‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਚੋਣ ਕਮਿਸ਼ਨ ਨੇ ਕਾਹਲ ਕਰਦਿਆਂ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਗੋਆ ਵਿੱਚ ਵੋਟਾਂ 15 ਮਾਰਚ ਨੂੰ ਪੈਣਗੀਆਂ ਜਦਕਿ ਮਣੀਪੁਰ ਲਈ 19 ਮਾਰਚ ਤਰੀਕ ਦੱਸੀ ਗਈ ਹੈ। ਪੰਜਾਬ ਵਿਧਾਨ ਸਭਾ ਲਈ ਵੋਟਾਂ 27 ਮਾਰਚ ਨੂੰ ਪੈਣਗੀਆਂ। ਉੱਤਰਾਖੰਡ ਵਿੱਚ ਚੋਣ 23 ਮਾਰਚ ਨੂ ਹੋਵੇਗੀ। ਉੱਤਰ ਪ੍ਰਦੇਸ਼ ਲਈ ਵੋਟਾਂ ਦੋ ਮਹੀਨਿਆਂ ਬਾਅਦ ਭਾਵ 14 ਮਈ ਨੂੰ ਪੈਣਗੀਆਂ। ਚੋਣ ਕਮਿਸ਼ਨ ਵੱਲੋਂ ਆਪਣੇ ਫੈਸਲੇ ਦੀ ਜਾਣਕਾਰੀ ਪੰਜ ਸੂਬਿਆਂ ਦੇ ਮੁੱਖ ਚੋਣ ਅਫਸਰਾਂ ਨੂੰ ਦੇ ਦਿੱਤੀ ਗਈ ਹੈ। ਇਨ੍ਹਾਂ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਵੀ ਲਿਖਤੀ ਜਾਣਕਾਰੀ ਭੇਜੀ ਗਈ ਹੈ।
ਪੰਜਾਬ ਵਿੱਚ ਵਿਧਾਨ ਸਭਾ ਦੇ 117 ਹਲਕੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪਹਿਲਾਂ ਹੀ ਚੋਣ ਮੁਹਿੰਮ ਛੇੜ ਦਿੱਤੀ ਗਈ ਹੈ ਪਰ ਕਿਸਾਨੀ ਅੰਦੋਲਨ ਦੇ ਚੱਲਦਿਆਂ ਖੁੱਲ੍ਹ ਕੇ ਮੈਦਾਨ ਵਿੱਚ ਨਹੀਂ ਨਿੱਤਰੀਆਂ ਹਨ। ਚੇਤੇ ਕਰਾ ਦਈਏ ਕਿ ਇਸ ਤੋਂ ਪਹਿਲਾਂ ਕਮਿਸ਼ਨ ਨੇ ਇੱਕ ਵੱਖਰੀ ਜਾਣਕਾਰੀ ਦੇ ਰਾਹੀਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ‘ਤੇ 31 ਦਿਸੰਬਰ ਤੱਕ ਰੋਕ ਲਾ ਦਿੱਤੀ ਸੀ। ਇਨ੍ਹਾਂ ਹੁਕਮਾਂ ਵਿੱਚ ਕਮਿਸ਼ਨ ਨੇ ਕਿਹਾ ਸੀ ਕਿ ਅਜਿਹੇ ਅਫਸਰ ਜਿਹੜੇ ਤਿੰਨ ਸਾਲ ਇੱਕੋ ਕੁਰਸੀ ‘ਤੇ ਬੈਠੇ ਹਨ, ਨੂੰ ਬਦਲ ਦਿੱਤਾ ਜਾਵੇ। ਗੋਆ, ਮਣੀਪੁਰ, ਪੰਜਾਬ ਅਤੇ ਉੱਤਰਾਖੰਡ ਲਈ ਤਿੰਨ ਸਾਲ ਦੀ ਤਰੀਕ 31 ਮਾਰਚ ਅਤੇ ਯੂਪੀ ਲਈ 31 ਮਈ ਮਿੱਥੀ ਗਈ ਹੈ।