‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਕਰਨ ਦੀ ਆਗਿਆ ਨਾ ਦੇਣ ਦੇ ਸਵਾਲ ਦਾ ਜਵਾਬ ਲੈਣ ਲਈ ਇੱਕ ਚਿੱਠੀ ਲਿਖੀ ਗਈ ਹੈ। ਕਿਰਨਜੋਤ ਕੌਰ ਨੇ ਆਪਣੇ ਇਸ ਸਵਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਵਾਲ ਹਰ ਗੁਰਮਤਿ ਕੈਂਪ ਵਿੱਚ ਬੱਚੀਆਂ ਵਿਸ਼ੇਸ਼ ਤੌਰ ‘ਤੇ ਸਵਾਲ ਕਰਦੀਆਂ ਹਨ। ਜਾਗਰੂਕ ਸਿੱਖ ਬੀਬੀਆਂ ਵੀ ਅਕਸਰ ਇਹੀ ਸੁਆਲ ਕਰਦੀਆਂ ਹਨ। ਸਵਾਲ ਦੇ ਨਾਲ ਕਿਰਨਜੋਤ ਕੌਰ ਨੇ ਬੀਬੀ ਜਗੀਰ ਕੌਰ ਨੂੰ ਇੱਕ ਸੁਝਾਅ ਵੀ ਦਿੱਤਾ ਹੈ ਕਿ ਉਹ ਇਸਦੇ ਜਵਾਬ ਲਈ ਇਤਿਹਾਸਕ ਪਹਿਲਕਦਮੀ ਕਰ ਸਕਦੇ ਹਨ।
ਕਿਰਨਜੋਤ ਕੌਰ ਨੇ ਬੀਬੀ ਜਗੀਰ ਕੌਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਉਹ ਇਹ ਇਤਿਹਾਸਕ ਕਾਰਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਗੁਰਪੁਰਬ ‘ਤੇ ਬਾਹਰੋਂ ਰਾਗੀ ਜਥੇ ਵਿਸ਼ੇਸ਼ ਤੌਰ ‘ਤੇ ਬੁਲਾਏ ਜਾਂਦੇ ਹਨ, ਉਸੇ ਤਰ੍ਹਾਂ ਇੱਕ ਬੀਬੀਆਂ ਦੇ ਰਾਗੀ ਜਥੇ ਨੂੰ ਵੀ ਸੱਦਾ ਦਿੱਤਾ ਜਾਵੇ ਕਿ ਉਸ ਦਿਨ ਉਹ ਇੱਕ ਸ਼ਬਦ ਚੌਂਕੀ ਦੀ ਹਾਜ਼ਰੀ ਭਰਨ।
ਕਿਰਨਜੋਤ ਕੌਰ ਨੇ ਬੀਬੀ ਜਗੀਰ ਕੌਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮਰਿਆਦਾ ਅਤੇ ਸਿਧਾਂਤਕ ਪੱਖੋਂ ਅਜਿਹੀ ਕੋਈ ਮਨਾਹੀ ਹੈ। ਅਮਰੀਕਨ ਸਿੰਘ ਸਿੰਘਣੀਆਂ ਇੱਥੇ ਹਾਜ਼ਰੀ ਭਰ ਚੁੱਕੇ ਹਨ। ਇਸ ਵਕਤ ਗੁਰਮਤਿ ਸੰਗੀਤ ਵਿੱਚ ਮਾਹਿਰ ਸਿੱਖ ਬੀਬੀਆਂ ਹਨ, ਜੋ ਕਿ ਮਰਿਆਦਾ ਅਨੁਸਾਰ ਕੀਰਤਨ ਕਰ ਸਕਦੀਆਂ ਹਨ।
ਉਨ੍ਹਾਂ ਨੇ ਬੀਬੀ ਜਗੀਰ ਕੌਰ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਬੀਬੀਆਂ ਦੇ ਜਥੇ ਨੂੰ ਹਰਿਮੰਦਰ ਸਾਹਿਬ ਅੰਦਰ ਕੀਰਤਨ ਕਰਨ ਦੀ ਆਗਿਆ ਦੇ ਕੇ ਸਿੱਖ ਬੀਬੀਆਂ ਨੂੰ ਧਾਰਮਿਕ ਖੇਤਰ ਵਿੱਚ ਉਤਸ਼ਾਹਿਤ ਕੀਤਾ ਜਾਵੇ।
ਕਿਰਨਜੋਤ ਕੌਰ ਨੇ ਪ੍ਰਸਤਾਵ ਦਿੰਦਿਆਂ ਕਿਹਾ ਕਿ ਜੇ ਲੋੜ ਸਮਝੋ ਤਾਂ ਬੀਬੀਆਂ ਦੇ ਜਥੇ ਦਾ ਨਾਂਅ ਵੀ ਉਹ ਤਜਵੀਜ਼ ਕਰ ਸਕਦੇ ਹਨ। ਉਨ੍ਹਾਂ ਨੇ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਮਨਾਏ ਗਏ ਵਿਸ਼ੇਸ਼ ਸਮਾਗਮ ਨਨਕਾਣਾ ਸਾਹਿਬ ਸਾਕਾ ਦੀ 100ਵੀਂ ਵਰ੍ਹੇਗੰਢ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਸਾਲਾ ਪ੍ਰਕਾਸ਼ ਦਿਹਾੜੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਉਨ੍ਹਾਂ ਵੱਲੋਂ ਇਸਤਰੀ ਸਮਾਗਮ ਵਿਸ਼ੇਸ਼ ਤੌਰ ‘ਤੇ ਰੱਖੇ ਗਏ ਸਨ। ਉਨ੍ਹਾਂ ਨੇ ਆਧੁਨਿਕ ਸਮੇਂ ਇਸਤਰੀ ਪ੍ਰਚਾਰਕਾਂ ਦੀ ਲੋੜ ਨੂੰ ਸਮਝਦਿਆਂ ਬੀਬੀਆਂ ਲਈ ਇੱਕ ਮਿਸ਼ਨਰੀ ਕਾਲਜ ਤਰਨ ਤਾਰਨ ਖੋਲ੍ਹਣ ਲਈ ਵੀ ਬੀਬੀ ਜਗੀਰ ਕੌਰ ਦੀ ਸ਼ਲਾਘਾ ਕੀਤੀ।