ਬਿਉਰੋ ਰਿਪੋਰਟ: ਹਰਿਆਣਾ ਦੀ ਵਿਧਾਨ ਸਭਾ ਸੀਟ ਸਿਰਸਾ ਪੂਰੇ ਸੂਬੇ ਵਿੱਚ ਹੌਟ ਸੀਟ ਬਣੀ ਹੋਈ ਹੈ। ਇੱਥੇ ਕਾਂਗਰਸ ਦੇ ਗੋਕੁਲ ਸੇਤੀਆ ਦਾ ਹਲਕਾ ਉਮੀਦਵਾਰ ਗੋਪਾਲ ਕਾਂਡਾ ਨਾਲ ਸਿੱਧਾ ਮੁਕਾਬਲਾ ਹੋਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਗੋਕੁਲ ਸੇਤੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਹਰਿਆਣਾ ਪਹੁੰਚੇ ਹੋਏ ਸਨ। ਰਾਜਾ ਵੜਿੰਗ ਸਿਰਸਾ ਦੇ ਬਰਨਾਲਾ ਰੋਡ ’ਤੇ ਗੋਕੁਲ ਸੇਤੀਆ ਦੇ ਸਮਰਥਨ ’ਚ ਰੱਖੀ ਮੀਟਿੰਗ ’ਚ ਵੀ ਪਹੁੰਚੇ। ਇੱਥੇ ਉਨ੍ਹਾਂ ਨੇ ਗੋਪਾਲ ਕਾਂਡਾ ’ਤੇ ਵੀ ਸਿੱਧਾ ਨਿੱਜੀ ਹਮਲਾ ਵੀ ਕੀਤਾ ਅਤੇ ਉਨ੍ਹਾਂ ਨੂੰ ‘ਸ਼ਕਲ ਸੇ ਚਾਲੂ’ ਕਿਹਾ।
ਆਪਣੇ ਭਾਸ਼ਣ ਦੇ ਸ਼ੁਰੂ ਵਿੱਚ ਉਨ੍ਹਾਂ ਕਿਹਾ ਕਿ ਹੁਣ ਸਵਾ ਅੱਠ ਵੱਜ ਚੁੱਕੇ ਹਨ ਅਤੇ ਅਜੇ ਰਾਤ 10 ਵਜੇ ਤੱਕ 3 ਹੋਰ ਪ੍ਰੋਗਰਾਮ ਹੋਣੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਸ਼ਾਮਲ ਹੋਣਾ ਹੈ ਪਰ 10 ਵਜੇ ਤੋਂ ਬਾਅਦ ਗੋਪਾਲ ਕਾਂਡਾ ਦੀ ਪੁਲਿਸ ਆ ਜਾਵੇਗੀ ਕਿਉਂਕਿ ਪ੍ਰਚਾਰ ਦਾ ਸਮਾਂ 10 ਵਜੇ ਬੰਦ ਹੋ ਜਾਵੇਗਾ। ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੀ ਅਤੇ ਭਾਜਪਾ ਦੀ ਪੁਲਿਸ 5 ਤਰੀਕ ਤੱਕ ਹੀ ਹੈ, ਉਸ ਤੋਂ ਬਾਅਦ ਪੁਲਿਸ ਸਾਡੀ ਹੋਵੇਗੀ ਅਤੇ ਫਿਰ ਅਸੀਂ ਜਿੱਥੇ ਚਾਹਾਂਗੇ ਗੜਬੜ ਕਰਾਂਗੇ।
ਰਾਜਾ ਵੜਿੰਗ ਨੇ ਮੀਟਿੰਗ ਵਿੱਚ ਕਿਹਾ ਕਿ ਮੇਰੀ ਉਮਰ 46 ਸਾਲ ਹੈ। ਮੈਂ 4 ਚੋਣਾਂ ਜਿੱਤੀਆਂ ਹਨ ਅਤੇ ਮੇਰੇ ਕੋਲ 3 ਵਾਰ ਵਿਧਾਇਕ ਅਤੇ ਇੱਕ ਵਾਰ ਸੰਸਦ ਮੈਂਬਰ ਹੋਣ ਦਾ ਤਜਰਬਾ ਹੈ। ਮੈਂ ਆਪਣੇ ਤਜ਼ਰਬੇ ਦੇ ਆਧਾਰ ’ਤੇ ਕਹਿ ਸਕਦਾ ਹਾਂ ਕਿ ਗੋਕੁਲ ਸੇਤੀਆ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਜ਼ੁਰਗ ਹਵਾ ਨੂੰ ਮਹਿਸੂਸ ਕਰਕੇ ਦੱਸ ਦਿੰਦੇ ਸਨ ਕਿ ਕਦੋਂ ਮੀਂਹ ਪਵੇਗਾ, ਹੁਣ ਮੈਂ ਵੀ ਉਸੇ ਤਰ੍ਹਾਂ ਦੀ ਹਵਾ ਦਾ ਅਨੁਭਵ ਕਰ ਰਿਹਾ ਹਾਂ।
ਇਸੇ ਦੌਰਾਨ ਨੇੜੇ ਹੀ ਗੋਪਾਲ ਕਾਂਡਾ ਅਤੇ ਗੋਕੁਲ ਸੇਤੀਆ ਦੇ ਹੋਰਡਿੰਗ ਦੇਖ ਰਹੇ ਰਾਜਾ ਵੜਿੰਗ ਨੇ ਕਿਹਾ ਕਿ ਮੇਰਾ ਭਰਾ ਗੋਕੁਲ ਸੇਤੀਆ ਸਕਲ ਤੋਂ ਕਿੰਨਾ ਭੋਲਾ ਹੈ ਤੇ ਦੂਜਾ ਗੋਪਾਲ ਕਾਂਡਾ ਸ਼ਕਲ ਤੋਂ ਕਿੰਨਾ ਚਾਲੂ ਇਨਸਾਨ ਲੱਗਦਾ ਹੈ। ਉਹ ਇਸ ਤਰ੍ਹਾਂ ਕਿ ਉਨ੍ਹਾਂ ਨੇ ਅਭੈ ਸਿੰਘ ਚੌਟਾਲਾ ਦੀ ਫੋਟੋ ਲਾ ਲਈ, ਭੈਣ ਮਾਇਆਵਤੀ ਦੀ ਫੋਟੋ ਵੀ ਲਾ ਲਈ, ਪਰ ਖੱਟਰ ਸਾਹਿਬ ਅਤੇ ਮੋਦੀ ਦੀ ਫੋਟੋ ਨਹੀਂ ਲਾਈ। ਪਰ ਘਰ ’ਤੇ ਝੰਡਾ ਭਾਜਪਾ ਦਾ ਅਤੇ ਡੰਡਾ ਐਨਕਾਂ ਵਾਲੇ ਦਾ ਲਾਇਆ ਹੈ।