਾਂ ਦੀ ਜਾਨ ਗਈ ਅਤੇ 80 ਤੋਂ ਵੱਧ ਜ਼ਖਮੀ ਹੋ ਗਏ। ਲਗਭਗ 30 ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਏ।
ਹਿੰਸਾ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰਦਿਆਂ ਵਾਂਗਚੁਕ ਨੇ ਕਿਹਾ ਕਿ ਲੋਕ ਨਿਰਾਸ਼ ਹਨ ਕਿਉਂਕਿ ਅਗਲੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪਰ ਕੇਂਦਰ ਸਰਕਾਰ ਨੇ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਨੌਜਵਾਨ ਭੜਕ ਉੱਠੇ ਸਨ ਅਤੇ ਦਫ਼ਤਰਾਂ, ਪੁਲਿਸ ਵਾਹਨਾਂ ਅਤੇ ਭਾਜਪਾ ਦਫ਼ਤਰ ‘ਤੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਨੇ ਹਿੰਸਾ ਲਈ ਪਿਛਲੇ ਪੰਜ-ਛੇ ਸਾਲਾਂ ਦੇ ਗੁੱਸੇ ਨੂੰ ਜ਼ਿੰਮੇਵਾਰ ਠਹਿਰਾਇਆ, ਪ੍ਰਦਰਸ਼ਨਕਾਰੀਆਂ ਨੂੰ Gen Z ਨੂੰ ਸੰਜਮ ਵਰਤਣ ਦੀ ਅਪੀਲ ਕੀਤੀ।
ਉੱਧਰ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਵਾਂਗਚੁਕ ‘ਤੇ ਗੰਭੀਰ ਇਲਜ਼ਾਮ ਲਗਾਏ।
ਮੀਡੀਆ ਰਿਪੋਰਟਾਂ ਅਨੁਸਾਰ ਮੰਤਰਾਲੇ ਦਾ ਕਹਿਣਾ ਹੈ ਕਿ ਵੰਗਚੂੱਕ ਨੇ ਭੜਕਾਊ ਬਿਆਨਾਂ ਨਾਲ ਭੀੜ ਨੂੰ ਭੜਕਾਇਆ। ਵਾਂਗਚੁਕ ਨੇ ਨੇਪਾਲ ਵਿੱਚ ਅਰਬ ਸਪਰਿੰਗ-ਸ਼ੈਲੀ ਦੇ ਵਿਰੋਧ ਪ੍ਰਦਰਸ਼ਨਾਂ ਅਤੇ Gen Z ਵਿਰੋਧ ਪ੍ਰਦਰਸ਼ਨਾਂ ਦਾ ਭੜਕਾਊ ਹਵਾਲਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਕਈ ਲੀਡਰਾਂ ਵੱਲੋਂ ਉਨ੍ਹਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕਰਨ ਦੇ ਬਾਵਜੂਦ ਉਨ੍ਹਾਂ ਨੇ ਭੁੱਖ ਹੜਤਾਲ ਜਾਰੀ ਰੱਖੀ।
ਇਤਫਾਕਨ, ਇਸ ਹਿੰਸਕ ਘਟਨਾਕ੍ਰਮ ਦੇ ਵਿਚਕਾਰ, ਉਸਨੇ ਆਪਣਾ ਵਰਤ ਤੋੜ ਦਿੱਤਾ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਕੋਈ ਗੰਭੀਰ ਯਤਨ ਕੀਤੇ ਬਿਨਾਂ ਐਂਬੂਲੈਂਸ ਵਿੱਚ ਆਪਣੇ ਪਿੰਡ ਲਈ ਰਵਾਨਾ ਹੋ ਗਿਆ। 24 ਸਤੰਬਰ ਨੂੰ, ਸਵੇਰੇ 11:30 ਵਜੇ ਦੇ ਕਰੀਬ, ਭੀੜ, ਉਸਦੇ (ਵਾਂਗਚੁਕ) ਭੜਕਾਊ ਭਾਸ਼ਣਾਂ ਤੋਂ ਭੜਕੀ, ਭੁੱਖ ਹੜਤਾਲ ਵਾਲੀ ਥਾਂ ਤੋਂ ਬਾਹਰ ਨਿਕਲ ਗਈ ਅਤੇ ਇੱਕ ਰਾਜਨੀਤਿਕ ਪਾਰਟੀ ਦੇ ਦਫ਼ਤਰ ਦੇ ਨਾਲ-ਨਾਲ ਲੇਹ ਦੇ CEC ਦੇ ਸਰਕਾਰੀ ਦਫ਼ਤਰ ‘ਤੇ ਹਮਲਾ ਕਰ ਦਿੱਤਾ। ਦਫ਼ਤਰਾਂ ਨੂੰ ਅੱਗ ਲਗਾ ਦਿੱਤੀ, ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕੀਤਾ ਅਤੇ ਇੱਕ ਪੁਲਿਸ ਵਾਹਨ ਨੂੰ ਅੱਗ ਲਗਾ ਦਿੱਤੀ। ਬੇਕਾਬੂ ਭੀੜ ਨੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕੀਤਾ, ਜਿਸ ਵਿੱਚ 30 ਤੋਂ ਵੱਧ ਪੁਲਿਸ/ਸੀਆਰਪੀਐਫ ਕਰਮਚਾਰੀ ਜ਼ਖਮੀ ਹੋ ਗਏ। ਭੀੜ ਜਨਤਕ ਜਾਇਦਾਦ ਨੂੰ ਤਬਾਹ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਦੀ ਰਹੀ। ਸਵੈ-ਰੱਖਿਆ ਵਿੱਚ, ਪੁਲਿਸ ਨੂੰ ਗੋਲੀਬਾਰੀ ਕਰਨੀ ਪਈ, ਜਿਸਦੇ ਨਤੀਜੇ ਵਜੋਂ ਬਦਕਿਸਮਤੀ ਨਾਲ ਕੁਝ ਜਾਨੀ ਨੁਕਸਾਨ ਹੋਇਆ।
ਉੱਧਰ BJP ਦੇ ਮੁੱਖ ਬੁਲਾਰੇ ਅਤੇ IT ਸੈੱਲ ਦੇ ਹੈੱਡ ਅਮਿਤ ਮਾਲਵੀਆ ਨੇ ਟਵੀਟ ਕਰਦਿਆਂ ਲਿਖਿਆ ਕਿ ਅਰਾਜਕਤਾਵਾਦੀ ਸੋਨਮ ਵਾਂਗਚੁਕ ਨੇ ਸਭ ਤੋਂ ਪਹਿਲਾਂ 10 ਸਤੰਬਰ ਨੂੰ ਭੀੜ ਨੂੰ ਭੜਕਾਇਆ ਸੀ ਅਤੇ ਕਾਂਗਰਸ ਦੀ ਮਦਦ ਨਾਲ, ਉਸਨੇ 24 ਸਤੰਬਰ ਨੂੰ ਲੇਹ ਨੂੰ ਅੱਗ ਲਗਾ ਦਿੱਤੀ। ਉਸਦੇ ਕੰਮ ਸ਼ਾਂਤਮਈ ਨਹੀਂ ਰਹੇ ਹਨ। ਉਹ ਰਾਸ਼ਟਰੀ ਟੀਵੀ ‘ਤੇ ਜੋ ਪ੍ਰਚਾਰ ਕਰਦਾ ਹੈ ਅਤੇ ਜੋ ਕਰਦਾ ਹੈ, ਉਹ ਇੱਕ ਦੂਜੇ ਤੋਂ ਬਹੁਤ ਦੂਰ ਹੈ।
ਸੋ ਹੁਣ ਮੀਡੀਆ ਰਿਪੋਰਟਾਂ ਤਾਂ ਇਹ ਵੀ ਦੱਸਦੀਆਂ ਨੇ ਕਿ ਹੁਣ ਸੋਨਮ ਵਾਂਗਚੁਕ ਦੀ ਪਾਕਿਸਤਾਨ ਫੇਰੀ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਸੂਤਰਾਂ ਅਨੁਸਾਰ, ਕੇਂਦਰ ਸਰਕਾਰ ਨੂੰ ਲੱਦਾਖ ਹਿੰਸਾ ਵਿੱਚ ਵਿਦੇਸ਼ੀ ਸਬੰਧਾਂ ਦਾ ਵੀ ਸ਼ੱਕ ਹੈ। ਖੁਫੀਆ ਏਜੰਸੀਆਂ ਹਿੰਸਾ ਨੂੰ ਭੜਕਾਉਣ ਵਾਲੇ ਕਿਸੇ ਵੀ ਸਬੰਧ ਦੀ ਜਾਂਚ ਕਰ ਰਹੀਆਂ ਹਨ। ਦਰਅਸਲ, ਵਾਂਗਚੁਕ ਨੇ ਇਸ ਸਾਲ ਫਰਵਰੀ ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿ ਰਹੇ ਹਨ, “ਮੈਂ ਇਸਲਾਮਾਬਾਦ, ਪਾਕਿਸਤਾਨ ਵਿੱਚ ਹਾਂ। ਮੈਂ ਇੱਥੇ ਪਾਕਿਸਤਾਨ ਦੇ ਡਾਨ ਮੀਡੀਆ ਦੁਆਰਾ ਆਯੋਜਿਤ ਇੱਕ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਇਆ ਹਾਂ।”
ਸੋ ਹੁਣ ਕੁੱਲ ਮਿਲਾ ਕੇ ਜਿੱਥੇ ਸੋਨਮ ਅਤੇ ਉੱਥੋਂ ਦੇ ਲੋਕ ਕਹਿ ਰਹੇ ਨੇ ਕਿ ਕੇਂਦਰ ਨੇ ਉਹਨਾਂ ਦੇ ਨਾਲ ਵਾਅਦੇ ਕਰਕੇ ਵਾਦਾਖਿਲਾਫੀ ਕੀਤੀ ਅਤੇ ਝੂਠ ਬੋਲਿਆ ਜਿਸ ਕਰਕੇ ਸਾਡੇ ਲੋਕਾਂ ਵਿੱਚ ਰੋਸਾ ਸੀ ਜਿਸਨੂੰ ਹੁਣ ਅਸੀਂ ਨਹੀਂ ਦਬਾ ਕੇ ਰੱਖ ਸਕੇ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਨੇ ਸੋਨਮ ਨੂੰ ਇਸ ਸਭ ਦੇ ਲਈ ਜਿੰਮੇਵਾਰ ਠਹਿਰਾ ਦਿੱਤਾ ਹੈ ਜਿਸ ਤਰਾਂ ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਸੀ. ਕੇਂਦਰ ਵਿਦੇਸ਼ੀ ਤਾਕਤਾਂ ਦੀ ਸ਼ਮੂਲੀਅਤ ਅਤੇ ਪਾਕਿਸਤਾਨ ਫੇਰੀ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ. BJP ਦੇ ਬੁਲਾਰੇ ਇਸਨੂੰ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਨਾਲ ਜੋੜ ਰਹੇ ਨੇ. ਟਵਿੱਟਰ ਤੇ ਸੱਜੇ ਪੱਖੀ ਲੋਕਾਂ ਨੇ ਸੋਨਮ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਦੇਸ਼ ਧ੍ਰੋਹੀ, ਦਹਿਸ਼ਤਗਰਦ, ਗੱਦਾਰ ਅਤੇ ਬਾਹਰੀ ਏਜੰਸੀਆਂ ਦੇ ਏਜੰਟ ਕਰਾਰ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ।