ਅੰਮ੍ਰਿਤਸਰ : ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਵੱਡੀ ਗਿਣਤੀ ਅਕਾਲੀ ਲੀਡਰ ਤੇ ਵਰਕਰ ਇਕੱਠੇ ਹੋ ਰਹੇ ਹਨ। ਇਹ ਅਕਾਲੀ ਲੀਡਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਲਈ ਇੱਕਜੁੱਟ ਹੋਏ ਹਨ। ਇੱਥੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਹਨ। ਉਨ੍ਹਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਬਾਰੇ ਵੀ ਚਰਚਾ ਚੱਲ ਰਹੀ ਹੈ। ਉਨ੍ਹਾਂ ਨੇ ਕਿ ਅਕਾਲੀ ਦਲ ਸਿੱਖਾਂ ਦੀ ਰਾਜਸੀ ਜਮਾਤ ਹੈ। ਇਸ ਲਈ ਆਪਸ ਵਿਚ ਬੈਠ ਕੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਅਕਾਲੀ ਦਲ ਦਾ ਦੋਫਾੜ ਹੋਣਾ ਮੰਦਭਾਗਾ ਹੈ ਤੇ ਇਸ ਦਾ ਮਿਲ ਕੇ ਹੱਲ ਕਰਨਾ ਚਾਹੀਦਾ ਹੈ।
ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਵਿਚ ਬਗਾਵਤ ਮੰਦਭਾਗੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੋਫਾੜ ਨਹੀਂ ਹੋਣਾ ਚਾਹੀਦਾ ਤੇ ਦੋਵੇਂ ਧਿਰਾਂ ਨੂੰ ਬੰਦ ਕਮਰਾ ਮੀਟਿੰਗ ਕਰ ਕੇ ਵਿਵਾਦ ਸੁਲਝਾਉਣਾ ਚਾਹੀਦਾ ਹੈ।
ਜਥੇਦਾਰ ਨੇ ਕਿਹਾ ਕਿ ਹਾਲੇ ਤੱਕ ਉਹਨਾਂ ਕੋਲ ਕਿਸੇ ਨੇ ਪਹੁੰਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚੀ ਪਾਰਟੀ ਜੇਕਰ ਪਹੁੰਚ ਕਰਦੀ ਹੈ ਤਾਂ ਵਿਚਾਰ ਕੀਤੀ ਜਾ ਸਕਦੀ ਹੈ ਪਰ ਧੜਿਆਂ ਦੀ ਰਾਜਨੀਤੀ ਨਹੀਂ ਚੰਗੀ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਚ ਯੋਗਾ ਕਰਨ ਦੇ ਮਾਮਲੇ ’ਤੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਪਿਕਨਿਕ ਸਪੋਟ ਨਹੀਂ ਹੈ।
ਉਨ੍ਹਾਂ ਨੇ ਕਿ ਪਾਰਟੀ ਪ੍ਰਧਾਨ ਬਣਨ ਬਾਰੇ ਉਨ੍ਹਾਂ ਕੋਲ ਕੋਈ ਪਹੁੰਚ ਨਹੀਂ ਕੀਤੀ ਗਈ ਹੈ। ਜੇਕਰ ਪਹੁੰਚ ਕੀਤੀ ਗਈ ਤਾਂ ਵਿਚਾਰ ਕੀਤਾ ਜਾਵੇਗਾ। ਦੱਸ ਦਈਏ ਕਿ ਪਿਛਲੇ ਦਿਨੀਂ ਬਾਗੀ ਧੜੇ ਨੇ ਆਖਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ ਹੈ।