The Khalas Tv Blog India ਵਰਿੰਦਾਵਨ ਦੇ ਸੰਤ ਪ੍ਰੇਮਾਨੰਦ ਦੇ ਆਸ਼ਰਮ ‘ਚ ਆਖ਼ਿਰ ਕੀ ਹੋਇਆ ?
India Khaas Lekh Khalas Tv Special Religion

ਵਰਿੰਦਾਵਨ ਦੇ ਸੰਤ ਪ੍ਰੇਮਾਨੰਦ ਦੇ ਆਸ਼ਰਮ ‘ਚ ਆਖ਼ਿਰ ਕੀ ਹੋਇਆ ?

ਮਥੁਰਾ ਦੇ ਵ੍ਰਿੰਦਾਵਨ ਵਿੱਚ ਮਸ਼ਹੂਰ ਸੰਤ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਵਿੱਚ 25 ਸਤੰਬਰ ਨੂੰ ਇੱਕ ਖੌਫ਼ਨਾਕ ਘਟਨਾ ਵਾਪਰੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਲੋਕਾਂ ਨੂੰ ਗਿਆਨ ਦੇਣ ਵਾਲੇ ਆਸ਼ਰਮ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ। ਆਸ਼ਰਮ ਵਿੱਚ ਸੰਤ ਪ੍ਰੇਮਾਨੰਦ ਦੇ 25 ਸਾਲਾ ਪੈਰੋਕਾਰ ਰਸਿਕ ਦੁਲਾਰੀ ਸ਼ਰਮ ਉਰਫ਼ ਦੀਪਕ ਲੋਧੀ ਦੇ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਮਿਲਿਆ ਅਤੇ ਉਸ ਦੇ ਕਮਰੇ ਤੋਂ ਇੱਕ ਗਰਾਈਂਡਰ ਵੀ ਬਰਾਮਦ ਹੋਇਆ ਜਿਸ ਨਾਲ ਲੋਹਾ ਕੱਟਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਪੈਰੋਕਾਰ ਚੌਥੀ ਮੰਜ਼ਿਲ ਤੋਂ ਜ਼ਮੀਨ ’ਤੇ ਡਿੱਗ ਪਿਆ ਅਤੇ ਖ਼ਤਮ ਹੋ ਗਿਆ।

ਸੰਤ ਪ੍ਰੇਮਾਨੰਦ ਦੇ ਪੈਰੋਕਾਰ ਦੀ ਰਹੱਸਮਈ ਮੌਤ

ਪਰ ਸਵਾਲ ਇਹ ਉੱਠਦਾ ਹੈ ਕਿ ਕੀ ਸੰਤ ਪ੍ਰੇਮਾਨੰਦ ਮਹਾਰਾਜ ਦੇ ਪੈਰੋਕਾਰ ਨੇ ਆਪਣੀ ਜ਼ਿੰਦਗੀ ਨੂੰ ਖ਼ੁਦ ਅਲਵਿਦਾ ਕਿਹਾ ਜਾਂ ਇਸ ਦੇ ਪਿੱਛੇ ਕੋਈ ਹੋਰ ਕਹਾਣੀ ਹੈ। ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿਣ ਵਾਲੇ ਪੈਰੋਕਾਰ ਰਸਿਕ ਦੁਲਾਰੀ ਉਰਫ਼ ਦੀਪਕ ਲੋਧੀ ਦੇ ਪਰਿਵਾਰ ਨੇ ਆਪਣੇ ਪੁੱਤਰ ਦੀ ਮੌਤ ਨੂੰ ਲੈ ਕੇ ਕਈ ਗੰਭੀਰ ਸਵਾਲ ਚੁੱਕੇ ਹਨ। ਸ਼ੁਰੂਆਤ ਵਿੱਚ ਪੁਲਿਸ ਪੈਰੋਕਾਰ ਰਸਿਕ ਦੁਲਾਰੀ ਉਰਫ਼ ਦੀਪਕ ਲੋਧੀ ਦੀ ਮੌਤ ਨੂੰ ਇੱਕ ਖ਼ਾਸ ਤਰੀਕੇ ਨਾਲ ਬਿਆਨ ਕਰ ਰਹੀ ਸੀ ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੁਣ ਪੁਲਿਸ ਇਸ ਦੀ ਗਹਿਰਾਈ ਨਾਲ ਜਾਂਚ ਕਰਨ ਲਈ ਮਜਬੂਰ ਹੋ ਗਈ ਹੈ। ਆਖ਼ਰ ਪੁਲਿਸ ਨੂੰ ਹੁਣ ਤੱਕ ਪੈਰੋਕਾਰ ਰਸਿਕ ਦੁਲਾਰੀ ਉਰਫ਼ ਦੀਪਕ ਲੋਧੀ ਦੀ ਮੌਤ ਨਾਲ ਜੁੜਿਆ ਅਜਿਹਾ ਕੀ ਮਿਲਿਆ ਜਿਸ ਤੋਂ ਬਾਅਦ ਜਾਂਚ ਦੀ ਦਿਸ਼ਾ ਹੀ ਬਦਲ ਗਈ ਹੈ।

ਵ੍ਰਿੰਦਾਵਨ ਦੇ ਮਸ਼ਹੂਰ ਸੰਤ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਅਤੇ ਟੀਵੀ ’ਤੇ ਦਿਖਾਈ ਦਿੰਦੀਆਂ ਹਨ। ਪ੍ਰੇਮਾਨੰਦ ਨੂੰ ਮਿਲਣ ਲਈ ਕ੍ਰਿਕਟਰ ਵਿਰਾਟ ਕੋਹਲੀ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ, ਹੇਮਾ ਮਾਲਿਨੀ, ਸ਼ਿਲਪਾ ਸ਼ੈੱਟੀ ਤੋਂ ਲੈ ਕੇ ਵੱਡੇ-ਵੱਡੇ ਬਾਲੀਵੁੱਡ ਸਟਾਰ ਪਹੁੰਚਦੇ ਰਹੇ ਹਨ। ਸਿਰਫ਼ ਇਹੀ ਨਹੀਂ ਪੰਜਾਬੀ ਗਾਇਕ ਵੀ ਪਿੱਛੇ ਨਹੀਂ ਹਨ। ਜੈਸਮੀਨ ਸੈਂਡਲਸ, ਮੀਕਾ, ਬੀ ਪਰਾਗ ਵਰਗੇ ਗਾਇਕ ਵੀ ਸੰਤ ਪ੍ਰੇਮਾਨੰਦ ਨੂੰ ਮਿਲਣ ਲਈ ਪਹੁੰਚੇ। ਕੁਝ ਨਿਹੰਗ ਸਿੰਘ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਵੀ ਪ੍ਰੇਮਾਨੰਦ ਦੇ ਆਸ਼ਰਮ ਪਹੁੰਚੀਆਂ। ਪਰ 25 ਸਤੰਬਰ ਨੂੰ ਸੰਤ ਪ੍ਰੇਮਾਨੰਦ ਦੇ ਪੈਰੋਕਾਰ ਰਸਿਕ ਸ਼ਰਮ ਉਰਫ਼ ਦੀਪਕ ਲੋਧੀ ਦੀ ਭਿਆਨਕ ਮੌਤ ਨੇ ਆਸ਼ਰਮ ਵਿੱਚ ਹੋ ਰਹੀਆਂ ਗਤੀਵਿਧੀਆਂ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਸਵਾਲ ਅਸੀਂ ਨਹੀਂ ਬਲਕਿ ਮ੍ਰਿਤਕ ਦੀਪਕ ਲੋਧੀ ਦੇ ਪਰਿਵਾਰ ਨੇ ਚੁੱਕੇ ਹਨ।

ਇਹ ਸੀ ਪੂਰਾ ਮਾਮਲਾ

25 ਸਤੰਬਰ ਦੀ ਸਵੇਰ ਕਰੀਬ 10:25 ਵਜੇ ਰਸਿਕ ਦੁਲਾਰੀ ਸ਼ਰਣ ਆਪਣੇ ਕਮਰੇ ਤੋਂ ਬਾਹਰ ਨਿਕਲਦਾ ਹੋਇਆ ਸੀਸੀਟੀਵੀ ਵਿੱਚ ਨਜ਼ਰ ਆਇਆ। ਪੁਲਿਸ ਮੁਤਾਬਕ ਉਸ ਦੇ ਕੱਪੜਿਆਂ ’ਤੇ ਖ਼ੂਨ ਲੱਗਾ ਹੋਇਆ ਸੀ। ਇਸ ਤੋਂ ਬਾਅਦ ਉਹ ਕੁਝ ਦੇਰ ਤੱਕ ਤੁਰਦਾ ਹੋਇਆ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਦੀ ਛੱਤ ’ਤੇ ਪਹੁੰਚਿਆ। ਜਾਂਚ ਮੁਤਾਬਕ ਕਰੀਬ 10:36 ਵਜੇ ਉਸ ਨੇ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ। ਹੇਠਾਂ ਡਿੱਗਣ ਤੋਂ ਬਾਅਦ ਆਸ਼ਰਮ ਨਾਲ ਜੁੜੇ ਲੋਕ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਕੇ ਗਏ। ਦੀਪਕ ਨੂੰ ਸਰਵੋਦਯ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਜਾਂਚ ਸ਼ੁਰੂ ਕੀਤੀ ਗਈ। ਇਹ ਘਟਨਾ ਵ੍ਰਿੰਦਾਵਨ ਦੇ ਵਰਾਹ ਘਾਟ ਮਾਰਗ ਸਥਿਤ ਗੁਰੂ ਕ੍ਰਿਪਾ ਕੁੰਜ ਅਪਾਰਟਮੈਂਟ ਨਾਲ ਜੁੜੀ ਹੋਈ ਹੈ। ਪਰਿਵਾਰ ਵੱਲੋਂ ਚੁੱਕੇ ਸਵਾਲਾਂ ਤੋਂ ਬਾਅਦ ਹੁਣ ਪੁਲਿਸ ਕਮਰੇ ਤੋਂ ਲੈ ਕੇ ਛੱਤ ਅਤੇ ਫਿਰ ਹਸਪਤਾਲ ਤੱਕ ਦੇ ਪੂਰੇ ਘਟਨਾਕ੍ਰਮ ਨੂੰ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।

Incident happened to Sant Premanand’s Disciple in Vrindavan । PRIME BULLETIN-267 । THE KHALAS TV

ਦਰਅਸਲ ਮ੍ਰਿਤਕ ਰਸਿਕ ਦੁਲਾਰੀ ਉਰਫ਼ ਦੀਪਕ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਰਹਿਣ ਵਾਲਾ ਸੀ। ਪਰਿਵਾਰ ਮੁਤਾਬਕ ਨਰਮਦਾ ਪਰਿਕਰਮਾ ਤੋਂ ਬਾਅਦ ਉਹ ਵ੍ਰਿੰਦਾਵਨ ਪਹੁੰਚਿਆ ਅਤੇ ਸੰਤ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਨਾਲ ਜੁੜ ਗਿਆ। ਸਾਲ 2024 ਤੋਂ ਉਹ ਵ੍ਰਿੰਦਾਵਨ ਵਿੱਚ ਰਹਿ ਰਿਹਾ ਸੀ। ਉਸ ਨੂੰ ਸੰਤ ਪ੍ਰੇਮਾਨੰਦ ਮਹਾਰਾਜ ਦਾ ਪੈਰੋਕਾਰ ਦੱਸਿਆ ਗਿਆ ਹੈ। ਪਰਿਵਾਰ ਮੁਤਾਬਕ ਵ੍ਰਿੰਦਾਵਨ ਵਿੱਚ ਰਹਿਣ ਤੋਂ ਬਾਅਦ ਹੌਲੀ-ਹੌਲੀ ਉਸ ਦਾ ਪਰਿਵਾਰ ਨਾਲ ਸੰਪਰਕ ਘੱਟ ਹੁੰਦਾ ਗਿਆ। ਇੱਕ ਵਾਰ ਵ੍ਰਿੰਦਾਵਨ ਆਉਣ ਤੋਂ ਬਾਅਦ ਦੀਪਕ ਜਬਲਪੁਰ ਵਾਪਸ ਵੀ ਗਿਆ ਸੀ ਪਰ ਕਰੀਬ ਦੋ ਸਾਲ ਪਹਿਲਾਂ ਦੁਬਾਰਾ ਵ੍ਰਿੰਦਾਵਨ ਆਉਣ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਸ ਨਾਲ ਮਿਲਣਾ ਵੀ ਮੁਸ਼ਕਲ ਹੋ ਗਿਆ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਰਸਿਕ ਸ਼ਰਮ ਉਰਫ਼ ਦੀਪਕ ਲੋਧੀ ਦੀ ਜਿਸ ਹਾਲਤ ਵਿੱਚ ਮੌਤ ਹੋਈ ਹੈ ਉਹ ਸਵਾਲਾਂ ਦੇ ਘੇਰੇ ਵਿੱਚ ਹੈ।

ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਮੁੱਖ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿਣਾ

29 ਸਤੰਬਰ ਨੂੰ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਮੁੱਖ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿਣ ਕਾਰਨ ਲੱਗਾ ਸ਼ਾਕ ਯਾਨੀ ਹੈਮੋਰੈਜਿਕ ਸ਼ਾਕ ਦੱਸਿਆ ਗਿਆ ਹੈ। ਰਿਪੋਰਟ ਵਿੱਚ ਸਿਰ ’ਤੇ ਗੰਭੀਰ ਸੱਟ ਦਾ ਜ਼ਿਕਰ ਹੈ ਜਿਸ ’ਤੇ 14 ਟਾਂਕੇ ਲਗਾਏ ਗਏ ਸਨ। ਹੇਠਲੇ ਹੋਠ ਅਤੇ ਠੋਡੀ ’ਤੇ ਵੀ ਡੂੰਘੇ ਕੱਟ ਦੇ ਨਿਸ਼ਾਨ ਦੱਸੇ ਗਏ ਹਨ। ਟਖਨੇ ਦੀ ਹੱਡੀ ਟੁੱਟਣ ਅਤੇ ਨਿੱਜੀ ਅੰਗ ਦੇ ਜੜ੍ਹ ਵਾਲੇ ਹਿੱਸੇ ’ਤੇ 5 ਟਾਂਕਿਆਂ ਦੇ ਨਿਸ਼ਾਨ ਹੋਣ ਦੀ ਗੱਲ ਵੀ ਰਿਪੋਰਟ ਵਿੱਚ ਦਰਜ ਹੈ। ਅੰਦਰੂਨੀ ਜਾਂਚ ਵਿੱਚ ਖੋਪੜੀ ਦੇ ਪਿੱਛਲੇ ਹਿੱਸੇ ਵਿੱਚ ਹੇਅਰਲਾਈਨ ਫ੍ਰੈਕਚਰ ਅਤੇ ਖ਼ੂਨ ਦਾ ਥੱਕਾ ਮਿਲਿਆ। ਰਿਪੋਰਟ ਮੁਤਾਬਕ ਛਾਤੀ ਦੇ ਖੱਬੇ ਪਾਸੇ ਪੰਜਵੀਂ ਤੋਂ ਅੱਠਵੀਂ ਪੱਸਲੀਆਂ ਟੁੱਟੀਆਂ ਹੋਈਆਂ ਸਨ ਅਤੇ ਖੱਬਾ ਫੇਫੜਾ ਵੀ ਫਟਿਆ ਹੋਇਆ ਪਾਇਆ ਗਿਆ। ਰਿਪੋਰਟ ਵਿੱਚ ਸਰੀਰ ਦੇ ਨਿੱਜੀ ਅੰਗ ਦੇ ਵੱਖ ਹੋਏ ਹੋਣ ਦੀ ਗੱਲ ਵੀ ਦਰਜ ਹੈ। ਰਸਿਕ ਸ਼ਰਣ ਉਰਫ਼ ਦੀਪਕ ਲੋਧੀ ਦੀ ਪੋਸਟਮਾਰਟਮ ਰਿਪੋਰਟ ਵਿੱਚ ਜਿਹੜੇ ਸੱਟਾਂ ਦੇ ਨਿਸ਼ਾਨ ਹਨ ਉਹ ਆਪਣੇ ਆਪ ਹੀ ਸਵਾਲ ਖੜ੍ਹੇ ਕਰ ਰਹੇ ਹਨ। ਆਖ਼ਰ ਰਸਿਕ ਸ਼ਰਣ ਨੂੰ ਇੰਨੀਆਂ ਸੱਟਾਂ ਕਿਵੇਂ ਲੱਗੀਆਂ। ਉਸ ਦੇ ਪ੍ਰਾਈਵੇਟ ਪਾਰਟ ਦੇ ਅੰਗਾਂ ਨੂੰ ਕਿਸ ਨੇ ਕੱਟਿਆ। ਕੀ ਉਸ ਨੇ ਖ਼ੁਦ ਅਜਿਹਾ ਕੀਤਾ ਸੀ ਜਾਂ ਫਿਰ ਉਸ ਦੀ ਮੌਤ ਪਿੱਛੇ ਕੋਈ ਵੱਡੀ ਸਾਜ਼ਿਸ਼ ਸੀ। ਵੱਡਾ ਸਵਾਲ ਇਹ ਹੈ ਕਿ ਜੇਕਰ ਰਸਿਕ ਸ਼ਰਣ ਉਰਫ਼ ਦੀਪਕ ਲੋਧੀ ਦਾ ਕਤਲ ਹੋਇਆ ਹੈ ਤਾਂ ਉਸ ਨੂੰ ਕਿਸ ਨੇ ਮਾਰਿਆ ਅਤੇ ਕਿਉਂ। ਪੁਲਿਸ ਇਸੇ ਦੀ ਜਾਂਚ ਕਰ ਰਹੀ ਹੈ।

ਪਰਿਵਾਰ ਸੀਬੀਆਈ ਜਾਂ ਫਿਰ ਐਸਆਈਟੀ ਜਾਂ ਉੱਚ ਪੱਧਰੀ ਜਾਂਚ ਦੀ ਮੰਗ

ਮ੍ਰਿਤਕ ਦਾ ਪਰਿਵਾਰ ਸੀਬੀਆਈ ਜਾਂ ਫਿਰ ਐਸਆਈਟੀ ਜਾਂ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਿਹਾ ਹੈ। ਦੀਪਕ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਫੋਨ ਦੇ ਜ਼ਰੀਏ ਦੱਸਿਆ ਗਿਆ ਸੀ ਕਿ ਦੀਪਕ ਡਿੱਗ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਰਾਤ ਕਰੀਬ 3 ਵਜੇ ਆਸ਼ਰਮ ਪਹੁੰਚੇ ਪਰ ਦੀਪਕ ਬਾਰੇ ਸਾਫ਼ ਜਾਣਕਾਰੀ ਨਹੀਂ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੀਪਕ ਸਾਲ 2024 ਤੋਂ ਵ੍ਰਿੰਦਾਵਨ ਵਿੱਚ ਰਹਿ ਰਿਹਾ ਸੀ। ਪਰਿਵਾਰ ਮੁਤਾਬਕ ਸ਼ੁਰੂਆਤੀ ਸਮੇਂ ਵਿੱਚ ਉਹ ਦੀਪਕ ਨਾਲ ਮਿਲ ਸਕਦੇ ਸਨ ਪਰ ਬਾਅਦ ਵਿੱਚ ਉਨ੍ਹਾਂ ਨਾਲ ਮਿਲਣਾ ਮੁਸ਼ਕਲ ਹੋ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਗੁਰੂ ਦੀਖਿਆ ਲੈਣ ਤੋਂ ਬਾਅਦ ਦੀਪਕ ਨਾਲ ਮਿਲਣ ਲਈ ਉਨ੍ਹਾਂ ਨੂੰ ਕਈ ਵਾਰ ਇੰਤਜ਼ਾਰ ਕਰਨਾ ਪੈਂਦਾ ਸੀ। ਕੁਝ ਮੌਕਿਆਂ ’ਤੇ ਪਰਿਵਾਰਕ ਮੈਂਬਰ ਆਸ਼ਰਮ ਵਿੱਚ ਕਈ ਘੰਟਿਆਂ ਤੱਕ ਉਡੀਕ ਕਰਨ ਦੇ ਬਾਵਜੂਦ ਵੀ ਉਨ੍ਹਾਂ ਨਾਲ ਨਹੀਂ ਮਿਲ ਸਕੇ।

ਦੀਪਕ ਦੇ ਜੀਜਾ ਸੋਨੂੰ ਪਟੇਲ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਬਣਾਈ ਰੱਖਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਕਈ ਵਾਰ ਵ੍ਰਿੰਦਾਵਨ ਆਏ ਅਤੇ ਦੀਪਕ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮੁਲਾਕਾਤ ਨਹੀਂ ਹੋ ਸਕੀ। ਪਰਿਵਾਰ ਮੁਤਾਬਕ ਇੱਕ ਸਮੇਂ ਦੀਪਕ ਪਰਿਵਾਰ ਨਾਲ ਆਮ ਤੌਰ ’ਤੇ ਗੱਲਬਾਤ ਕਰਦਾ ਸੀ ਪਰ ਬਾਅਦ ਵਿੱਚ ਸੰਪਰਕ ਕਾਫ਼ੀ ਲਿਮਟਿਡ ਹੋ ਗਿਆ। ਪਰਿਵਾਰ ਨੂੰ ਪੁੱਤਰ ਰਸਿਕ ਸ਼ਰਮ ਉਰਫ਼ ਦੀਪਕ ਲੋਧੀ ਨਾਲ ਮਿਲਣ ਨਾ ਦੇਣਾ ਅਤੇ ਫਿਰ ਅਚਾਨਕ ਇੱਕ ਦਿਨ ਉਸ ਦਾ ਛੱਤ ਤੋਂ ਡਿੱਗ ਜਾਣਾ ਅਤੇ ਪ੍ਰਾਈਵੇਟ ਪਾਰਟ ਦਾ ਕੱਟਿਆ ਹੋਣ ਦੇ ਨਾਲ ਸਰੀਰ ਦੇ ਕਈ ਹਿੱਸਿਆਂ ਵਿੱਚ ਜ਼ਖ਼ਮ ਦੇ ਨਿਸ਼ਾਨ ਮਿਲਣੇ ਆਪਣੇ ਆਪ ਹੀ ਇਸ ਮੌਤ ਨੂੰ ਰਹੱਸ ਦੇ ਰੂਪ ਵਿੱਚ ਬਦਲ ਰਹੇ ਹਨ।

 

Exit mobile version