‘ਦ ਖ਼ਾਲਸ ਬਿਊਰੋ : ਬੇਅਬਦੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਪਰਦੀਪ ਕੁਮਾਰ ਦਾ ਅੱਜ ਕੋਟਕਪੁਰਾ ‘ਚ ਤੜਕਸਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਘਿਰਦੀ ਦਿਖਾਈ ਦੇ ਰਹੀ ਹੈ। ਕਾਂਗਰਸ ਤੋਂ ਬਾਅਦ ਹੁਣ ਬੀਜੇਪੀ ਨੇ ਵੀ ਭਗਵੰਤ ਮਾਨ ਦੀ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬੀਜੀਪੇ ਲੀਡਰ ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਤਾਂ ਸਿਆਸੀ ਦੌਰੇ ‘ਤੇ ਕਦੇ ਹਿਮਾਚਲ ਪ੍ਰਦੇਸ਼ ਤੇ ਕਦੇ ਗੁਜਰਾਤ ਵਿੱਚ ਜਾ ਰਹੇ ਹਨ ਤੇ ਪਿੱਛੇ ਸੂਬੇ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।
ਅੰਸ਼ੁਲ ਛਤਰਪਤੀ ਨੇ ਇਸ ਘਟਨਾ ਬਾਰੇ ਬੋਲਦਿਆਂ ਕਿਹਾ ਕਿ ਰਾਮ ਰਹੀਮ ਨੂੰ ਜਿਵੇਂ ਪੈਰੋਲ ਉੱਤੇ ਛੱਡਿਆ ਗਿਆ ਹੈ, ਕਿਤੇ ਨਾ ਕਿਤੇ ਮਾਹੌਲ ਨੂੰ ਖਰਾਬ ਕਰਨ ਲਈ ਫਿਰ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮਾਹੌਲ ਵਿੱਚ ਦੁਬਾਰਾ ਤੀਲੀ ਸੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸਦੇ ਪਿੱਛੇ ਕੋਈ ਨਾ ਕੋਈ ਡੂੰਘੀ ਸਾਜਿਸ਼ ਹੋ ਰਹੀ ਹੈ। ਅਸੀਂ 17 ਸਾਲ ਲੜਾਈ ਲੜੀ ਸੀ। ਸਿਆਸਤ ਹਮੇਸ਼ਾ ਰਾਮ ਰਹੀਮ ਦੀ ਪਿੱਠ ਉੱਤੇ ਖੜੀ ਰਹੀ ਹੈ। ਇਸੇ ਗੱਲ ਦਾ ਫਾਇਦਾ ਉਸਨੂੰ ਅਦਾਲਤਾਂ, ਜਾਂਚ, ਟਰਾਇਲ ਵਿੱਚ ਮਿਲਦਾ ਰਿਹਾ ਹੈ।
ਡੇਰਾ ਪ੍ਰੇਮੀ ਦੇ ਕਤਲ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਅਣਗਹਿਲੀਆਂ ਕਰਕੇ ਹੋਇਆ – ਹਰਜੀਤ ਗਰੇਵਾਲ
ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਮਾੜੀਆਂ ਨੀਤੀਆਂ ਕਰਕੇ ਹੀ ਪੰਜਾਬ ‘ਚ ਹਾਲਾਤ ਬੇਕਾਬੂ ਹੋ ਗਏ ਹਨ। ਉਹਨਾਂ ਨੇ ਡੇਰਾ ਪ੍ਰੇਮੀ ਪਰਦੀਪ ਸਿੰਘ ਦੇ ਕਤਲ ਲਈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਰੇਵਾਲ ਨੇ ਕਿਹਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਅਣਗਹਿਲੀਆਂ ਕਰਕੇ ਹੀ ਇਹ ਕਤਲ ਹੋਇਆ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਦੌਰੇ ਛੱਡ ਕੇ ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਸੁਧਾਰਣ ‘ਚ ਧਿਆਨ ਦੇਣ।
ਆਪ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਸਰਕਾਰ ਪ੍ਰਤੀ ਸਾਜਿਸ਼ਾਂ ਚੱਲ ਰਹੀਆਂ ਹਨ। ਤਾਜ਼ਾ ਵਾਪਰੀ ਘਟਨਾ ਬਾਰੇ ਬਿਆਨ ਦੇਣ ਤੋਂ ਪਹਿਲਾਂ ਥੋੜਾ ਹੋਰ ਸੋਚਣਾ ਚਾਹੀਦਾ ਹੈ, ਇੰਤਜ਼ਾਰ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਮਾਨ ਨੇ ਤਾਂ ਸਾਰੇ ਕੰਮ ਛੱਡ ਕੇ ਹੰਗਾਮੀ ਮੀਟਿੰਗ ਸੱਦ ਲਈ ਹੈ। ਵਿਰੋਧੀਆਂ ਦੀ ਤਾਕਤ ਲੱਗੀ ਹੋਈ ਹੈ ਕਿ ਨਵੀਂ ਸਰਕਾਰ ਨੂੰ ਟਿਕਣ ਨਾ ਦਿੱਤਾ ਜਾਵੇ। ਪਿਛਲੇ ਦਿਨਾਂ ਵਿੱਚ ਮਾਹੌਲ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਹੈ। ਗੁਰੂ ਸਾਹਿਬ ਜੀ ਦੀ ਬੇਅਦਬੀ ਬਹੁਤ ਵੱਡਾ ਅਤੇ ਘਿਨੌਣਾ ਪਾਪ ਸੀ। ਸੰਗਤ ਦੇ ਮਨ ਵਿੱਚ ਵੀ ਰੋਸ ਸੀ ਕਿ ਇਸਦਾ ਇਨਸਾਫ਼ ਮਿਲੇ। ਕਾਂਗਰਸ ਨੇ ਪੰਜ ਸਾਲ ਇਸ ਉੱਤੇ ਰਾਜਨੀਤੀ ਕੀਤੀ ਪਰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਰਾਜ ਕੁਮਾਰ ਵੇਰਕਾ ਨੇ ਇਸ ਕਤਲ ਲਈ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹਨਾਂ ਨੇ 24 ਘੰਟਿਆਂ ਵਿੱਚ ਬੇਅਦਬੀ ਦਾ ਇਨਸਾਫ਼ ਦਿਵਾਉਣ ਦਾ ਦਾਅਵਾ ਕੀਤਾ ਸੀ ਪਰ ਅੱਜ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੌਂਕ ਦਿੱਤਾ ਹੈ। ਭਗਵੰਤ ਮਾਨ ਅਤੇ ਕੇਜਰੀਵਾਲ ਦਾ ਗੁੰਡਿਆਂ ਨੂੰ ਪੂਰਾ ਸਮਰਥਨ ਹੈ।
ਬੀਜੇਪੀ ਆਗੂ ਸੁਰਜੀਤ ਜਿਆਣੀ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਹੈ ਹੀ ਨਹੀਂ। ਕਿਸੇ ਦੀ ਜ਼ੁਬਾਨ ਉੱਤੇ ਵੀ ਕੋਈ ਕੰਟਰੋਲ ਨਹੀਂ ਹੈ। ਪੰਜਾਬ ਵਿੱਚ ਬਹੁਤ ਕੁਝ ਮਾੜਾ ਹੋ ਰਿਹਾ ਹੈ। ਕਿਸੇ ਦਾ ਵੀ ਕਤਲ ਹੋਣਾ ਬਹੁਤ ਮਾੜੀ ਗੱਲ ਹੈ। ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਨ੍ਹਾਂ ਨੂੰ ਸਿਰਫ਼ ਸਟੇਜ ਉੱਤੇ ਗੱਲਾਂ ਕਰਨੀਆਂ ਹੀ ਆਉਂਦੀਆਂ ਹਨ।
ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਇਸ ਘਟਨਾ ਬਾਰੇ ਬੋਲਦਿਆਂ ਕਿਹਾ ਕਿ ਕਿਸੇ ਦਾ ਕਤਲ ਕਰਨਾ ਚੰਗਾ ਨਹੀਂ ਹੈ ਪਰ ਬੇਅਦਬੀ ਨੂੰ ਵੀ ਕਿੰਨਾ ਸਮਾਂ ਹੋ ਗਿਆ ਹੈ। ਆਖਿਰ ਲੋਕ ਕਿੰਨਾ ਕੁ ਚਿਰ ਇਸਨੂੰ ਬਰਦਾਸ਼ਤ ਕਰਨ। ਇਨਸਾਫ਼ ਜਦੋਂ ਨਹੀਂ ਮਿਲਦਾ ਤਾਂ ਇਹ ਕੁਝ ਹੁੰਦਾ ਹੈ। ਬੰਦਾ ਕਾਨੂੰਨ ਤੋਂ ਇਨਸਾਫ਼ ਦੀ ਆਸ ਕਰਦਾ ਹੈ ਪਰ ਕਾਨੂੰਨ ਤੋਂ ਵੀ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਇੱਦਾਂ ਦੀਆਂ ਸਾਰੀਆਂ ਘਟਨਾਵਾਂ ਵੀ ਖ਼ਤਮ ਹੋ ਜਾਣ।
ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਬਹੁਤ ਵੱਡੀ ਡੂੰਘੀ ਸਾਜਿਸ਼ ਹੈ। ਜੇ ਕੋਈ ਕਹਿੰਦਾ ਹੈ ਕਿ ਸਾਨੂੰ ਇਨਸਾਫ਼ ਨਹੀਂ ਮਿਲਿਆ, ਇਨਸਾਫ਼ ਕੋਰਟਾਂ ਨੇ ਦੇਣਾ ਹੈ ਨਾ ਕਿ ਗੈਂਗਸਟਰਾਂ ਨੇ। ਜੇ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਤਾਂ ਕੀ ਉਸ ਤੋਂ ਵੀ ਕਿਸੇ ਨੇ ਇਨਸਾਫ਼ ਲੈਣਾ ਸੀ, ਉਸਨੇ ਕਿਹੜਾ ਕਿਸੇ ਨਾਲ ਧੋਖਾ ਕੀਤਾ ਸੀ। ਬਾਦਲਾਂ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਪਹਿਲਾਂ ਸੂਰੀ ਦਾ ਕਤਲ ਹੋਇਆ ਅਤੇ ਅੱਜ ਇਹ ਕਤਲ ਹੋਇਆ, ਇਹ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਹੈ।
ਜੇ ਗੁੰਡਿਆਂ ਦਾ ਹੀ ਰਾਜ ਚੱਲਣਾ ਤਾਂ ਫਿਰ ਪੰਜਾਬ ਪੁਲਿਸ ਦੀ ਕੀ ਲੋੜ ਹੈ। ਪੰਜਾਬ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਗੰਭੀਰ ਹੋਣਾ ਪਵੇਗਾ। ਗੁਜਰਾਤ, ਹਿਮਾਚਲ ਦੀਆਂ ਚੋਣਾਂ ਵਿੱਚ ਮਸ਼ਰੂਫ਼ ਰਹਿ ਕੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਖਰਾਬ ਨਹੀਂ ਕਰਨੀ ਚਾਹੀਦੀ ਹੈ। ਪੰਜਾਬ ਪੁਲਿਸ ਬੇਸ਼ਰਮਾਂ ਵਾਂਗ ਗੈਂਗਸਟਰਾਂ ਦਾ ਰਿਮਾਂਡ ਲੈ ਰਹੀ ਹੈ, ਇਨ੍ਹਾਂ ਨੂੰ ਤਾਂ ਤਿਹਾੜ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ।
ਸਿਕਿਓਰਿਟੀ ਸਿਸਟਮ ਬਦਲਣਾ ਚਾਹੀਦਾ ਹੈ। ਜਿਨ੍ਹਾਂ ਨੂੰ ਬੁਲਟ ਪਰੂਫ਼ ਜੈਕਟਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਵੀ ਆਪਣੀ ਜ਼ੁਬਾਨ ਬੰਦ ਰੱਖਣੀ ਚਾਹੀਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 12:30 ਵਜੇ ਪੰਜਾਬ ਦੇ ਡੀਜੀਪੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਇਹ ਮੀਟਿੰਗ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿੱਚ ਹੋਈ। ਸਪੈਸ਼ਲ ਡੀਜੀਪੀ ਹੋਮਗਾਰਡ ਸੰਜੀਵ ਕਾਲੜਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਹਰ ਹਾਲ ਕਾਇਮ ਰੱਖੀ ਜਾਵੇ। ਕ੍ਰਾਈਮ ਨੂੰ ਕ੍ਰਾਈਮ ਦੀ ਤਰ੍ਹਾਂ ਲਿਆ ਜਾਵੇ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ। ਅਗਲੇ ਹਫ਼ਤੇ ਇਸ ਮਸਲੇ ਸਬੰਧੀ ਹੋਰ ਚਰਚਾ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਪੁਲਿਸ ਨੂੰ ਚਾਰ ਹਦਾਇਤਾਂ ਦਿੱਤੀਆਂ ਹਨ :
• ਕ੍ਰਾਈਮ ਨੂੰ ਜਲਦ ਟਰੇਸ ਕੀਤਾ ਜਾਵੇ।
• ਸੂਬੇ ਵਿੱਚ ਵੱਖ ਵੱਖ ਧਰਮਾਂ ਵਿੱਚ ਸ਼ਾਂਤੀ ਬਰਕਰਾਰ ਰੱਖੀ ਜਾਵੇ।
• ਪੁਲਿਸ ਹੋਰ ਅਲਰਟ ਹੋਵੇ। ਪੁਲਿਸ ਟ੍ਰੇਨਿੰਗ ਨੂੰ ਵਧੀਆ ਕੀਤਾ ਜਾਵੇ।
• ਕ੍ਰਿਮੀਨਲ ਭਾਵੇਂ ਕਿਸੇ ਵੀ ਜਾਤ ਜਾਂ ਧਰਮ ਦਾ ਹੋਵੇ, ਕੋਈ ਪੱਖਪਾਤ ਨਾ ਕੀਤਾ ਜਾਵੇ।